ਪੰਨਾ:ਰੂਪ ਲੇਖਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਨੀ ਸੌ ਸੰਤਾਲੀ

ਚੜ੍ਹਿਆ ਮਾਂਹ ਅਗਸਤ ਦਾ,ਫੁੱਟ ਵਜਾਇਆ ਢੋਲ,
ਹਿੰਦੂ ਮੁਸਲਿਮ ਰਾਜ ਦਾ, ਜਾਤਾ ਹੋਣਾ ਘੋਲ।
ਪਿੜ ਬੱਧਾ ਸੀ ਕੂੜ ਨੇ, ਫਰਜ਼ ਨ ਢੁੱਕਾ ਕੋਲ,
ਖਾਰਾਂ ਛਿੰਝਾਂ ਪਾਈਆਂ, ਦਰਦ ਨ ਸਕਿਆ ਬੋਲ।
ਡੰਡ ਪੇਲੇ ਸ਼ੈਤਾਨ ਨੇ,ਸਾਰੇ ਕਪੜੇ ਖੋਲ੍ਹ,
ਹਠ ਨੇ ਕੱਢੀਆਂ ਬੈਠਕਾਂ ਸਬਰ ਗਿਆ ਸੀ ਡੋਲ।
ਗਰਜ਼ਾਂ ਪਗੜਾਂ ਕੀਤੀਆਂ,ਪ੍ਰੀਤ ਰਹੀ ਅਨਭੋਲ,
ਕਢਿਆ ਪੈਰੋਂ ਅਮਨ ਨੂੰ ਸਿਰ ਫੜ ਸੁੱਟਿਆ ਰੋਲ।
ਖੁੱਲ੍ਹ ਗਿਆ ਮੈਦਾਨ ਵਿਚ ਦੀਨ ਧਰਮ ਦਾ ਪੋਲ।

ਲੀਕਾਂ ਪਾ ਪਾ ਤਾਣਿਆ,ਬਦਲਿਆਂ ਨੇ ਜਾਲ,
ਪੰਜੇ ਪਾਣੀ ਰੋ ਪਏ,ਜਾਲ ਖਿਚੀਵਣ ਨਾਲ।
ਡੌਲੇ ਸਹਿਕਣ ਜਿਸ ਤਰ੍ਹਾਂ ਤੜਫ ਤੜਫ ਗਏ ਬਾਲ,
ਮੱਛੀਆਂ ਵਾਂਙ ਤਰੀਮਤਾਂ ਹੋਈਆਂ ਬਹੁਤ ਬੇਹਾਲ।
ਚਾਨਿਆਂ ਵਾਂਙੂ ਰੁਲ ਗਏ ਪੋਟੇ ਡੇਲੇ ਵਾਲ,
ਲੋਥਾਂ ਦੇ ਇਉਂ ਢੇਰ ਸਨ ਜਿਉਂ ਲਕੜਾਂ ਦੇ ਟਾਲ।
ਗੋਰਾ ਲਾਂਭੇ ਹੋ ਗਿਆ ਸਿਰ ਸਿਰ ਭਾਂਬੜ ਬਾਲ,

੫੫.