ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਸਕਦੈ, ਮੁਆਵਜ਼ੇ ਵਜੋਂ ਮਿਲਣ ਵਾਲੀ ਰਕਮ ਬਾਰੇ ਘਰ ’ਚ ਗੱਲਬਾਤ ਹੋਈ ਹੋਵੇ ਤੇ ਰੌਲਾ ਪਿਆ ਹੋਵੇ। ਹੋ ਸਕਦੈ ਭਰਾ-ਭਰਜਾਈ ’ਚ ਕੁਲਜੀਤ ਬਾਰੇ ਕੋਈ ਗੱਲ ਹੋਈ ਹੋਵੇ। ਹੋਰ ਵੀ ਕੋਈ ਗੱਲ ਹੋ ਸਕਦੀ ਹੈ, ਜਿਸ ਕਰਕੇ ਕੋਈ ਕਲੇਸ਼ ਹੋਇਆ ਹੋਵੇ। ਇਸੇ ਲਈ ਇਕੱਲੀ ਆ ਗਈ, ਨਹੀਂ ਤਾਂ ਜ਼ਰੂਰ ਕੋਈ ਨਾਲ ਆਉਂਦਾ।’

“ਇੰਦਰ ਤੈਨੂੰ ਪਤੈ ਪੰਜਾਬ 'ਚ ਅਜਿਹੇ ਕਲੇਸ਼ ਆਮ ਨੇ। ਫੌਜ ਜਾਂ ਹੋਰ ਕਿਧਰੇ ਵੀ ਮੌਤ ਹੋ ਜਾਵੇ, ਵਿਧਵਾ ਔਰਤ ਦੇ ਤਾਂ ਉਸ ਟਾਇਮ ਹੋਸ਼ ਉੱਡੇ ਪਏ ਹੁੰਦੇ ਨੇ। ਸਹੁਰਾ ਤੇ ਪੇਕਾ ਪਰਿਵਾਰਾਂ ਨੂੰ ਵੱਧ ਫ਼ਿਕਰ ਮੁਆਵਜ਼ੇ ਦੇ ਪੈਸੇ ਵੰਡਣ ਦਾ ਹੋ ਜਾਂਦੈ। ਇਹ ਤਾਂ ਸਾਡੀ ਮਾਨਸਿਕਤਾ ਬਣ ਚੁੱਕੀ ਹੈ। ਅੱਜ ਪੈਸਾ ਵੱਡੀ ਚੀਜ਼ ਬਣ ਗਈ ਹੈ, ਬਾਕੀ ਸਭ ਰਿਸ਼ਤੇ ਬਾਅਦ ’ਚ। ਕੀ ਅਮੀਰ, ਕੀ ਗਰੀਬ, ਪੈਸਾ ਹਰ ਮਨ ’ਤੇ ਭਾਰੂ ਹੈ। ਦੁਖੀ ਔਰਤ ਦੇ ਮਨ ਦੀ ਪੀੜ ਨੂੰ ਕੌਣ ਸਮਝੇ। ਕਿਸ ਨੂੰ ਪ੍ਰਵਾਹ। ਮੁਆਵਜ਼ੇ ’ਚ ਮਿਲਣ ਵਾਲੇ ਲੱਖਾਂ ਦੇ ਨੋਟਾਂ ਦੀਆਂ ਗੁੱਟੀਆਂ, ਦਿਮਾਗ ਚੱਕ ਦਿੰਦੀਆਂ ਨੇ। ਮਾਂ-ਬਾਪ ਦਾ ਦਿਲ ਧੀ ਲਈ ਜ਼ਰੂਰ ਕਲਪਦੈ।

ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਕੁਲਜੀਤ ਨੇ ਮੇਰੀ ਗੱਲ ਦਾ ਜਵਾਬ ਦਿੱਤਾ, “ਹਾਂ, ਸਭ ਠੀਕ ਨੇ ਵੀਰ ਜੀ। ਹੁਣ ਤਾਂ ਮੈਂ ਆਪਣਾ ਸਮਾਨ ਲੈਣ ਆਈ ਹਾਂ। ਹੋਰ ਤਾਂ ਸਭ ਕੁੱਝ ਲੁੱਟ-ਪੁੱਟ ਗਿਆ। ਸੋਚਿਆ ਸਮਾਨ ਤਾਂ ਲੈ ਆਵਾਂ। ਹਰ ਚੀਜ਼ ਨਾਲ ਉਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ।” ਹੌਲੀ-ਹੌਲੀ ਗੱਲਾਂ ਕਰਦੀ ਕੁਲਜੀਤ ਦੀਆਂ ਅੱਖਾਂ ਦੀਆਂ ਪਲਕਾਂ ਬੰਦ ਹੋ ਗਈਆਂ ਤੇ ਉਹ ਚੁੱਪ ਹੋ ਗਈ।

“ਹੌਸਲਾ ਰੱਖ ਕੁਲਜੀਤ। ਪ੍ਰਮਾਤਮਾ ਭਲੀ ਕਰੇਗਾ।” ਇਹ ਕਹਿ ਕੇ ਮੈਂ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।

ਕਹਿਣ ਲੱਗੀ, “ਹਾਂ, ਹੌਸਲਾ। ਹੋਰ ਹੁਣ ਕਰ ਵੀ ਕੀ ਸਕਦੀ ਹਾਂ ਵੀਰ ਜੀ। ਪ੍ਰਮਾਤਮਾ ਨੇ ਪਹਿਲਾਂ ਹੀ ਕਸਰ ਨਹੀਂ ਛੱਡੀ। ਪਤਾ ਨੀ ਅਜੇ ਹੋਰ ਕੀ-ਕੀ ਹੋਣਾ ਹੈ। ਮਾਂ ਤੇ ਭਰਾ ਨਾਲ ਪਹਿਲਾਂ ਸਿੱਧੀ ਪੇਕੇ ਘਰ ਪਹੁੰਚੀ। ਰੋਣ-ਧੋਣ ਤੇ ਫਿਰ ਗੱਲਾਂ-ਬਾਤਾਂ। ਗਲੀ-ਗੁਆਂਢ ਸਭ ਨੇ ਆ-ਆ ਕੇ ਦੁੱਖ ਵੰਡਾਇਆ। ਚਾਰ ਕੁ ਦਿਨ ਬੀਤੇ ਕਿ ਨੀਂਦ ਨੀ ਸੀ ਆ ਰਹੀ। ਵੈਸੇ ਅਜੇ ਬਹੁਤੀ ਰਾਤ ਵੀ ਨਹੀਂ ਸੀ ਹੋਈ। ਮਾਂ ਵਾਲੇ ਕਮਰੇ ’ਚੋਂ ਉੱਠ ਬਾਹਰ ਵਿਹੜੇ 'ਚ ਘੁੰਮਣ ਲੱਗੀ। ਬਰਾਂਡੇ ਦੀ ਨੁੱਕਰ ਵਾਲੇ ਭਰਾ-ਭਰਜਾਈ ਦੇ ਕਮਰੇ ’ਚੋਂ ਆਵਾਜ਼ ਆ ਰਹੀ ਸੀ। ਹੌਲੀ ਜਿਹੇ ਬੰਦ ਖਿੜਕੀ ਕੋਲ ਨੂੰ ਹੋ ਗਈ....ਦੇਖੋ ਜੀ, ਭੈਣ ਜੀ ਨਾਲ ਬਹੁਤ ਬੁਰਾ ਹੋਇਆ। ਅਗਲੇ ਹਫ਼ਤੇ ਵੀਰ ਜੀ ਦੀ ਲਾਸ਼ ਆ ਜਾਣੀ ਹੈ। ਹੋਰ ਦੋ ਦਿਨਾਂ ਨੂੰ ਭੈਣ ਜੀ ਨੂੰ ਸਹੁਰੇ ਘਰ ਜਾਣਾ ਪੈਣਾ ਹੈ।

100/ਰੇਤ ਦੇ ਘਰ