ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਕ੍ਰਿਆ-ਕਰਮ ਵੀ ਹੋ ਜਾਣਗੇ। ਹੁਣ ਸਹੁਰਿਆਂ ਨਾਲ ਸਾਰੀ ਗੱਲ ਕਰ ਲੈਣਾ। ਆਪਣੀ ਕਬੀਲਦਾਰੀ ਦਾ ਪਤਾ ਹੀ ਐ। ਭੈਣ ਜੀ ਦਾ ਸਮਾਨ ਤੇ ਬੱਚਾ ਘਰ ਲਿਆਉਣ ਵਾਲੀ ਗਲਤੀ ਨਾ ਕਰਿਓ ....।’ ਇਹ ਭਾਬੀ ਦੀ ਆਵਾਜ਼ ਸੀ।

‘ਓ ਅਜੇ ਲਾਸ਼ ਆਈ ਨੀ। ਸਸਕਾਰ ਹੋਇਆ ਨੀ। ਭੋਗ ਪਿਆ ਨੀ। ਤੂੰ ਆਹ ਹੋਰ ਈ ਸੁਣਾਉਣ ਬਹਿਗੀ। ਪੈ ਜਾ ਚੁੱਪ ਕਰਕੇ।’ ਇਹ ਭਰਾ ਦੀ ਆਵਾਜ਼ ਸੀ।

‘ਆਹੋ ਜੀ ਮੇਰੀ ਗੱਲ ਸੋਨੂੰ ਕਿੱਥੇ ਚੰਗੀ ਲੱਗਦੀ ਐ। ਕੁਝ ਬੁੜ-ਬੁੜ ਤੇ ਭਾਬੀ ਚੁੱਪ....।’ ਵੀਰ ਜੀ ਇਹ ਸੁਣ ਕੇ ਚੁੱਪ-ਚਾਪ ਮੈਂ ਮਾਂ ਵਾਲੇ ਕਮਰੇ ’ਚ ਵਾਪਸ ਆ ਗਈ ਤੇ ਕਿੰਨਾ ਚਿਰ ਬੈਠੀ ਸੋਚਦੀ ਰਹੀ, ‘ਚਲੋ, ਜੋ ਰੱਬ ਨੂੰ ਮਨਜ਼ੂਰ।’ ਇਹ ਘਰ ਦਾ ਹਾਲ ਸੀ।

ਦੋ ਦਿਨ ਬਾਅਦ ਪਰਿਵਾਰ ਸਮੇਤ ਸਹੁਰੇ ਘਰ ਪਹੁੰਚੀ। ਅਜੇ ਤਿੰਨ ਦਿਨ ਬਾਅਦ ਸਤਿਬੀਰ ਦੀ ਲਾਸ਼ ਆਉਣੀ ਸੀ। ਸੱਸ ਤਾਂ ਜਿਵੇਂ ਪਹਿਲਾਂ ਹੀ ਭਰੀ-ਪੀਤੀ ਪਈ ਸੀ। ਨਾ ਬੁੱਕਲ ’ਚ ਲਿਆ, ਨਾ ਪੈਰਾਂ ’ਚ ਰੱਖੀ ਚੁੰਨੀ ਨੂੰ ਕੁੱਝ ਸਮਝਿਆ। ਦੇਖਣ ਸਾਰ ਦੁਹੱਥੜਾ ਮਾਰ ਹੋ ਗਈ ਸ਼ੁਰੂ, ‘ਨੀ ਤੂੰ ’ਕੱਲੀ ਘਰੇ ਆ ਵੜੀ ਨੀ... ਕਿੱਥੇ ਖਪਾ ਆਈ ਮੇਰੇ ਪੁੱਤ ਨੂੰ ਨੀ.... ਨੀ ਡਾਇਣੇ ਮੇਰਾ ਕੜੀ ਵਰਗਾ ਪੁੱਤ ਖਾ ਗੀ ਨੀ....' ਤੇ ਬੜਾ ਕੁੱਝ ਹੋਰ ਬੋਲਣ ਲੱਗੀ।”

ਵੀਰ ਜੀ ਕੀ ਕਰਦੀ? ਆਪਣੇ ਪਰਿਵਾਰ ’ਚ ਬੈਠ ਮੈਂ ਰੋਣ ਲੱਗੀ। ਸਹੁਰਾ ਪਰਿਵਾਰ ਅੱਡ ਸੱਸ ਦੁਆਲੇ ਬੈਠਾ ਸੀ। ਹੌਲੀ-ਹੌਲੀ ਸਿਆਣੀਆਂ ਔਰਤਾਂ ਨੇ ਸਭ ਨੂੰ ਚੁੱਪ ਕਰਾਇਆ ਤੇ ਗੱਲਾਂ ਕਰਨ ਲੱਗੇ। ਸਹੁਰੇ ਪਰਿਵਾਰ ਦੇ ਕਿਸੇ ਜੀਅ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ, ਨਾ ਬੁਲਾਇਆ।” ਕੁਲਜੀਤ ਐਨਾ ਕੁੱਝ ਇਸ ਤਰ੍ਹਾਂ ਬੋਲ ਗਈ, ਜਿਵੇਂ ਮੇਰੇ ਨਾਲ ਨਹੀਂ, ਕਿਸੇ ਖਲਾਅ ਨਾਲ ਗੱਲਾਂ ਕਰ ਰਹੀ ਹੋਵੇ। ਉਸਦੀਆਂ ਅੱਖਾਂ ’ਚੋਂ ਅੱਥਰੂ ਵਹਿ ਰਹੇ ਸਨ। ਮੈਂ ਚੁੱਪ ਤੇ ਹੈਰਾਨ ਉਸ ਵੱਲ ਦੇਖੀ ਜਾ ਰਿਹਾ ਸੀ।

ਅਚਾਨਕ ਉਹ ਆਲੇ-ਦੁਆਲੇ ਦੇਖਣ ਲੱਗੀ। ਮੇਰੇ ਮੂੰਹ ਵੱਲ ਦੇਖਣ ਲੱਗੀ। ਕੁੱਝ ਪ੍ਰੇਸ਼ਾਨ ਹੋਈ। ਫੇਰ ਕਹਿੰਦੀ, “ਵੀਰ ਜੀ, ਮੁਆਫ਼ ਕਰਨਾ, ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਬੋਲ ਰਹੀ ਸੀ। ਮੈਂ ਤਾਂ ਸਮਾਨ ਲੈ ਕੇ ਵਾਪਸ ਪੰਜਾਬ ਚਲੀ ਜਾਣਾ ਹੈ। ਬੱਚਾ ਅਜੇ ਮੇਰੇ ਮੰਮੀ-ਡੈਡੀ ਕੋਲ ਹੈ। ਕੁੱਝ ਚਿਰ ਮੈਨੂੰ ਵੀ ਉਨ੍ਹਾਂ ਕੋਲ ਰਹਿਣਾ ਪੈਣਾ ਹੈ ਪਰ ਜਲਦੀ ਕੁੱਝ ਤਾਂ ਕਰਨਾ ਹੀ ਪਏਗਾ। ਬਾਕੀ ਅੱਗੇ ਦੇਖਾਂਗੀ ਕੀ ਬਣਦਾ ਹੈ।”

ਮੈਂ ਸਮਝ ਗਿਆ। ਕੁਲਜੀਤ ਤਾਂ ਦਿਲ ’ਤੇ ਕੋਈ ਵੱਡਾ ਪੱਥਰ ਲੈ ਕੇ ਵਾਪਿਸ ਆਈ ਹੈ। ਦੁੱਖਾਂ ਦੀ ਝੰਬੀ ਸ਼ਾਇਦ ਬੇਧਿਆਨੇ ’ਚ ਹੀ ਸਭ ਗੱਲਾਂ ਕਰ ਗਈ। ਇੰਦਰ, ਆਹ ਸਾਰਾ ਕੁੱਝ ਕੁਲਜੀਤ ਨੇ ਪੰਜਾਬ ਤੋਂ ਆ ਕੇ ਮੈਨੂੰ

101/ਰੇਤ ਦੇ ਘਰ