ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

’ਤੇ ਮੈਂ ਕੁਲਜੀਤ ਨੂੰ ਗੱਡੀ ਚੜ੍ਹਾਉਣ ਸਟੇਸ਼ਨ ’ਤੇ ਜਾਣਾ ਸੀ। ਭਾਵੇਂ ਕਈ ਦਿਨਾਂ ਤੋਂ ਮੈਂ ਤੇ ਕੁਲਜੀਤ ਇਕੱਠੇ ਸਾਂ। ਢੇਰ ਸਾਰੀਆਂ ਗੱਲਾਂ ਵੀ ਕੀਤੀਆਂ ਸਨ ਪਰ ਮੈਨੂੰ ਲੱਗਾ, ਜਿਵੇਂ ਕੁਲਜੀਤ ਹੁਣੇ ਹੀ ਆਈ ਸੀ ਤੇ ਹੁਣੇ ਜਾ ਵੀ ਰਹੀ ਹੈ। ਉਸ ਰਾਤ ਮਨ ਬੜਾ ਬੇਚੈਨ ਰਿਹਾ। ਕਦੀ ਮਨ ’ਚ ਆਵੇ, ਕੁਲਜੀਤ ਨੂੰ ਕਹਾਂ, ‘ਤੂੰ ਕਿਤੇ ਨੀ ਜਾਣਾ, ਚੱਲ ਪੰਜਾਬ ਤੋਂ ਬੱਚੇ ਨੂੰ ਲੈ ਕੇ ਆਈਏ ਤੇ ਉਹ ਇੱਥੇ ਹੀ ਪੜ੍ਹੇਗਾ। ਕਦੀ ਸੋਚਾਂ, ਕਮਲੇਸ਼ ਤੇ ਕੁਲਜੀਤ ਦੋਵੇਂ ਇਸ ਘਰ ਵਿੱਚ ਭੈਣਾਂ ਬਣ ਰਹੀ ਜਾਣ ਤਾਂ ਕਿੰਨਾ ਚੰਗਾ ਹੋਵੇ। ਕਦੀ ਮਨ ’ਚ ਆਵੇ, ਹੁਣੇ ਕਮਲੇਸ਼ ਨੂੰ ਕਹਿ ਦੇਵਾਂ, ਕੁਲਜੀਤ ਕਿਤੇ ਨਹੀਂ ਜਾ ਰਹੀ, ਉਹ ਵੀ ਇੱਥੇ ਹੀ ਰਹੇਗੀ। ਕਦੇ ਕੁੱਝ ਤੇ ਕਦੇ ਕੁੱਝ।’ ਤਰ੍ਹਾਂ-ਤਰ੍ਹਾਂ ਦੇ ਵਿਚਾਰ ਮਨ ਅੰਦਰ ਪਨਪਦੇ ਰਹੇ ਤੇ ਤੜਫ਼-ਤੜਫ਼ ਦਮ ਤੋੜਦੇ ਰਹੇ। ਮੈਂ ਚੁੱਪ ਸੀ....ਬੱਸ ਚੁੱਪ। ਕਿਸੇ ਨੂੰ ਵੀ ਕੋਈ ਗੱਲ ਕਹਿਣ ਦੀ ਹਿੰਮਤ ਨਾ ਕਰ ਸਕਿਆ। ਫਿਰ ਵੀ ਵਾਰ-ਵਾਰ ਮਨ ਵਿੱਚ ਆਵੇ ਕਿ ਮੈਨੂੰ ਕੁਲਜੀਤ ਲਈ ਕੁੱਝ ਕਰਨਾ ਚਾਹੀਦਾ ਹੈ ....ਪਰ ਕੀ? ਮੈਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ।

ਦੂਸਰੇ ਦਿਨ ਤਿਆਰ ਹੋ ਸਟੇਸ਼ਨ ’ਤੇ ਪਹੁੰਚ ਗਏ। ਦੋਵੇਂ ਚੁੱਪ, ਦੋਵੇਂ ਉਦਾਸ। ਕੋਈ ਗੱਲ ਹੀ ਨਹੀਂ ਸੀ ਔੜ ਰਹੀ। ਅਖ਼ੀਰ ਕੁਲਜੀਤ ਨੇ ਹੀ ਚੁੱਪ ਨੂੰ ਤੋੜਿਆ ਤੇ ਕਹਿਣ ਲੱਗੀ, “ਭਾਅ ਜੀ, ਤੁਸੀਂ ਮੇਰੀ ਬਹੁਤ ਮੱਦਦ ਕੀਤੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਵਰਨਾ ਮੈਂ ਇਕੱਲੀ ਨੇ ਬੜਾ ਪ੍ਰੇਸ਼ਾਨ ਹੋਣਾ ਸੀ।”

ਮੈਂ ਹੈਰਾਨ, ਇਹ ਐਨੇ ਸ਼ਬਦ ਬੋਲ ਕਿਵੇਂ ਗਈ? ਮੇਰੀ ਤਾਂ ਜੀਭ ਨੂੰ ਕੋਈ ਜਿੰਦਰਾ ਅੜਿਆ ਪਿਆ ਸੀ। ਸ਼ਬਦ ਜਿਵੇਂ ਗਲ ਵਿੱਚ ਹੀ ਫ਼ਸ ਗਏ ਹੋਣ ਤੇ ਉਹ ਮੇਰਾ ਧੰਨਵਾਦ ਕਰ ਰਹੀ ਸੀ। ਉਸਨੂੰ ਕਿਵੇਂ ਦੱਸਦਾ ਕਿ ਮੇਰੇ ਦਿਲ ਨੂੰ ਤਾਂ ਡੋਬੂ ਪੈ ਰਹੇ ਨੇ। ਅੰਦਰ ਹੀ ਅੰਦਰ ਕੁੱਝ ਮੱਚ ਰਿਹਾ ਹੈ। ਉਹ ਸੇਕ ਮੈਨੂੰ ਤੜਫ਼ਾ ਰਿਹਾ ਹੈ। ਜੀਅ ਕਰਦਾ ਸੀ, ਹੁਣੇ ਇਹਦੀ ਬਾਂਹ ਫੜਾਂ ਤੇ ਵਾਪਸ ਘਰ ਲੈ ਜਾਵਾਂ। ਕਹਿ ਦੇਵਾਂ ਕੁਲਜੀਤ ਤੂੰ ਕਿਤੇ ਨੀ ਜਾਣਾ।

ਪਰ ਫਿਰ ਉਹੀ ਗੱਲ, ਬਾਂਹ ਤਾਂ ਕੀ ਫੜਨੀ ਸੀ, ਇੰਨਾ ਕਹਿ ਪਾਇਆ, “ਤੂੰ ਕਿਸ ਗੱਲ ਦਾ ਧੰਨਵਾਦ ਕਰਦੀ ਐਂ ਕੁਲਜੀਤ, ਮੈਂ ਤਾਂ ਤੇਰੇ ਲਈ ਕੁੱਝ ਵੀ ਨਹੀਂ ਕੀਤਾ। ਜਦ ਸਤਿਬੀਰ ਤੈਨੂੰ ਬੰਬਈ ਲੈ ਕੇ ਆਇਆ ਸੀ, ਤੇਰੇ ਚੰਨ ਵਰਗੇ ਹਸੂੰ-ਹਸੂੰ ਕਰਦੇ ਚਿਹਰੇ ’ਤੇ ਖੁਸ਼ੀਆਂ ਤੇ ਰੌਣਕਾਂ ਸਨ। ਤੂੰ ਇੱਥੋਂ ਦੇ ਖ਼ੁਸ਼ਕ ਤੇ ਰੁਆਂਸੇ ਮਾਹੌਲ ਵਿੱਚ ਖ਼ੁਸ਼ੀਆਂ ਹੀ ਬਿਖੇਰੀਆਂ। ਅੱਜ ਮੈਨੂੰ ਤਾਂ ਇੰਝ ਲੱਗ ਰਿਹਾ ਹੈ ਕਿ ਤੇਰੀਆਂ ਸਾਰੀਆਂ ਖੁਸ਼ੀਆਂ ਖੋਹ ਕੇ, ਮੈਂ ਤੈਨੂੰ ਕਿਸੇ ਡੂੰਘੀ ਹਨ੍ਹੇਰੀ ਖਾਈ ਵੱਲ ਧੱਕਾ ਦੇਣ ਆਇਆ ਹੋਵਾਂ। ਕਾਸ਼! ਮੈਂ ਤੈਨੂੰ ਤੇਰੀ ਉਹੀ ਮੁਸਕਰਾਹਟ ਮੋੜ ਸਕਦਾ, ਕਿੰਨਾ ਮਜ਼ਬੂਰ ਹਾਂ ਮੈਂ।”

103/ਰੇਤ ਦੇ ਘਰ