ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਇੰਦਰ ਹੋਰ ਕਮਾਲ ਦੇਖ, ਇਹ ਸਭ ਗੱਲਾਂ ਵੀ ਮੈਂ ਆਪਣੇ ਮਨ ਹੀ ਮਨ ਵਿੱਚ ਕਹੀਆਂ। ਮੈਥੋਂ ਤਾਂ ਇਹ ਵੀ ਬੋਲ ਕੇ ਨਾ ਕਹਿ ਹੋਈਆਂ। ਸੋਚ ਮੇਰੀ ਕੀ ਹਾਲਤ ਸੀ। ਕੀ ਸੋਚਦੀ ਹੋਵੇਗੀ ਕੁਲਜੀਤ।

ਇੱਕ ਵਾਰ ਮਨ ’ਚ ਖ਼ਿਆਲ ਆਇਆ, ਨਹੀਂ, ਮੇਰਾ ਭੁਲੇਖਾ ਹੈ। ਗੱਲਾਂ ਤਾਂ ਮੈਂ ਚੀਕ-ਚੀਕ ਕੇ ਕਹੀਆਂ ਨੇ। ਕੁਲਜੀਤ ਨੇ ਜ਼ਰੂਰ ਸੁਣ ਲਈਆਂ ਹੋਣਗੀਆਂ। ਸੁਣ ਕੇ ਉਸਦੇ ਮਨ ਨੂੰ ਸਕੂਨ ਪਹੁੰਚਿਆ ਹੋਵੇਗਾ।

ਪਰ ਕਿੱਥੇ, ਅਹਿਸਾਸ ਨੇ ਫਿਰ ਪਲਟਾ ਲਿਆ। ਦੇਖਿਆ, ਹੈਂਅ, ਮੈਂ ਤਾਂ ਚੁੱਪ-ਚਾਪ ਖਿੜਕੀ ਨਾਲ ਲੱਗਾ ਖੜ੍ਹਾ ਹਾਂ। ਕੁੱਝ ਬੋਲ ਹੀ ਨੀ ਰਿਹਾ। ਕੋਈ ਗੱਲ ਹੀ ਨੀ ਕਰ ਰਿਹਾ। ਕੁਲਜੀਤ ਕਿੰਨੀਆਂ ਉਦਾਸ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੀ ਹੈ। ਉਹ ਚਾਹੁੰਦੀ ਸੀ ਮੈਂ ਕੁੱਝ ਤਾਂ ਬੋਲਾਂ ਪਰ ਮੈਂ... ਪੁੱਛ ਨਾ ਵੀਰ ਬੜੀ ਬੁਰੀ ਹਾਲਤ ਸੀ। ਤੜਫ਼ ਸੀ, ਪਛਤਾਵਾ ਸੀ, ਕੋਈ ਦਰਦ ਸੀ ਤੇ ਬੜਾ ਕੁੱਝ ਹੋਰ ....।

ਇੰਜਣ ਦੀ ਲੰਮੀ ਸੀਟੀ ਵੱਜੀ। ਅਸੀਂ ਝੰਜੋੜੇ ਗਏ। ਹੁਣ ਮੈਂ ਮੂੰਹ ਉਠਾ ਕੇ ਉਦਾਸ ਨਜ਼ਰਾਂ ਨਾਲ ਕੁਲਜੀਤ ਦੇ ਚਿਹਰੇ ਵੱਲ ਦੇਖਿਆ। ਅੰਦਰ ਹੀ ਅੰਦਰ ਕੁੱਝ ਭੁਰਿਆ, ਕੁੱਝ ਟੁੱਟਿਆ ਤੇ ਮੇਰਾ ਮਨ ਭਰ ਆਇਆ। ਬੜੀ ਮੁਸ਼ਕਿਲ ਨਾਲ ਕਹਿ ਪਾਇਆ, ‘ਕੁਲਜੀਤ, ਕਾਸ਼! ਮੈਂ ਤੁਹਾਨੂੰ ਏਅਰਪੋਰਟ ਤੋਂ ਕੈਨੇਡਾ ਲਈ ਵਿਦਾ ਕਰਦਾ’....ਪਤਾ ਨਹੀਂ ਇਹ ਵੀ ਕਿਵੇਂ ਬੋਲ ਹੋ ਗਿਆ।

ਸੁਣ ਕੇ ਕੁਲਜੀਤ ਹੋਰ ਭਾਵੁਕ ਹੋ ਗਈ। ਅੱਖਾਂ ’ਚ ਪਾਣੀ ਭਰ ਆਇਆ। ਬੁੱਲ੍ਹ ਥੋੜ੍ਹੇ ਹਿੱਲੇ ਪਰ ਉੱਥੇ ਹੀ ਘੱਟ ਹੋ ਗਏ। ਕੁੱਝ ਬੋਲ ਨਾ ਹੋਇਆ, ਅੱਖਾਂ ਬੰਦ ਹੋ ਗਈਆਂ। ਮੈਂ ਦੇਖਿਆ, ਉਸ ਨੇ ਗਲ 'ਚ ਕੋਈ ਘੁੱਟ ਜਿਹੀ ਭਰੀ। ਅੰਦਰ ਕੁੱਝ ਲੰਘਾਇਆ ਪਰ ਕੀ... ਕੋਈ ਜ਼ਹਿਰ ਦੀ ਘੱਟ ਹੀ ਲੰਘਾਈ ਹੋਵੇਗੀ, ਹੋਰ ਕੀ। ਉਸਦੇ ਮਨ ਅੰਦਰ ਕੀ ਯੁੱਧ ਚੱਲ ਰਿਹਾ ਸੀ, ਕੌਣ ਜਾਣੇ।

ਫਿਰ ਪਤਾ ਨਹੀਂ ਕਦ ਤੇ ਕਿਵੇਂ ਮੈਂ ਕੁਲਜੀਤ ਦਾ ਕੂਲਾ ਜਿਹਾ ਹੱਥ, ਆਪਣੇ ਹੱਥਾਂ ਵਿੱਚ ਲੈ ਕੇ ਘੁੱਟ ਲਿਆ। ਉਹ ਸਾਰੀ ਦੀ ਸਾਰੀ ਸੁੰਗੜੀ ਤੇ ਆਪਣੇ ਹੱਥ ਨੂੰ ਮੇਰੇ ਹੱਥਾਂ ਵਿੱਚ ਢਿੱਲਾ ਛੱਡ ਦਿੱਤਾ। ਉਸਦੀਆਂ ਸਿੱਲੀਆਂ ਅੱਖਾਂ ਵਿੱਚੋਂ ਮੋਤੀਆਂ ਵਰਗੇ ਹੰਝੂ ਬਾਹਰ ਵਹਿ ਤੁਰੇ, ਜਿਨ੍ਹਾਂ ਨੂੰ ਪਤਾ ਨਹੀਂ ਉਸਨੇ ਕਿੰਨੀ ਪੀੜ ਜਰ-ਜਰ ਕੇ ਕੋਇਆਂ ਵਿੱਚ ਰੋਕਿਆ ਹੋਇਆ ਸੀ।

ਮੇਰੀ ਵੀ ਭੁੱਬ ਨਿਕਲ ਗਈ। ਅੱਖਾਂ 'ਚੋਂ ਅੱਥਰੂ ਵਗਣ ਲੱਗੇ। ਕੁਲਜੀਤ ਕੁੱਝ ਕਹਿਣਾ ਚਾਹੁੰਦੀ ਸੀ ਪਰ ਮੇਰੇ ਵੱਲ ਵੇਖ ਉਹ ਬੱਸ ਡੁਸਕਣਾ ਹੀ ਲੱਗ ਪਈ। ਕੁਲਜੀਤ ਦਾ ਹੱਥ ਅਜੇ ਵੀ ਮੇਰੇ ਹੱਥਾਂ ਵਿੱਚ ਸੀ। ਮੈਂ ਦੇਖਿਆ, ਉਸ ਦੀਆਂ ਅੱਖਾਂ ’ਚੋਂ ਰਿਸਕ ਕੇ ਕੋਇਆਂ ਰਾਹੀਂ ਬਾਹਰ ਆ ਰਹੇ ਹੰਝੂ ਮੇਰੇ

104/ਰੇਤ ਦੇ ਘਰ