ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੇਤ ਦੇ ਘਰ

ਭੀੜ ਤੋਂ ਪਰੇ ਇੱਕ ਪਾਸੇ ਨੂੰ ਬੈਠੀ ਉਹ ਰੇਤ ਨਾਲ ਖੇਡ ਰਹੀ ਸੀ। ਚਿਹਰੇ ’ਤੇ ਮਾਸੂਮੀਅਤ ਤੇ ਆਪਣੇ ਆਪ ’ਚ ਮਸਤ, ਉਹ ਕਲਾ ਦੀ ਕੋਈ ਵਸਤੂ ਲੱਗਦੀ ਸੀ। ਗਿੱਲੀ ਰੇਤ ਨਾਲ ਖੇਡਦੀ ਉਹ ਬੱਚੀਆਂ ਵਰਗੀ ਲੱਗਦੀ ਸੀ ਪਰ ਉਹ ਬੱਚੀ ਨਹੀਂ ਸੀ।

ਕਈ ਦਿਨਾਂ ਦੇ ਥਕਾਨ ਭਰੇ ਸਮੁੰਦਰੀ ਸਫ਼ਰ ਤੋਂ ਬਾਅਦ ਮੈਂ ਬੀਚ ਵੱਲ ਘੁੰਮਣ ਆਇਆ। ਸੋਚ ਰਿਹਾ ਸੀ, ‘ਕਿੰਨੇ ਆਦੀ ਹੋ ਗਏ ਹਾਂ ਅਸੀਂ ਇਨ੍ਹਾਂ ਜਹਾਜ਼ਾਂ ਦੇ। ਏਸ ਜ਼ਿੰਦਗੀ ਦੇ। ਜਹਾਜ਼ ਦੀ ਮਸ਼ੀਨਰੀ ਦੀ ਰਿਦਮਿੱਕ ਆਵਾਜ਼ ਦੇ। ਸੁੱਤੇ ਪਿਆਂ ਦੇ ਕੰਨ ਵੀ ਉਸ ਆਵਾਜ਼ ਦੇ ਆਦੀ ਹੋ ਗਏ ਹਨ। ਇੰਜਣ ਜਾਂ ਕਿਸੇ ਹੋਰ ਮਸ਼ੀਨਰੀ ’ਚ ਜ਼ਰਾ ਵੀ ਨੁਕਸ ਪਿਆ, ਸਭ ਤੋਂ ਪਹਿਲਾਂ ਕੰਨ ਨੋਟ ਕਰਦੇ ਹਨ। ਆਵਾਜ਼ ਬਦਲੀ ਤਾਂ ਤ੍ਰਬਕ ਕੇ ਉੱਠ ਬਹਿੰਦੇ ਹਾਂ। ਝੱਟ ਉਸ ਬਦਲੀ ਆਵਾਜ਼ ਵੱਲ ਭੱਜਦੇ ਹਾਂ ਤੇ ਉਸ ਮਸ਼ੀਨਰੀ ਕੋਲ ਪਹੁੰਚ ਜਾਂਦੇ ਹਾਂ। ਹਰ ਵਕਤ ਫ਼ਿਕਰ ਤੇ ਅੱਗੇ ਦਿੱਤੇ ਹੋਏ ਵਕਤ ਤੇ ਬੰਦਰਗਾਹ ਪਹੁੰਚਣ ਦੀ ਟੈਂਸ਼ਨ।’

ਕੁੱਝ ਪਲ ਟੈਂਸ਼ਨ ਮੁਕਤ ਹੋਣ ਲਈ ਹੀ ਬਾਹਰ ਨਿਕਲਦੇ ਹਾਂ। ਫੇਰ ਸਿੱਧਾ ਕੋਈ ਬਾਰ, ਕੋਈ ਕਲੱਬ, ਕੋਈ ਸੁੰਦਰ ਬੀਚ, ਕੋਈ ਸੁੰਦਰ ਪਾਰਕ ’ਚ ਪਹੁੰਚ ਕੇ ਤਰੋ-ਤਾਜ਼ਾ ਹੋ ਜਾਂਦੇ ਹਾਂ। ਅੱਜ ਵੀ ਤਰੋ-ਤਾਜ਼ਾ ਹੋਣ ਹੀ ਆਇਆ ਹਾਂ। ਵਾਪਸ ਜਾ ਕੇ ਤਾਂ ਫੇਰ ਉਹੀ ਵੀਹ ਕੁ ਚਿਹਰੇ। ਜਿਨ੍ਹਾਂ ’ਚ ਵਾਰੀ-ਵਾਰੀ ਅੱਧੇ ਸੁੱਤੇ ਅੱਧੇ ਜਾਗਦੇ। ਮਤਲਬ ਅੱਧੇ ਡਿਊਟੀ ’ਤੇ, ਅੱਧੇ ਰੈਸਟ ’ਤੇ।

ਮੇਰੀ ਨਜ਼ਰ ਗਿੱਲੀ ਰੇਤ ਨਾਲ ਖੇਡ ਰਹੀ ਉਸ ਕੁੜੀ ’ਤੇ ਪਈ। ਦੇਖ ਮਨ ਨੂੰ ਸਕੂਨ ਜਿਹਾ ਮਿਲਿਆ। ਕਾਫ਼ੀ ਦੇਰ ਤੱਕ ਉਸ ਨੂੰ ਹੀ ਦੇਖਦਾ ਰਿਹਾ। ਫਿਰ ਅਚਾਨਕ ਹੀ ਮੇਰੇ ਕਦਮ ਉਸ ਪਾਸੇ ਵੱਲ ਨੂੰ ਤੁਰ ਪਏ। ਮੈਂ ਬੇ-ਪਰਵਾਹ ਹੋ ਇਸ ਤਰ੍ਹਾਂ ਚੱਲਣ ਲੱਗਾ, ਜਿਵੇਂ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ। ਨਾ ਉਸ ਵੱਲ ਸਿਰ ਘੁਮਾਇਆ, ਨਾ ਆਪਣੀ ਚਾਲ ਹੌਲੀ ਕੀਤੀ। ਅੱਖਾਂ ਦੇ ਕੋਇਆਂ ਰਾਹੀਂ ਵੇਖਦਾ-ਵੇਖਦਾ ਅੱਗੇ ਲੰਘ ਗਿਆ।

ਜੀਨਜ਼ ਪੈਂਟ ਨਾਲ ਉਸਨੇ ਖੁੱਲ੍ਹੀ ਜਿਹੀ ਟੀ-ਸ਼ਰਟ ਪਾਈ ਹੋਈ ਸੀ। ਗਰਦਨ ਦੇ ਦੁਆਲੇ ਚਮੜੀ ਬਹੁਤ ਗੋਰੀ ਸੀ। ਉਹ ਬਹੁਤ ਸੋਹਣੀ ਲੱਗੀ।

106/ ਰੇਤ ਦੇ ਘਰ