ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚਣ ਲੱਗਾ, ‘ਐਨੀ ਸੋਹਣੀ ਤੇ ਜਵਾਨ ਕੁੜੀ, ਉਹ ਵੀ ਸਮੁੰਦਰੀ ਬੀਚ ’ਤੇ, ਇਕੱਲੀ ਤਾਂ ਨੀ ਹੋ ਸਕਦੀ। ਨਾਲ ਕੋਈ ਜ਼ਰੂਰ ਹੋਏਗਾ। ਕੋਈ ਬੁਆਏ-ਫਰੈਂਡ ਜਾਂ ਸਹੇਲੀ ਪਰ ਨਜ਼ਦੀਕ ਕੋਈ ਨਜ਼ਰ ਵੀ ਨੀ ਆ ਰਿਹਾ। ਹੋ ਸਕਦੈ ਕਿਸੇ ਸਟਾਲ ਤੋਂ ਖਾਣ-ਪੀਣ ਲਈ ਕੁੱਝ ਲੈਣ ਗਿਆ ਹੋਵੇ।’

ਮਨ ’ਚ ਕਈ ਤਰ੍ਹਾਂ ਦੇ ਖ਼ਿਆਲ ਆ ਰਹੇ ਸਨ। ਮੈਂ ਵਾਪਸ ਮੁੜ ਪਿਆ। ਦੂਰ ਬੰਦਰਗਾਹ ਵਿੱਚ ਕੁੱਝ ਜਹਾਜ਼ ਖੜ੍ਹੇ ਸਨ। ਕਦੀ ਮੈਂ ਉਨ੍ਹਾਂ ਵੱਲ ਵੇਖਣ ਲੱਗਦਾ, ਕਦੀ ਸਮੁੰਦਰ ਦੀਆਂ ਲਹਿਰਾਂ ਵੱਲ, ਕਦੀ ਹੋਰ ਏਧਰ-ਓਧਰ ਪਰ ਇਹ ਸਭ ਇੱਕ ਨਾਟਕ-ਨੁਮਾ ਸੀ। ਅਸਲ ’ਚ ਚੋਰ ਅੱਖਾਂ ਨਾਲ ਮੈਂ ਉਸ ਨੂੰ ਹੀ ਦੇਖ ਰਿਹਾ ਸੀ। ਅੰਦਰ ਕੋਈ ਹਲਚਲ ਜਿਹੀ ਮੱਚੀ ਹੋਈ ਸੀ। ਮਨ ਬੁਰੀ ਤਰ੍ਹਾਂ ਅਸ਼ਾਂਤ। ਮਨ ਤਾਂ ਕਹਿ ਰਿਹਾ ਸੀ, ‘ਕਾਸ਼! ਮੈਂ ਇਸ ਦੇ ਕੋਲ ਬੈਠ ਜਾਵਾਂ। ਇਸ ਨਾਲ ਕੋਈ ਮਿੱਠੀਆਂ-ਪਿਆਰੀਆਂ ਗੱਲਾਂ ਕਰਾਂ।’ ਇਹ ਮਨ ਵੀ ਬੜੀ ਪਤੰਦਰ ਚੀਜ਼ ਹੈ। ਬੰਦੇ ਦੇ ਬਾਅਦ ’ਚ ਭਾਵੇਂ ਜੁੱਤੀਆਂ ਪੈਣ, ਇੱਕ ਵਾਰੀ ਤਾਂ ਮੱਤ ਹੀ ਮਾਰ ਦਿੰਦੈ।

ਤੁਰਦਾ-ਤੁਰਦਾ ਮੈਂ ਫਿਰ ਮੇਨ ਬੀਚ ਵਾਲੇ ਪਾਸੇ ਆ ਗਿਆ। ਭਾਵੇਂ ਬੀਚ ’ਤੇ ਹੋਰ ਬਥੇਰੀ ਰੌਣਕ ਸੀ ਪਰ ਮਨ ਦੀ ਸੂਈ ਅੱਜ ਉਸ ਕੁੜੀ ਉੱਪਰ ਹੀ ਅਟਕ ਗਈ। ਮਨ ਬੜਾ ਉਚਾਟ, ਮੈਂ ਬੀਅਰ ਦਾ ਕੇਨ ਲਿਆ ਤੇ ਇੱਕ ਪਾਸੇ ਬੈਠ ਚੁਸਕੀਆਂ ਲੈਣ ਲੱਗਾ। ਨਾਲ-ਨਾਲ ਉਸ ਵੱਲ ਵੇਖ ਲੈਂਦਾ। ਉਹ ਅਜੇ ਤੱਕ ਵੀ ਇਕੱਲੀ ਬੈਠੀ ਸੀ। ਉਸੇ ਤਰ੍ਹਾਂ ਰੇਤ ਨਾਲ ਖੇਡ ਰਹੀ ਸੀ। ਮੈਥੋਂ ਰਿਹਾ ਨਾ ਗਿਆ। ਉੱਠ ਕੇ ਫੇਰ ਉਸ ਵੱਲ ਨੂੰ ਚੱਲ ਪਿਆ।

ਉਹ ਰੇਤ ਦਾ ਕੋਈ ਘਰ ਨੁਮਾ ਬਣਾ ਰਹੀ ਸੀ। ਉਸਨੇ ਕੋਈ ਧਿਆਨ ਨਾ ਦਿੱਤਾ। ਮੈਂ ਥੋੜ੍ਹਾ ਅੱਗੇ ਲੰਘ ਗਿਆ ਪਰ ਦਿਲ ਮਚਲ ਰਿਹਾ ਸੀ। ਜੀਅ ਕਰਦਾ ਸੀ, ਜਲਦੀ ਨਾਲ ਉਸ ਕੋਲ ਜਾ ਰੁਕਾਂ। ਉਸ ਨਾਲ ਗੱਲਾਂ ਕਰਾਂ, ਪਰ ਕਿਵੇਂ, ਸਮਝ ਨਹੀਂ ਸੀ ਪੈ ਰਿਹਾ। ਹੁਣ ਤੱਕ ਯਕੀਨ ਹੋਣ ਲੱਗਾ ਸੀ ਕਿ ਉਹ ਇਕੱਲੀ ਹੈ।

ਉਤਸੁਕਤਾ ਵਧਦੀ ਗਈ। ਡਰ ਵੀ ਰਿਹਾ ਸੀ, ‘ਕਿਤੇ ਹੋਰ ਨਾ ਕੋਈ ਪੰਗਾ ਖੜ੍ਹਾ ਹੋ ਜਾਵੇ। ਇਹ ਪੁਲਿਸ ਨੂੰ ਸੱਦ ਲਵੇ। ਮੈਂ ਜਹਾਜ਼ ਵਿੱਚ ਵਾਪਸ ਜਾਣ ਦੀ ਬਜਾਏ ਠਾਣੇ ਜਾਂ ਜੇਲ੍ਹ ’ਚ।’ ਪਤਾ ਸੀ ਬਾਹਰਲੇ ਮੁਲਕਾਂ ਦੇ ਲੋਕ ਨਿੱਜਤਾ ਪਸੰਦ ਹਨ। ਉਹ ਕਿਸੇ ਦਾ ਬੇਮਤਲਬ ਦਖ਼ਲ ਬਿਲਕੁਲ ਬਰਦਾਸ਼ਤ ਨਹੀਂ ਕਰਦੇ।

ਪਰ ਮਨ ਐਨਾ ਬੇਚੈਨ ਕਿ ਮੇਰੀ ਕੋਈ ਦਲੀਲ ਮੰਨਣ ਨੂੰ ਤਿਆਰ ਹੀ ਨਹੀਂ। ਮੈਂ ਵਾਪਸ ਮੁੜਿਆ ਤੇ ਉਸਦੇ ਨਜ਼ਦੀਕ ਆ ਕੇ ਰੁਕਦਾ-ਰੁਕਦਾ, ਬੱਸ ਰੁਕ ਹੀ ਗਿਆ। ਉਹ ਬੜੇ ਪਿਆਰ ਨਾਲ ਰੇਤ ਦਾ ਘਰ ਨੁਮਾ ਆਕਾਰ

107/ਰੇਤ ਦੇ ਘਰ