ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿੱਲੀ ਰੇਤ ਨਾਲ ਖੇਡ ਰਹੀ ਸੀ। ਆਪਣੇ ਹੀ ਖ਼ਿਆਲਾਂ ਵਿੱਚ ਗੁਆਚੀ, ਰੇਤ ਦਾ ਘਰ ਬਣਾਉਂਦੀ ਤੇ ਢਾਹ ਦਿੰਦੀ। ਬਣਾ ਲੈਂਦੀ, ਢਾਹ ਦਿੰਦੀ। ਤੂੰ ਚੁੱਪ-ਚਾਪ ਕਦ ਮੇਰੇ ਪਿੱਛੇ ਆ ਕੇ ਖੜੋ ਗਿਆ, ਮੈਨੂੰ ਪਤਾ ਨਹੀਂ ਸੀ ਲੱਗਾ। ਮੈਂ ਰੇਤ ਦਾ ਘਰ ਬਣਾ ਉਸ ਨੂੰ ਤੋੜਨ ਲੱਗੀ। ਤੂੰ ਅਚਾਨਕ ਬੋਲ ਪਿਆ, “ਪਲੀਜ਼ ਡੌਂਟ ਬਰੇਕ ਇਟ।”

ਮੈਂ ਹੈਰਾਨ ਹੋ ਗਈ। ਗਰਦਨ ਘੁਮਾ ਕੇ ਦੇਖਿਆ, ਪਿੱਛੇ ਤੂੰ ਖੜ੍ਹਾ ਸੀ। ਗੁੰਮ ਤੇ ਕਿਧਰੇ ਗੁਆਚਿਆ ਹੋਇਆ। ਤੂੰ ਲਗਾਤਾਰ ਉਸ ਰੇਤ ਦੇ ਘਰ ਵੱਲ ਵੇਖੀ ਜਾ ਰਿਹਾ ਸੀ। ਮੈਨੂੰ ਬੜਾ ਗੁੱਸਾ ਆਇਆ। ਕੋਈ ਮੇਰੀ ਪ੍ਰਾਈਵੇਸੀ ਵਿੱਚ ਇਸ ਤਰ੍ਹਾਂ ਦਖ਼ਲ ਕਿਵੇਂ ਦੇ ਸਕਦਾ ਹੈ। ਮੈਂ ਗੁੱਸੇ 'ਚ ਚਿੱਲਾਈ ਸੀ, “ਹੂ ਆਰ ਯੂ?”

ਤੇਰੇ ਚਿਹਰੇ ’ਤੇ ਘਬਰਾਹਟ ਸੀ। ਸ਼ਾਇਦ ਕੋਈ ਡਰ ਵੀ। ਕੁੱਝ ਚਿਰ ਤੱਕ ਤੂੰ ਉਸੇ ਤਰ੍ਹਾਂ ਸਥਿਰ ਖੜ੍ਹਾ ਰਿਹਾ। ਮੈਂ ਬੇ-ਸਬਰੀ ਨਾਲ ਤੇਰਾ ਕੋਈ ਜਵਾਬ ਸੁਣਨ ਲਈ ਤੇਰੇ ਮੂੰਹ ਵੱਲ ਵੇਖਦੀ ਰਹੀ। ਫੇਰ ਬੜੀ ਹੀ ਪਿਆਰੀ ਤੇ ਸਹਿਜ ਆਵਾਜ਼ ਵਿੱਚ ਤੂੰ ਬੋਲਿਆ, “ਇਹ ਬਹੁਤ ਸੋਹਣਾ ਬਣਿਆ ਹੈ, ਬੜਾ ਪਿਆਰਾ ਲੱਗਦਾ ਹੈ, ਇਸ ਨੂੰ ਇਸੇ ਤਰ੍ਹਾਂ ਰਹਿਣ ਦਿਓ, ਪਲੀਜ਼ ਤੋੜੋ ਨਾ।”

ਤੇਰੇ ਸ਼ਬਦਾਂ ’ਚ ਕੋਈ ਜਾਦੂ ਸੀ। ਆਵਾਜ਼ ਜਿਵੇਂ ਕੋਈ ਆਕਾਸ਼ਬਾਣੀ ਹੋ ਰਹੀ ਹੋਵੇ। ਤੈਨੂੰ ਵੀ ਪਤਾ ਨਹੀਂ ਸੀ, ਤੂੰ ਕੀ ਬੋਲ ਰਿਹਾ ਹੈਂ। ਸ਼ਬਦ ਤੇਰੇ ਧੁਰ ਅੰਦਰੋਂ ਆਪ-ਮੁਹਾਰੇ ਨਿਕਲੇ ਸਨ। ਤੂੰ ਪੰਜਾਬੀ ਵਿੱਚ ਬੋਲ ਰਿਹਾ ਸੀ।

ਐਸੀਆਂ ਥਾਂਵਾਂ ਹਰ ਕੋਈ ਅੰਗਰੇਜ਼ੀ ’ਚ ਹੀ ਗੱਲ ਕਰਦਾ ਹੈ। ਪਹਿਲਾਂ ਤੂੰ ਵੀ ਅੰਗਰੇਜ਼ੀ ’ਚ ਹੀ ਬੋਲਿਆ ਸੀ। ਖ਼ੈਰ, ਜੋ ਵੀ ਸੀ, ਕੈਰੇਬੀਅਨ ਸਮੁੰਦਰ ਵਿਚਲੇ ਇਸ ਟਾਪੂ ਉੱਪਰ ਤੇਰਾ ਇਹ, “ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਂ ਵਾਲਾ ਦਖ਼ਲ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਾ। ਮੈਂ ਹੋਰ ਘੂਰ ਕੇ ਤੇਰੇ ਵੱਲ ਵੇਖਿਆ।

ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਤੂੰ ਕਾਹਲੀ-ਕਾਹਲੀ ਬੋਲ ਆਪਣੀ ਸਫ਼ਾਈ ਪੇਸ਼ ਕਰਨ ਲੱਗਾ, “ਆਈ ਐਮ ਸੌਰੀ, ਆਈ ਐਮ ਵੈਰੀ ਸੌਰੀ, ਆਈ ਡੌਟ ਮੀਨ ਟੂ ਡਿਸਟਰਬ ਯੂ, ਆਈ ਡੌਟ ਮੀਨ ਟੂ ਹਾਰਾਸ਼ ਯੂ, ਇਟ ਜਸਟ ਹੈਂਪਨਡ, ਜਸਟ ਸਡਨਲੀ।”

ਤੂੰ ਵਾਰ-ਵਾਰ ਸੌਰੀ ਕਹਿ ਕੇ ਮਾਫ਼ੀ ਮੰਗੀ। ਤੇਰੀ ਆਵਾਜ਼ ਕੰਬ ਰਹੀ ਸੀ। ਮੈਂ ਚੁੱਪ-ਚਾਪ ਖੜ੍ਹੀ ਤੇਰੇ ਮੂੰਹ ਵੱਲ ਵੇਖ ਰਹੀ ਸੀ। ਤੇਰੀਆਂ ਨਜ਼ਰਾਂ ਤੇ ਚਿਹਰੇ ਉੱਪਰਲੀ ਮਾਸੂਮੀਅਤ ਦੱਸ ਰਹੀ ਸੀ ਤੂੰ ਸੱਚ ਬੋਲ ਰਿਹਾ ਹੈਂ। ਉਸ ਟੋਕਾ-ਟਾਕੀ ਦਾ ਤੈਨੂੰ ਪਛਤਾਵਾ ਹੈ।

ਮੈਂ ਤੇਰੀ ਪ੍ਰੇਸ਼ਾਨੀ ਨੂੰ ਸਮਝਿਆ। ਚਿਹਰੇ ਉੱਪਰਲੀ ਮਾਸੂਮੀਅਤ ਦਾ

109/ਰੇਤ ਦੇ ਘਰ