ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਮੈਨੂੰ ਨਹੀਂ ਪਤਾ ਤੂੰ ਕੌਣ ਹੈਂ, ਕੀ ਹੈਂ ਤੇ ਕਿੱਥੋਂ ਹੈਂ, ਦੱਸੋ ਕੀ ਮੇਰੇ ਨਾਲ ਸ਼ਾਦੀ ਕਰਨਾ ਚਾਹੇਂਗੀ? ਅਗਰ ਤੂੰ ਹਾਂ ਕਹੇਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।”

ਤੂੰ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ। ਤੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਨੂੰ ਅਜੀਬ ਖ਼ੁਸ਼ੀ ਹੋਈ। ਅੰਦਰ ਪੂਰਾ ਹੀ ਠਰ ਗਿਆ। ਐਨਾ ਚੰਗਾ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਪਰ ਮੈਂ ਚੁੱਪ ਸੀ। ਇੱਕ ਵਾਰ ਫਿਰ ਤੂੰ ਮੈਨੂੰ ਬਾਹਾਂ ’ਚ ਲੈ ਲਿਆ। ਮੇਰੀਆਂ ਬਾਹਾਂ ਵੀ ਆਪੇ ਹੀ ਤੇਰੇ ਲੱਕ ਦੁਆਲੇ ਕਸੀਆਂ ਗਈਆਂ। ਤੇਰੀ ਉਹ ਗੱਲ ਤੇ ਪਿਆਰ ਭਰੀ ਗਲਵੱਕੜੀ ਨੇ, ਮੈਨੂੰ ਜ਼ਿੰਦਗੀ ਦਾ ਕੋਈ ਮਕਸਦ ਦੇ ਦਿੱਤਾ।

ਰਵੀ ਮੈਂ ਅੰਦਰੋਂ ਬਹੁਤ ਖ਼ੁਸ਼ ਸਾਂ, ਬਹੁਤ ਖ਼ੁਸ਼ ਪਰ ਫਿਰ ਵੀ ਸ਼ਾਦੀ ਲਈ ਨਾਂਹ ਕੀਤੀ ਸੀ, ‘ਨਹੀਂ....ਅਜੇ ਨਹੀਂ।’

ਮੈਂ ਤਾਂ ਖ਼ੁਦ ਇੱਕ ਉਲਝੀ ਤਾਣੀ ਸੀ, ਤੈਨੂੰ ਕਿਉਂ ਉਲਝਾਉਂਦੀ। ਹਾਂ ਵਾਅਦਾ ਕੀਤਾ ਸੀ। ਅਗਰ ਫਿਰ ਮਿਲੇ ਤਾਂ ਇਸ ਦਾ ਜਵਾਬ ਦੇਵਾਂਗੀ। ਆਪਣੇ ਬਾਰੇ ਵੀ ਸਭ ਕੁੱਝ ਦੱਸਾਂਗੀ। ਤੂੰ ਫਿਰ ਕੋਈ ਗਿਲਾ ਨਹੀਂ ਕੀਤਾ।

ਆਪਾਂ ਦੁਬਾਰਾ ਮਿਲ ਨਹੀਂ ਸਕੇ। ਸ਼ਾਇਦ ਤੇਰਾ ਜਹਾਜ਼ ਦੁਬਾਰਾ ਕੈਰੇਬੀਅਨ ਟਾਪੂ ਜਾਂ ਅਮਰੀਕਾ ਵੱਲ ਨਾ ਆਇਆ ਹੋਵੇ। ਤੇਰੀ ਚਿੱਠੀ ਮਿਲੀ ਸੀ। ਉਸ ਵਕਤ ਤੱਕ ਵੀ ਮੇਰੀ ਤਾਣੀ ਸੁਲਝੀ ਨਹੀਂ ਸੀ। ਮੈਂ ਉਸਦਾ ਜਵਾਬ ਦੇਣਾ ਠੀਕ ਨਹੀਂ ਸਮਝਿਆ। ਹੁਣ ਸਭ ਕੁੱਝ ਸਾਫ਼ ਹੋ ਗਿਆ ਹੈ। ਸਮਾਂ ਆ ਗਿਆ ਹੈ। ਸਾਰੀ ਗੱਲ ਤੈਨੂੰ ਦੱਸਾਂ ਤੇ ਜ਼ਿੰਦਗੀ ਤੋਂ ਸੁਰਖੁਰੂ ਹੋ ਜਾਵਾਂ।

ਅਮਰੀਕਾ ਆਇਆਂ ਨੂੰ ਕਈ ਸਾਲ ਹੋ ਗਏ ਸਨ। ਸਭ ਬੜਾ ਠੀਕ-ਠਾਕ ਚੱਲ ਰਿਹਾ ਸੀ। ਸਾਰੇ ਖ਼ੁਸ਼ ਸਾਂ। ਪਰਿਵਾਰ ਬੜੀ ਚੰਗੀ ਤਰ੍ਹਾਂ ਸੈਟਲ ਸੀ। ਸ਼ਾਂਤ ਖੜ੍ਹੇ ਪਾਣੀਆਂ ਵਿੱਚ ਅਚਾਨਕ ਭੁਚਾਲ ਆ ਗਿਆ। ਮੈਨੂੰ ਬੁਖ਼ਾਰ ਦੀ ਸ਼ਿਕਾਇਤ ਹੋਣ ਲੱਗੀ। ਫਿਰ ਕੋਈ ਨਾ ਕੋਈ ਇਨਫੈਕਸ਼ਨ ਝੱਟ ਹੀ ਹੋ ਜਾਂਦੀ। ਕੰਪਲੀਟ ਟੈਸਟ ਹੋਏ। ਡਾਕਟਰ ਨੇ ਪਤਾ ਨਹੀਂ ਮੰਮੀ-ਪਾਪਾ ਨੂੰ ਕੀ ਦੱਸਿਆ, ਸੁਣ ਉਨ੍ਹਾਂ ਦੇ ਹੋਸ਼ ਉੱਡ ਗਏ ਪਰ ਮੈਨੂੰ ਮੇਰੀ ਬਿਮਾਰੀ ਬਾਰੇ ਕੁੱਝ ਨਾ ਦੱਸਿਆ ਗਿਆ।

ਮੰਮੀ-ਪਾਪਾ ਦੇ ਵਿਵਹਾਰ ਵਿੱਚ ਤਬਦੀਲੀ ਆ ਗਈ। ਘਰ ਦਾ ਬਹੁਤ ਹੀ ਖ਼ੁਸ਼ਗਵਾਰ ਤੇ ਪਿਆਰਾ ਮਾਹੌਲ, ਅਚਾਨਕ ਬਹੁਤ ਹੀ ਖੁਸ਼ਕ ਤੇ ਗਮਗੀਨ ਹੋ ਗਿਆ। ਕੁੱਝ ਪੁੱਛਦੀ ਤਾਂ ਦੱਸਣ ਦੀ ਬਜਾਏ, ਮੰਮੀ-ਪਾਪਾ ਰੁੱਖੀਆਂ ਗੱਲਾਂ ਕਰਨ ਲੱਗ ਜਾਂਦੇ। ਗੁੱਸੇ ’ਚ ਬੋਲਦੇ। ਮੈਂ ਹੈਰਾਨ ਸਾਂ ਤੇ ਪ੍ਰੇਸ਼ਾਨ ਵੀ। ਸਰੀਰਕ ਕਮਜ਼ੋਰੀ ਵੀ ਮਹਿਸੂਸ ਹੋਣ ਲੱਗੀ।

ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਕਿਸੇ ਭਿਆਨਕ ਬਿਮਾਰੀ ਦੀ ਸ਼ਿਕਾਰ ਹੋ ਗਈ ਹਾਂ। ਮੈਂ ਬਹੁਤ ਰੋਈ। ਘਰ ਦਾ ਮਾਹੌਲ ਐਨਾ ਘੁਟਣ ਭਰਿਆ

112/ਰੇਤ ਦੇ ਘਰ