ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਇੱਕ ਦੂਜੇ ਦੇ ਮੱਥੇ ਲੱਗਣਾ ਵੀ ਮੁਸ਼ਕਿਲ। ਕਾਲਜ ਜਾਣ ਜਾਂ ਕਿਸੇ ਹੋਰ ਕੰਮ ਕਰਨ ਦਾ ਹੁਣ ਕੋਈ ਮਕਸਦ ਨਹੀਂ ਸੀ ਰਹਿ ਗਿਆ। ਮੰਮੀ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਘਰ ਰਹਿਣਾ ਹੋਰ ਵੀ ਔਖਾ ਲੱਗੇ। ਮੈਂ ਵੱਧ ਤੋਂ ਵੱਧ ਘਰ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ।

ਜਦੋਂ ਮੈਂ ਤੈਨੂੰ ਮਿਲੀ, ਉਹ ਵੀ ਮਾਂ-ਬਾਪ ਤੋਂ ਦੂਰ ਰਹਿਣ ਦਾ ਇੱਕ ਬਹਾਨਾ ਸੀ। ਕੁੱਝ ਦਿਨਾਂ ਲਈ ਉਸ ਕੈਰੇਬੀਅਨ ਟਾਪੂ ’ਤੇ ਰਹਿਣ ਲਈ ਗਈ ਸਾਂ। ਮੈਨੂੰ ਇਹ ਅਹਿਸਾਸ ਹੋਣ ਲੱਗਾ ਸੀ ਕਿ ਹੁਣ ਕਦੀ ਵੀ ਮੇਰਾ ਆਪਣਾ ਕੋਈ ਘਰ ਪਰਿਵਾਰ ਨਹੀਂ ਹੋਵੇਗਾ। ਇਸੇ ਲਈ ਹਰ ਰੋਜ਼ ਬੀਚ ’ਤੇ ਜਾ, ਰੇਤ ਦੇ ਘਰ ਬਣਾ-ਬਣਾ ਮਨ ਪਰਚਾਉਂਦੀ ਰਹਿੰਦੀ। ਜ਼ਿੰਦਗੀ ਬਾਰੇ ਸੋਚਦੀ ਤਾਂ ਅੱਗੇ ਕੋਈ ਹਨੇਰੀ ਖਾਈ ਦਿਖਾਈ ਦਿੰਦੀ। ਪਿੱਛੇ ਨੂੰ ਸੋਚਦੀ ਤਾਂ ਆਪਣੀ ਬੇ-ਅਕਲੀ ਸਾਹਮਣੇ ਆ ਜਾਂਦੀ। ਭਾਵੇਂ ਮੰਮੀ-ਪਾਪਾ ਨੇ ਮੈਨੂੰ ਕੁੱਝ ਵੀ ਸਪੱਸ਼ਟ ਨਹੀਂ ਸੀ ਕੀਤਾ ਤੇ ਮੈਂ ਵੀ ਆਪਣੀ ਕੋਈ ਗੱਲ ਮੰਮੀ-ਪਾਪਾ ਨੂੰ ਨਹੀਂ ਸੀ ਦੱਸੀ, ਫਿਰ ਵੀ ਮੈਂ ਮੌਤ ਦਾ ਇੰਤਜ਼ਾਰ ਕਰਨ ਲੱਗ ਪਈ ਸਾਂ ਤੇ ਇਹ ਇੰਤਜ਼ਾਰ ਦਾ ਸਮਾਂ ਬੜਾ ਔਖਾ ਲੱਗਦਾ ਸੀ।

ਅਚਾਨਕ ਤੂੰ ਮਿਲ ਪਿਆ। ਤੇਰੀ ਕਹਾਣੀ ਸੁਣੀ ਤਾਂ ਸਭ ਕੁੱਝ ਹੀ ਬਦਲ ਗਿਆ। ਮੌਤ ਦਾ ਉਹ ਔਖਾ ਤੇ ਦੁਖਦਾਈ ਇੰਤਜ਼ਾਰ, ਸੌਖਾ ਲੱਗਣ ਲੱਗਾ। ਸੋਚਿਆ, ‘ਲੋਕ ਪਹਾੜ ਜਿੱਡੇ ਦੁੱਖ ਆਪਣੇ ਸੀਨੇ ਵਿੱਚ ਲਈ ਫਿਰਦੇ ਹਨ ਤੇ ਜੀਅ ਰਹੇ ਹਨ।’ ਇਸ ਗੱਲ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰੇ ਅੰਦਰ ਜਬਰਦਸਤ ਤਬਦੀਲੀ ਆਈ।

ਮੈਂ ਆਪਣੇ ਸੀਨੇ ਨੂੰ ਪੱਥਰ ਬਣਾ ਲਿਆ। ਹੁਣ ਮੰਮੀ-ਪਾਪਾ ਜਾਂ ਕਿਸੇ ਦੀ ਗੱਲ ਦਾ ਬੁਰਾ ਨਹੀਂ ਮਨਾਉਂਦੀ। ਕਈ ਵਾਰ ਮੰਮੀ ਘੁੱਟ ਕੇ ਸੀਨੇ ਨਾਲ ਲਾ ਕਿੰਨਾ-ਕਿੰਨਾ ਚਿਰ ਦੁਲਾਰਦੀ ਰਹਿੰਦੀ ਹੈ। ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਜਾਂਦਾ ਹੈ। ਜੋ ਮੈਥੋਂ ਵੇਖਿਆ ਨਹੀਂ ਜਾਂਦਾ। ਪਾਪਾ ਦੇ ਵਤੀਰੇ ਵਿੱਚ ਵੀ ਤਬਦੀਲੀ ਹੈ। ਮੈਂ ਜਾਣਦੀ ਹਾਂ, ਉਨਾਂ ਦੇ ਮਨ ਵਿੱਚ ਬਹੁਤ ਵੱਡਾ ਦੁੱਖ ਹੈ, ਜਿਸ ਨੂੰ ਉਨ੍ਹਾਂ ਪ੍ਰਮਾਤਮਾ ਦੀ ਹੋਣੀ ਮੰਨ ਲਿਆ ਹੈ।

ਮੇਰੇ ਅੰਦਰ ਆਈ ਤਬਦੀਲੀ ਤੇਰੇ ਮਿਲਣ ਕਰਕੇ ਹੈ। ਤੇਰੀ ਦਰਦਾਂ ਭਰੀ ਕਹਾਣੀ ਸੁਣਨ ਕਰਕੇ ਹੈ। ਤੇਰੇ ਨਾਲ ਕੀਤੀਆਂ ਗੱਲਾਂ ਕਰਕੇ ਹੈ। ਤੇਰੀ ਉਹ ਘੁੱਟ ਕੇ ਪਾਈ ਜੱਫੀ, ਜਤਾਏ ਮੋਹ ਤੇ ਪਿਆਰ ਕਰਕੇ ਹੈ। ਵਰਨਾ ਮੇਰੀ ਰੂਹ ਭਟਕ ਹੀ ਰਹੀ ਸੀ। ਪਹਿਲਾਂ ਜਿਸ ਇਨਸਾਨ ਦੀਆਂ ਅੱਖਾਂ ਤੇ ਦਿਲ ’ਚ ਮੈਂ ਪਿਆਰ ਦੇਖਦੀ ਰਹੀ, ਉਹ ਸਭ ਛਲਾਵਾ ਜੁ ਸਾਬਤ ਹੋਇਆ ਸੀ।

ਪਿਆਰ ਤਾਂ ਤੇਰੀਆਂ ਅੱਖਾਂ ’ਚ ਸੀ। ਕੋਈ ਰੂਹਾਨੀ ਪਿਆਰ। ਵਿਡੰਬਨਾ....ਹੁਣ ਮੈਂ ਇਸ ਪਿਆਰ ਨੂੰ ਪਾਉਣ ਦੀ ਸਥਿਤੀ ’ਚ ਨਹੀਂ ਸੀ। ਫਿਰ

113/ਰੇਤ ਦੇ ਘਰ