ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਤੇਰੇ ਇਸ ਪਿਆਰ ਨੇ ਮੇਰੇ ਅੰਦਰ ਉਹ ਟੌਨਿਕ, ਉਹ ਸ਼ਕਤੀ, ਉਹ ਐਨਰਜੀ ਭਰ ਦਿੱਤੀ ਸੀ ਕਿ ਹੁਣ ਮੈਂ ਇੱਕ ਬਦਲੀ ਹੋਈ ਔਰਤ ਸਾਂ।

ਹੁਣ ਕਿਸੇ ਨਾਲ ਵੀ ਕੋਈ ਗ਼ਿਲਾ ਨਹੀਂ। ਫਿਰ ਵੀ ਇੱਕ ਗੱਲ ਵਾਰ-ਵਾਰ ਮਨ ’ਚ ਆਉਂਦੀ ਹੈ। ਜੋ ਕੁੱਝ ਵੀ ਮੈਂ ਭੁਗਤ ਰਹੀ ਹਾਂ, “ਉਸ ਵਿੱਚ ਮੇਰਾ ਕਸੂਰ ਕਿਵੇਂ ਹੈ? ਠੀਕ ਹੈ ਪਿਆਰ ਕੀਤਾ। ਕੀ ਪਿਆਰ ਕਰਨਾ ਪਾਪ ਹੈ? ਕਿਸੇ ’ਤੇ ਵਿਸ਼ਵਾਸ ਕਰਨਾ ਪਾਪ ਹੈ?”

ਯੂਨੀਵਰਸਿਟੀ 'ਚ ਪੜ੍ਹਦੀ ਸੀ। ਡੈਨੀਅਲ ਵੀ ਉੱਥੇ ਹੀ ਪੜ੍ਹਦਾ ਸੀ। ਚੰਗਾ ਲੱਗਣ ਲੱਗਾ। ਉਸ ਨਾਲ ਪਿਆਰ ਹੋ ਗਿਆ। ਪਿਆਰ ਕਰਨਾ ਕੋਈ ਜੁਰਮ ਨਹੀਂ। ਫੇਰ ਡੈਨੀਅਲ ਬੜੇ ਤਕੜੇ ਤੇ ਵਧੀਆ ਪਰਿਵਾਰ ਤੋਂ ਸੀ। ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਅਸੀਂ ਕਾਲਜ ਪੂਰਾ ਹੋਣ ਤੋਂ ਬਾਅਦ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਮਨ ਹੀ ਮਨ ਡੈਨੀਅਲ ਨੂੰ ਆਪਣਾ ਸਭ ਕੁੱਝ ਮੰਨਣ ਲੱਗ ਪਈ ਪਰ ਅਜੇ ਤੱਕ ਮੰਮੀ-ਡੈਡੀ ਨੂੰ ਕੁੱਝ ਵੀ ਨਹੀਂ ਸੀ ਦੱਸਿਆ, ਸੋਚਿਆ ਮੌਕਾ ਆਉਣ 'ਤੇ ਦੱਸ ਦੇਵਾਂਗੀ।

ਸ਼ਾਦੀ ਦੇ ਫੈਸਲੇ ਤੋਂ ਬਾਅਦ ਡੈਨੀਅਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ, “ਰਜਨੀ ਆਪਾਂ ਇੱਕ-ਦੂਜੇ ਨੂੰ ਪਤੀ-ਪਤਨੀ ਮੰਨ ਚੁੱਕੇ ਹਾਂ। ਸ਼ਾਦੀ!....ਉਹ ਤਾਂ ਇੱਕ ਸਮਾਜਿਕ ਰਸਮ ਹੈ। ਜਦ ਮਰਜ਼ੀ ਪੂਰੀ ਕਰ ਲਈਏ। ਆਈ ਲਵ ਯੂ ਡਾਰਲਿੰਗ।”

ਪੱਛਮ ਦਾ ਪ੍ਰਭਾਵ ਕਹਿ ਲਵੋ, ਕੁਆਰੇ ਮਨ ਦੀ ਸੁੱਚੀ ਭਾਵਨਾ ਕਹਿ ਲਵੋ, ਉਸ ਨਾਲ ਸਰੀਰਕ ਸਬੰਧ ਬਣਾ ਲਏ। ਮਨ ਨੂੰ ਇਹੀ ਤਸੱਲੀ ਦਿੰਦੀ ਰਹੀ, ‘ਸ਼ਾਦੀ ਵੀ ਤਾਂ ਡੈਨੀਅਲ ਨਾਲ ਹੀ ਕਰਨੀ ਹੈ....ਕੀ ਗਲਤ ਹੈ।’ ਬਸ ਏਥੇ ਹੀ ਮੈਂ ਧੋਖਾ ਖਾ ਬੈਠੀ।

ਹੁਣ ਸੋਚਦੀ ਹਾਂ ਮੈਂ ਗਲਤ ਸੀ। ਕਦੇ-ਕਦੇ ਇਹ ਵੀ ਸੋਚਦੀ ਹਾਂ, ‘ਮੈਂ ਗਲਤ ਸੀ ਜਾਂ ਡੈਨੀਅਲ?’

ਪਰ ਹੁਣ ਸੋਚਣ ਦਾ ਕੀ ਫਾਇਦਾ। ਇੱਕ ਦਿਨ ਪਤਾ ਲੱਗਾ ਉਹ ਡਰੱਗਜ਼ ਦੀ ਵਰਤੋਂ ਕਰਦਾ ਹੈ। ਮੈਂ ਗੁੱਸਾ ਜ਼ਾਹਰ ਕੀਤਾ ਪਰ ਉਹ ਮੈਨੂੰ ਹੀ ਸਮਝਾਉਣ ਲੱਗ ਪਿਆ, ‘ਕਮ ਆਨ ਡਾਰਲਿੰਗ, ਬੀ ਬਰੇਵ, ਇਹ ਕੋਈ ਖ਼ਾਸ ਗੱਲ ਨੀ।”

ਹੌਲੀ-ਹੌਲੀ ਹੋਰ ਪਤਾ ਲੱਗਣ ਲੱਗਾ। ਅਮੀਰ ਮਾਂ-ਬਾਪ ਦੇ ਮੁੰਡੇ-ਕੁੜੀਆਂ ਦਾ ਇੱਕ ਗਰੁੱਪ ਹੈ, ਜੋ ਰਲ ਕੇ ਡਰੱਗ ਲੈਂਦੇ ਹਨ। ਗਰੁੱਪ-ਸੈਕਸ ਵੀ ਕਰਦੇ ਹਨ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਜਦ ਮੈਂ ਹੋਰ ਗੁੱਸਾ ਦਿਖਾਉਣ ਲੱਗੀ ਤਾਂ ਡੈਨੀਅਲ ਉਲਟਾ ਮੇਰੇ ’ਤੇ ਭੜਕ ਪਿਆ ਤੇ ਨਾਲ ਇੱਕ

114/ਰੇਤ ਦੇ ਘਰ