ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੇਬਲ ਵੀ ਥੋਪ ਦਿੱਤਾ, ‘ਸ਼ਟ ਅੱਪ....ਮੀਨ ਮਾਈਂਡਿਡ ਇੰਡੀਅਨ। ਛੋਟੀ-ਛੋਟੀ ਗੱਲ ’ਤੇ ਵਾਧੂ ਰੌਲਾ।”

“ਹੈਂਅ! ਮੈਂ ਮੀਨ ਮਾਈਂਡਿਡ। ਮੈਂ ਘਟੀਆ ਸੋਚ ਦੀ ਭਾਰਤੀ?” ਸੋਚ-ਸੋਚ ਹੋਰ ਪ੍ਰੇਸ਼ਾਨ ਤੇ ਅੱਖਾਂ ’ਚ ਹੰਝੂ ਭਰ ਆਏ।

ਮੈਂ ਹੈਰਾਨ ਸੀ ਪਰ ਡੈਨੀਅਲ ਲਈ ਇਹ ਸਭ ਆਮ ਗੱਲ ਸੀ। ਉਸਨੇ ਆਪਣੇ ਗਰੁੱਪ ’ਚ ਤੇ ਇਸ ਖੇਡ ’ਚ ਸ਼ਾਮਿਲ ਹੋਣ ਲਈ ਵੀ ਮੇਰੇ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਹੋਰ ਪ੍ਰੇਸ਼ਾਨ ਹੋ ਗਈ। ਅਖੀਰ ਮੈਂ ਸ਼ਾਮਿਲ ਹੋਣ ਤੋਂ ਕੋਰਾ ਜਵਾਬ ਦੇ ਦਿੱਤਾ। ਫਿਰ ਆਪਣੀ ਜ਼ਿੰਦਗੀ ’ਚੋਂ ਉਸ ਮੈਨੂੰ ਇੰਝ ਬਾਹਰ ਕਰ ਦਿੱਤਾ, ਜਿਵੇਂ ਦੁੱਧ ’ਚੋਂ ਮੱਖੀ। ਉਹ ਖੁੱਲ੍ਹੇਆਮ ਕਿਸੇ ਹੋਰ ਗੋਰੀ ਲੜਕੀ ਨਾਲ ਘੁੰਮਣ ਲਗਾ। ਮੈਂ ਅੰਦਰ ਹੀ ਅੰਦਰ ਤੜਫ਼ ਕੇ ਰਹਿ ਗਈ।

ਖ਼ੈਰ! ਇਹ ਸਭ ਗੱਲਾਂ ਸੋਚਣ ਤੇ ਕਰਨ ਦਾ ਹੁਣ ਕੋਈ ਲਾਭ ਤੇ ਫ਼ਾਇਦਾ ਨਹੀਂ। ਇਹ ਤਾਂ ਇਸ ਲਿਖ ਰਹੀ ਹਾਂ ਕਿ ਇਕੱਲਾ ਲੇਬਲ ਤਾਂ ਕਿਸੇ ਤਰ੍ਹਾਂ ਲਾਹ ਵੀ ਦਿੰਦੀ। ਜ਼ਿੰਦਗੀ ਨੂੰ ਫਿਰ ਰਾਹ ’ਤੇ ਪਾ ਲੈਂਦੀ। ਮੈਨੂੰ ਤਾਂ ਬਾਅਦ ’ਚ ਪਤਾ ਲੱਗਾ ਉਹ ਤਾਂ ਇੱਕ ਨਾ-ਮੁਰਾਦ ਬਿਮਾਰੀ ਵੀ ਮੇਰੀ ਝੋਲੀ ਪਾ ਗਿਆ। ਜਿਸ ਬਾਰੇ ਮੰਮੀ-ਪਾਪਾ ਗੁੱਸੇ ਸਨ ਪਰ ਮੈਨੂੰ ਦੱਸਿਆ ਨਹੀਂ ਸੀ। ਓਹਲਾ ਰੱਖ ਰਹੇ ਸਨ। ਸੋਚਦੇ ਹੋਣਗੇ, ‘ਸੁਣ ਕੇ ਬੇਟੀ ਕਿਤੇ ਹੋਰ ਟੈਂਸ਼ਨ ਨਾ ਪਾ ਲਵੇ। ਕਿਤੇ ਸੂਸਾਈਡ ਹੀ ਨਾ ਕਰ ਲਵੇ। ਮਾਪੇ ਤਾਂ ਬਥੇਰਾ ਕੁੱਝ ਸੋਚਦੇ ਨੇ।’

ਮਨ ਤੋਂ ਭਾਵੇਂ ਦੁਖੀ ਸਨ ਪਰ ਉਨ੍ਹਾਂ ਇਲਾਜ ਦੀ ਪੂਰੀ ਵਾਹ ਲਾਈ ਰੱਖੀ। ਡਾਕਟਰਾਂ ਵੀ ਬਥੇਰਾ ਜ਼ੋਰ ਲਾਇਆ। ਰੋਟੀ ਨਾਲੋਂ ਵੱਧ ਮੈਂ ਦਵਾਈਆਂ ਖਾਧੀਆਂ। ਕੁੱਝ ਚਿਰ ਅਸਰ ਵੀ ਹੋਇਆ ਪਰ ਬਾਅਦ ’ਚ ਦਵਾਈਆਂ ਵੀ ਅਸਰ ਕਰਨ ਤੋਂ ਅਸਮਰੱਥ ਹੋ ਗਈਆਂ। ਹੁਣ ਤਾਂ ਸਰੀਰ ਵੀ ਸੁੱਕ ਕੇ ਤਾਂਬੜ ਬਣ ਗਿਆ ਹੈ। ਤੇਰੇ ਸਾਹਮਣੇ ਵੀ ਆ ਜਾਵਾਂ ਤੂੰ ਪਹਿਚਾਣ ਨਹੀਂ ਸਕੇਂਗਾ। ਹੁਣ ਤਾਂ ਮੈਂ ਚੰਦ ਦਿਨਾਂ ਦੀ ਹੀ ਪ੍ਰਾਹੁਣੀ ਹਾਂ।

ਰਵੀ....ਭਾਵੇਂ ਮੈਂ ਅੱਜ ਵੀ ਸਮਝਦੀ ਹਾਂ ਪਿਆਰ ਕਰਨਾ ਕੋਈ ਪਾਪ ਨਹੀਂ ਪਰ ਮਾਂ-ਬਾਪ ਤੋਂ ਓਹਲਾ, ਇਹ ਪਾਪ ਹੀ ਸੀ। ਉਹ ਮਾਂ-ਬਾਪ, ਜਿਨ੍ਹਾਂ ਆਪਣਾ ਸਭ ਕੁੱਝ ਮੇਰੇ ’ਤੇ ਨਿਛਾਵਰ ਕੀਤਾ, ਮੈਂ ਉਨ੍ਹਾਂ ਨੂੰ ਹੀ ਧੋਖਾ ਦਿੱਤਾ। ਉਨ੍ਹਾਂ ਦੇ ਲਾਡ-ਪਿਆਰ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਰੱਬ ਵਰਗੇ ਮਾਪਿਆਂ ’ਤੇ ਵਿਸ਼ਵਾਸ ਕਰਨ ਦੀ ਬਜਾਏ, ਉਸ ਡੈਨੀਅਲ ’ਤੇ ਵਿਸ਼ਵਾਸ ਕੀਤਾ, ਜਿਸ ਨੇ ਮੇਰੇ ਅਰਮਾਨਾਂ ਨੂੰ ਬੁਰੀ ਤਰ੍ਹਾਂ ਪੈਰਾਂ ਹੇਠ ਕੁਚਲਿਆ। ਮੇਰੀਆਂ ਖ਼ੁਸ਼ੀਆਂ ਦਾ ਕਤਲ ਕੀਤਾ। ਸੱਚੀਆਂ-ਸੁੱਚੀਆਂ ਭਾਵਨਾਵਾਂ ਦਾ ਕਤਲ ਕੀਤਾ। ਕੁਆਰੇ ਮਨ ਦੀ ਸੋਚ, ਇਮਾਨਦਾਰੀ, ਵਫ਼ਾਦਾਰੀ ਦਾ ਮਜ਼ਾਕ ਉਡਾਇਆ। ਮੈਨੂੰ ਗੰਦੀ ਨਾਲੀ ਦਾ ਕੀੜਾ ਸਮਝ ਉਸ ਚਿੱਕੜ ਵਿੱਚ ਸੁੱਟ ਦਿੱਤਾ, ਜਿਸ ਵਿੱਚ

115/ਰੇਤ ਦੇ ਘਰ