ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਡੀ ਦੌੜੀ ਜਾ ਰਹੀ

ਵੈਸੇ ਤਾਂ ਹੁਣ ਯਾਦਾਂ ਧੁੰਦਲੀਆਂ ਪੈਣ ਲੱਗ ਗਈਆਂ ਪਰ ਇੱਕ ਮੁੰਡਾ ਜੋ ਉਸ ਵੇਲੇ ਮੁੰਡਾ ਸੀ, ਕਦੇ ਨੀ ਭੁੱਲਦਾ। ਪਤਾ ਨਹੀਂ ਹੁਣ ਕਿੱਥੇ ਹੈ। ਕਿਤੇ ਹੈ ਵੀ ਜਾਂ ਨਹੀਂ। ਹੈ ਤਾਂ ਕਿਸ ਹਾਲ ’ਚ, ਪ੍ਰਮਾਤਮਾ ਹੀ ਜਾਣਦਾ ਹੈ ਪਰ ਜਿੱਥੇ ਵੀ ਹੈ, ਪ੍ਰਮਾਤਮਾ ਉਸ ਦਾ ਭਲਾ ਕਰੇ।

ਮੈਂ ਬੰਬਈ (ਮੁੰਬਈ) ਦੇ ਸੈਂਟਰਲ ਸਟੇਸ਼ਨ ਤੋਂ ਗੱਡੀ ਫੜੀ। ਰੀਜ਼ਰਵੇਸ਼ਨ ਨਾ ਹੋਣ ਕਰਕੇ ਇੱਕ ਆਮ ਡੱਬੇ ਵਿੱਚ ਚੜ੍ਹਿਆ। ਡੱਬੇ ਅੰਦਰ ਬੜੀ ਭੀੜ ਸੀ। ਪਲੇਟਫਾਰਮ ’ਤੇ ਵੀ ਭੀੜ ਸੀ। ਅਖ਼ੀਰ ਇੱਕ ਲੰਬੀ ਸੀਟੀ ਵੱਜੀ, ਫਿਰ ਦੂਸਰੀ ਸੀਟੀ ਤੇ ਗੱਡੀ ਚੱਲ ਪਈ। ਜਲਦੀ ਹੀ ਗੱਡੀ ਨੇ ਸਪੀਡ ਫੜ ਲਈ। ਮੁੰਬਈ ਸ਼ਹਿਰ ਦੀਆਂ ਬਿਲਡਿੰਗਾਂ ਪਿੱਛੇ ਵੱਲ ਨੂੰ ਦੌੜਨ ਲੱਗੀਆਂ ....ਗੱਡੀ ਦੌੜੀ ਜਾ ਰਹੀ ਸੀ।

ਮੈਂ ਡੱਬੇ ਦੇ ਦਰਵਾਜ਼ੇ ’ਚ ਰੇਲਿੰਗ ਫੜੀ ਖੜ੍ਹਾ ਬਾਹਰ ਵੱਲ ਦੇਖ ਰਿਹਾ ਸੀ। ਸਾਮਾਨ ਅਜੇ ਰਸਤੇ ’ਚ ਹੀ ਪਿਆ ਸੀ। ਸੋਚਿਆ, ਪਹਿਲਾਂ ਸਾਮਾਨ ਸੈੱਟ ਕੀਤਾ ਜਾਵੇ, ਫੇਰ ਬੈਠਣ ਦਾ ਕੋਈ ਪ੍ਰਬੰਧ ਦੇਖਦੇ ਹਾਂ।

ਮੈਂ ਆਪਣਾ ਸੂਟਕੇਸ ਇੱਕ ਸੀਟ ਦੇ ਹੇਠਾਂ ਸੈੱਟ ਕਰ ਦਿੱਤਾ। ਹੈੱਡ-ਬੈਗ ਨੂੰ ਉੱਪਰ ਰੱਖਣਾ ਠੀਕ ਸਮਝਿਆ, ਕਈ ਵਾਰ ਕੋਈ ਚੀਜ਼ ਕੱਢਣੀ ਪੈ ਜਾਂਦੀ ਹੈ। ਹੈਂਡ-ਬੈਗ ਨੂੰ ਉੱਪਰ ਰੱਖਣ ਲਈ ਪਹਿਲਾਂ ਤੋਂ ਪਏ ਇੱਕ ਬੈਗ ਨੂੰ ਥੋੜ੍ਹਾ ਸਰਕਾਉਣਾ ਪੈਣਾ ਸੀ। ਸਰਕਾਉਣ ਲਈ ਅਜੇ ਹੱਥ ਹੀ ਲਾਇਆ ਸੀ ਕਿ ਅਚਾਨਕ, “ਏ ਸਰਦਾਰ, ਕਿਆ ਕਰ ਰਹੇ ਹੋ? ਸਾਮਾਨ ਕੋ ਹਾਥ ਨਹੀਂ ਲਗਾਨਾ।” ਇੱਕ ਤਿੱਖੀ ਕੜਕਦੀ ਆਵਾਜ਼ ਮੇਰੇ ਕੰਨਾਂ ’ਚ ਗੂੰਜੀ।

ਸਾਮਾਨ ਤੋਂ ਧਿਆਨ ਹਟਾ ਮੈਂ ਪਿੱਛੇ ਮੁੜ ਕੇ ਦੇਖਿਆ। ਸਾਹਮਣੇ ਵਾਲੀਆਂ ਲੰਬੀਆਂ ਸੀਟਾਂ ’ਤੇ ਛੇ-ਸੱਤ ਸਵਾਰੀਆਂ ਬੈਠੀਆਂ ਸਨ। ਯੂ.ਪੀ. ਦੀਆਂ ਲਗਦੀਆਂ ਇਹ ਸਵਾਰੀਆਂ ਮੇਰੀ ਤਰਫ਼ ਘੂਰ-ਘੂਰ ਕੇ ਦੇਖ ਰਹੀਆਂ ਸਨ, ਜਿਵੇਂ ਮੈਂ ਕੋਈ ਗੁਨਾਹ ਜਾਂ ਅਪਰਾਧ ਕੀਤਾ ਹੋਵੇ। ਮੈਂ ਸ਼ਾਂਤ ਰਿਹਾ। ਸਾਰਿਆਂ ਨੂੰ ਸੰਬੋਧਨ ਹੋ ਆਰਾਮ ਨਾਲ ਪੁੱਛਿਆ, “ਕਿਆ ਹੋ ਗਿਆ ਭਈ?”

ਇੱਕ ਮਾੜਚੂ ਜਿਹੇ ਮੁੰਡੇ ਨੇ ਬੀੜੀ ਦਾ ਲੰਬਾ ਕਸ਼ ਖਿੱਚ, ਧੂੰਆਂ ਮੇਰੇ ਵੱਲ ਨੂੰ ਛੱਡਿਆ। ਫਿਰ ਬੜੀ ਤੇਜ਼, ਤਿੱਖੀ ਤੇ ਕਟਾਖ਼ਸ਼ ਭਰੀ ਆਵਾਜ਼ ’ਚ

117/ਰੇਤ ਦੇ ਘਰ