ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਲੋਕ ਨੇ, ਛੱਡ ਪਰ੍ਹੇ। ਤੈਨੂੰ ਪਤਾ ਹੀ ਹੈ ਬੜਾ ਕੁੱਝ ਬਦਲ ਗਿਆ। ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਸਮਾਂ ਵਿਚਾਰਨਾ ਚਾਹੀਦੈ। ਲੜਨ ਦਾ ਕੋਈ ਫ਼ਾਇਦਾ ਨਹੀਂ। ਬੜਾ ਕੁੱਝ ਬਦਲ ਰਿਹਾ ਹੈ, ਕਿਸ-ਕਿਸ ਦਾ ਮੂੰਹ ਫੜੇਂਗਾ। ਕਿਸ-ਕਿਸ ਨਾਲ ਲੜਦਾ ਰਹੇਂਗਾ।”

“ਉਹ ਤਾਂ ਠੀਕ ਹੈ ਲੜਾਈ ਦਾ ਕੋਈ ਫ਼ਾਇਦਾ ਨਹੀਂ ਪਰ ਲੜਾਈ ਤਾਂ ਉਹ ਕਰਨ ਨੂੰ ਫਿਰਦੇ ਸੀ। ਸਿਗਰਟ ਦਾ ਧੂੰਆਂ, ਨਾਲ ਰੁੱਖੀ ਤੇ ਖਰਵੀਂ ਭਾਸ਼ਾ। ਆਰਾਮ ਨਾਲ ਵੀ ਕਹਿ ਸਕਦੇ ਸੀ।” ਮੈਂ ਦਲੀਲ ਦਿੱਤੀ।

“ਮੈਂ ਸਮਝ ਸਕਦਾ ਉਹਨਾਂ ਦੀਆਂ ਕਹੀਆਂ ਗੱਲਾਂ ਤੈਨੂੰ ਕੌੜੀਆਂ ਲੱਗੀਆਂ। ਕੰਡਿਆਂ ਵਾਂਗ ਚੁਭ ਰਹੀਆਂ ਹੋਣਗੀਆਂ ਪਰ ਇਹ ਕੰਡੇ ਕਿਤੇ ਇੱਕ ਥਾਂ ਨੇ, ਇਹ ਤਾਂ ਥਾਂ-ਥਾਂ ਖਿੱਲਰੇ ਪਏ ਨੇ। ਬਥੇਰਿਆਂ ਨੂੰ ਚੁਭ ਕੇ ਰੜਕੀ ਜਾ ਰਹੇ ਨੇ। ਮੇਰੇ ਵੱਲ ਵੇਖ, ਮੈਂ ਅਕਸਰ ਗੱਡੀ ਦਾ ਸਫ਼ਰ ਕਰਦਾ ਰਹਿੰਦਾ ਹਾਂ। ਇਨ੍ਹਾਂ ਲੋਕਾਂ ਦੇ ਬਦਲੇ ਸੁਭਾਅ ਨੂੰ ਖ਼ੂਬ ਜਾਣਦਾ ਹਾਂ। ਨਾ ਮੇਰੇ ਸਿਰ ’ਤੇ ਪੱਗ ਹੈ ਤੇ ਨਾ ਮੈਂ ਸਿੱਖ-ਸਰਦਾਰ ਹਾਂ ਪੰਜਾਬੀ ਬੋਲਣ ਕਰਕੇ ਇਹ ਲੋਕ ਮੈਨੂੰ ਵੀ ਸਰਦਾਰ ਸਮਝਣ ਲੱਗ ਪੈਂਦੇ ਨੇ। ਕਈ ਵਾਰ ਇਨ੍ਹਾਂ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਚੁੱਕਾ ਹਾਂ। ਤਾਹਨੇ-ਮਿਹਣੇ ਵੀ ਸੁਣਨੇ ਪਏ ਨੇ। ਇਹ ਕਹਿੰਦੇ ਨੇ, ‘ਤੁਸੀਂ ਸਾਡੀ ਮਾਂ ਮਾਰ ਦਿੱਤੀ।’ ਬਹੁਤ ਲੋਕ ਨੇ ਜਿਨ੍ਹਾਂ ਦੇ ਮਨ ’ਚ ਅਜੇ ਵੀ ਗੁੱਸਾ ਭਰਿਆ ਪਿਆ। ਇਸੇ ਲਈ ਤੈਨੂੰ ਏਧਰ ਲੈ ਆਇਆ। ਗੱਲ ਹੋਰ ਵਿਗੜ ਜਾਂਦੀ, ਤੁਸੀਂ ਆਪਸ ਵਿੱਚ ਉਲਝ ਜਾਣਾ ਸੀ। ਕੋਈ ਫ਼ਾਇਦਾ ਨੀ ਸੀ ਹੋਣਾ, ਉਲਟਾ ਨੁਕਸਾਨ ਹੋ ਸਕਦਾ ਸੀ।”

ਗੌਰ ਨਾਲ ਗੱਲ ਸੁਣਦਿਆਂ ਮੈਂ ਉਸ ਵੱਲ ਵੇਖਣ ਲੱਗਾ। ਉਹ ਫਿਰ ਬੋਲਣ ਲੱਗਾ, “ਹੋਰ ਸੁਣ, ਇੱਕ ਜ਼ਖ਼ਮ ਮੇਰੇ ਅੰਦਰ ਵੀ ਹੈ, ਜੋ ਹੁਣ ਨਾਸੂਰ ਬਣ ਗਿਆ ਹੈ। ਮੈਂ ਕਿਸੇ ਨੂੰ ਵਿਖਾ ਵੀ ਨਹੀਂ ਸਕਦਾ। ਕੀ ਕਰਾਂ, ਕਿਸੇ ਨੂੰ ਕੀ ਕਹਾਂ। ਤੇਰੇ ਅੰਦਰ ਮੱਚੀ ਅੱਗ ਬਿਲਕੁਲ ਠੀਕ ਹੈ। ਇਹ ਕਿਤੇ ਇੱਕ ਥਾਂ ਥੋੜ੍ਹਾ ਹੈ। ਬਥੇਰੇ ਭਾਂਬੜ ਹੋਰਨਾਂ ਅੰਦਰ ਵੀ ਮੱਚੇ ਨੇ। ਇਨ੍ਹਾਂ ਭਾਂਬੜਾਂ ਦਾ ਸੇਕ ਵੀ ਬੜੀ ਦੂਰ-ਦੂਰ ਤੱਕ ਗਿਆ। ਇਸ ਸੇਕ ਨੇ ਬੜਿਆਂ ਦੀ ਜ਼ਿੰਦਗੀ ’ਤੇ ਅਸਰ ਪਾਇਆ। ਕਈਆਂ ਦੀ ਜ਼ਿੰਦਗੀ ਤਾਂ ਸਵਾਹ ਹੀ ਹੋ ਗਈ, ਕੀ ਕਰੀਏ?”

ਉਸ ਦੀਆਂ ਗੱਲਾਂ ਸੁਣ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਣ ਲੱਗਾ, ‘ਇਹ ਵੀ ਕੋਈ ਦੁਖੀ ਆਤਮਾ ਲੱਗਦਾ ਹੈ।’

ਹੌਲੀ ਜਿਹੀ ਮੈਂ ਪੁੱਛਿਆ, “ਬਾਈ ਕੀ ਗੱਲ, ਤੂੰ ਵੀ ਦਿਲ ’ਚ ਕੋਈ ਗ਼ਮ ਲਈ ਫਿਰਦਾ ਲੱਗਦੈ।”

ਉਸਨੇ ਸਿਰ ਨੂੰ ਥੋੜ੍ਹਾ ਝਟਕਿਆ ਤੇ ਸਹਿਜ ਹੋ ਕੇ ਪੁੱਛਣ ਲੱਗਾ, “ਛੱਡ ਸਭ ਕੁੱਝ, ਐਵੇਂ ਆਪਣੀ ਰਾਮ ਕਹਾਣੀ ਛੇੜ ਬੈਠਾ। ਇਹ ਦੱਸ ਵੀਰ

119/ਰੇਤ ਦੇ ਘਰ