ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣ ਰਹੇ ਸੀ। ਗੱਡੀ ਦੌੜੀ ਜਾ ਰਹੀ ਸੀ।

ਫੇਰ ਹਲਕੀਆਂ-ਫੁਲਕੀਆਂ ਗੱਲਾਂ ਸ਼ੁਰੂ ਹੋ ਗਈਆਂ। ਦੀਪਕ ਤੇ ਇੱਕ ਹੋਰ ਸਾਥੀ ਨੇ ਦੱਸਿਆ ਉਨ੍ਹਾਂ ਦਿੱਲੀ ਉਤਰਨਾ ਹੈ। ਚਾਂਦ ਭਾਰਦਵਾਜ਼ ਦੇ ਹਿਮਾਚਲੀ ਸਨ, ਜਿਨ੍ਹਾਂ ਪਠਾਨਕੋਟ ਉਤਰਨਾ ਸੀ। ਇੱਕ ਪੰਕਜ ਸੀ, ਜਿਸ ਨੇ ਅੰਬਾਲੇ ਉਤਰਨਾ ਸੀ। ਮੈਂ ਦੱਸਿਆ ਮੇਰਾ ਨਾਮ ਤਾਂ ਪ੍ਰੀਤਮ ਹੈ ਪਰ ਸਾਰੇ ਮੈਨੂੰ ਪ੍ਰੀਤ ਹੀ ਬੁਲਾਉਂਦੇ ਹਨ। ਕੱਲ੍ਹ ਹੀ ਜਹਾਜ਼ ਮੁੰਬਈ ਬੰਦਰਗਾਹ 'ਤੇ ਲੱਗਾ ਸੀ ਤੇ ਅਚਾਨਕ ਛੁੱਟੀ ਜਾਣਾ ਪੈ ਰਿਹਾ ਹੈ। ਇਸ ਤਰ੍ਹਾਂ ਇੱਕ-ਦੂਜੇ ਨਾਲ ਜਾਣ-ਪਛਾਣ ਹੋ ਗਈ।

"ਯਾਰ ਦੀਪਕ ਤੂੰ ਬੜੇ ਉਦਾਸ ਲਹਿਜ਼ੇ ਵਿੱਚ ਇੱਕ ਗੱਲ ਕਹੀ ਸੀ, ਕਿ ਲੁਧਿਆਣੇ ਨਾਲ ਮੇਰੀ ਜ਼ਿੰਦਗੀ ਦੀਆਂ ਅਹਿਮ ਯਾਦਾਂ ਜੁੜੀਆਂ ਹੋਈਆਂ ਹਨ। ਤੂੰ ਭਾਵੁਕ ਵੀ ਹੋ ਗਿਆ ਸੀ। ਤੇਰੇ ਅੰਦਰ ਕੀ ਤੜਫ਼ ਹੈ, ਪਤਾ ਨਹੀਂ ਪਰ ਤੇਰੀ ਗੱਲ ਸੁਣ ਮੇਰਾ ਮਨ ਵੀ ਉਦਾਸ ਹੋ ਗਿਆ। ਬੁਰਾ ਨਾ ਮੰਨੇ ਉਹ ਲੁਧਿਆਣੇ ਵਾਲੀ ਗੱਲ ਪੂਰੀ ਸੁਣਾ। ਕਈ ਵਾਰ ਗੱਲ ਕਰ ਲੈਣ ਨਾਲ ਮਨ ਨੂੰ ਧਰਵਾਸ ਮਿਲਦੈ। ਨਾਲੇ ਤੇਰਾ ਢਿੱਡ ਹੌਲਾ ਹੋ ਜਾਊ, ਨਾਲੇ ਮੇਰੇ ਮਨ ਦੀ ਅੱਚਵੀ।" ਅੰਬਾਲੇ ਵਾਲੇ ਪੰਕਜ ਨੇ ਦੀਪਕ ਵੱਲ ਵੇਖਦਿਆਂ ਕਿਹਾ।

"ਕੀ ਸੁਣਾਵਾਂ ਯਾਰ, ਹੁਣ ਤਾਂ ਜ਼ਖ਼ਮ ਨੇ, ਬੱਸ ਜ਼ਖ਼ਮ। ਜਿੰਨੇ ਉਚੇੜਾਂਗੇ ਉਤਨੇ ਹੀ ਦੁਖਣਗੇ। ਹੁਣ ਤਾਂ ਵੀਰਾਨ ਜ਼ਿੰਦਗੀ ਹੈ ਤੇ ਮੇਰੇ ਲਈ ਸਭ ਕੁੱਝ ਖ਼ਤਮ ਹੋ ਚੁੱਕਾ ਹੈ। ਜ਼ਿੰਦਗੀ ਦੇ ਅਰਥ ਹੀ ਬਦਲ ਗਏ। ਫਿਰ ਵੀ ਸੁਣਨਾ ਹੈ ਤਾਂ ਸੁਣੋ, ਇਸ ਬਾਗ 'ਤੇ ਵੀ ਕਦੀ ਬਹਾਰ ਸੀ। ਮੇਰੀ ਇੱਕ ਦੋਸਤ ਸੀ ਸਰਬੀ, ਸਰਬਜੀਤ। ਦੋਸਤ ਕਾਹਦੀ, ਉਹ ਮੇਰੀ ਜ਼ਿੰਦਗੀ ਸੀ ਤੇ ਮੇਰੀ ਜਾਨ ਵੀ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ, ਬੇ-ਪਨਾਹ ਮੁਹੱਬਤ। ਬੜੇ ਸੁਪਨੇ ਸੀ ਜ਼ਿੰਦਗੀ ਦੇ। ਸਰਬੀ ਮੇਰੇ ਨਾਲ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੀ ਸੀ। ਉਥੇ ਹੀ ਸਾਡਾ ਪਿਆਰ ਪਰਵਾਨ ਚੜ੍ਹਿਆ। ਅਸੀਂ ਜ਼ਿੰਦਗੀ ਭਰ ਇਕੱਠੇ ਰਹਿਣ ਤੇ ਇਕੱਠੇ ਜਿਉਣ ਦੇ ਸੁਪਨੇ ਬੁਣੇ। ਜ਼ਿੰਦਗੀ ਲਈ ਬੜਾ ਕੁੱਝ ਪਲਾਨ ਕੀਤਾ, ਆਹ ਕਰਾਂਗੇ, ਵਾਹ ਕਰਾਂਗੇ। ਅਸੀਂ ਆਪਣੀ ਇੱਕ ਐਸੀ ਦੁਨੀਆਂ ਉਸਾਰ ਲਈ, ਜਿੱਥੇ ਪਿਆਰ ਹੀ ਪਿਆਰ ਸੀ। ਪਿਆਰ ਦੇ ਰੰਗਾਂ 'ਚ ਰੰਗੇ ਉਹ ਦਿਨ ਬਹੁਤ ਹੀ ਖੂਬਸੂਰਤ ਲੱਗਦੇ। ਨਫ਼ਰਤ, ਕੁੜੱਤਣ ਵਰਗੇ ਸ਼ਬਦ ਤਾਂ ਅਸੀਂ ਭੁੱਲ ਹੀ ਗਏ ਸਾਂ। ਫਿਰ ਇੱਕ ਬਹੁਤ ਵੱਡਾ ਝੱਖੜ ਆਇਆ। ਛੋਟੇ ਵੱਡੇ ਕਿੰਨੇ ਹੀ ਦਰੱਖ਼ਤ ਜੜ੍ਹਾਂ ਤੋਂ ਹੀ ਪੁੱਟ ਹੋ ਗਏ। ਘਰਾਂ ਦੇ ਘਰ ਬਰਬਾਦ ਹੋ ਗਏ। ਅਸੀਂ ਵੀ ਬਰਬਾਦ ਹੋ ਗਏ। ਸਾਰੇ ਸੁਪਨੇ ਚੂਰ-ਚੂਰ ਹੋ ਗਏ ਤੇ ਸਭ ਕੁੱਝ ਹੀ ਬਿਖ਼ਰ ਗਿਆ।" ਗੱਲ ਕਰਦਾ-ਕਰਦਾ ਦੀਪਕ ਚੁੱਪ ਹੋ ਗਿਆ। ਉਸਦਾ ਗਲਾ ਭਰ ਆਇਆ। ਅੱਗੇ ਗੱਲ ਕਰਨੀ ਔਖੀ ਲੱਗੀ। ਉਹ ਕੁੱਝ ਚਿਰ ਚੁੱਪ ਰਿਹਾ।

121/ਰੇਤ ਦੇ ਘਰ