ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਅੱਜ ਵੀ ਵੀਰਾਨ ਹਾਂ। ਪਤਾ ਨਹੀਂ ਸਾਡੇ ਵਰਗੇ ਹੋਰ ਕਿੰਨੇ ਬਾਗ ਬਗੀਚੇ ਉੱਜੜੇ ਤੇ ਉਡੀਕ ਰਹੇ ਨੇ ਕਦੀ ਫਿਰ ਬਹਾਰ ਆਵੇ, ਨਵੇਂ ਪੱਤੇ ਆਉਣ, ਨਵੇਂ ਫੁੱਲ ਆਉਣ ਤੇ ਪੰਛੀ ਚਹਿਕਣ। ਏਸੇ ਲਈ ਕਿਹਾ ਸੀ ਕਿ ਬੱਤੀ ਬਿਨਾਂ ਕਾਹਦਾ ਦੀਪਕ।” ਤੇ ਦੀਪਕ ਚੁੱਪ ਕਰ ਗਿਆ।

ਇਕਦਮ ਚੁੱਪ ਛਾ ਗਈ। ਸਾਰੇ ਕਿਧਰੇ ਡੂੰਘੀਆਂ ਸੋਚਾਂ ’ਚ ਜਾ ਡੁੱਬੇ। ਦੀਪਕ ਦੀਆਂ ਅੱਖਾਂ ਵਿੱਚ ਪਾਣੀ ਤੈਰ ਰਿਹਾ ਸੀ। ਗੱਡੀ ਦੌੜੀ ਜਾ ਰਹੀ ਸੀ।

“ਤੂੰ ਬਾਅਦ ’ਚ ਸਰਬੀ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ?” ਕੁੱਝ ਦੇਰ ਬਾਅਦ ਮੈਂ ਹੌਲੀ ਜਿਹੀ ਦੀਪਕ ਨੂੰ ਪੁੱਛਿਆ।

“ਉਸ ਵੇਲੇ ਸਾਡੇ ਕੋਲ ਕੋਈ ਫੋਨ ਨਹੀਂ ਸਨ, ਨਾ ਕੋਈ ਹੋਰ ਕੰਟੈਕਟ। ਬਾਅਦ ’ਚ ਯੂਨੀਵਰਸਿਟੀ 'ਚੋਂ ਹੀ ਪਤਾ ਲੱਗਾ ਕਿ ਉਹ ਘਰ ਪਹੁੰਚੀ ਹੀ ਨਹੀਂ। ਜਦ ਤੱਕ ਮੈਂ ਉਸਦੇ ਘਰ ਬਾਰੇ ਪਤਾ ਕੀਤਾ, ਉਸਦੇ ਘਰ ਵਾਲਿਆਂ ਦਾ ਹਾਲ ਮੇਰੇ ਨਾਲੋਂ ਵੀ ਮਾੜਾ ਸੀ। ਬੜਾ ਲੱਭਿਆ, ਬੜਾ ਲੱਭਿਆ ਪਰ ਕੁੱਝ ਪੱਲੇ ਨਾ ਪਿਆ। ਟੱਕਰਾਂ, ਟੱਕਰਾਂ ਤੇ ਬੱਸ ਸਿਰਫ਼ ਟੱਕਰਾਂ ਪੱਲੇ ਪਈਆਂ।”

ਦੀਪਕ ਦੀਆਂ ਗੱਲਾਂ ਸੁਣ ਮੈਂ ਤਾਂ ਜਿਵੇਂ ਸੁੰਨ ਹੀ ਹੋ ਗਿਆ। ਪੰਕਜ, ਜੋ ਦੀਪਕ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ, ਉਸਦਾ ਚਿਹਰਾ ਵੀ ਉਦਾਸ ਸੀ।

ਫਿਰ ਪੰਕਜ ਹੀ ਬੋਲਿਆ, “ਯਾਰ ਕਦੇ-ਕਦੇ ਮੈਂ ਸੋਚਦਾਂ, ਕੀ ਹੈ ਇਹ ਜ਼ਿੰਦਗੀ। ਕੀ ਹੈ ਇਹ ਮਨੁੱਖ, ਸਭ ਮੋਹਰੇ ਨੇ। ਉੱਪਰ ਤੋਂ ਥੱਲੇ ਤੱਕ, ਵੱਡੇ ਤੋਂ ਛੋਟੇ ਤੱਕ, ਸਭ ਮੋਹਰੇ। ਜਿਸ ਝੱਖੜ ਦੀ ਦੀਪਕ ਨੇ ਗੱਲ ਕੀਤੀ ਹੈ, ਆਪਾਂ ਸਾਰੇ ਜਾਣਦੇ ਹਾਂ। ਮੇਰੀ ਸਮਝ ਮੁਤਾਬਿਕ ਝੱਖੜ ਦਾ ਆਉਣਾ, ਛੋਟੇ ਵੱਡੇ ਦਰੱਖ਼ਤਾਂ ਦਾ ਜੜ੍ਹ ਤੋਂ ਪੁੱਟ ਹੋ ਜਾਣਾ, ਘਰਾਂ ਦੇ ਘਰ ਬਰਬਾਦ ਹੋਣਾ, ਹੋਰ ਬਹੁਤ ਕੁੱਝ ਹੋਣਾ, ਇਹ ਸਭ ਦੇ ਪਿੱਛੇ ਵੱਡੇ-ਵੱਡੇ ਮੁਹਰਿਆਂ ਦਾ ਹੱਥ ਸੀ। ਜੋ ਵੱਡਾ ਦਰਖ਼ਤ ਡਿੱਗਿਆ, ਉਹ ਵੀ ਇੱਕ ਮੋਹਰਾ ਸੀ ਤੇ ਉਸਨੂੰ ਡੇਗਣ ਵਾਲੇ ਵੀ ਮੋਹਰੇ ਸੀ। ਉਸਦੇ ਡਿੱਗਣ ’ਤੇ ਕਿੰਨੇ ਛੋਟੇ-ਮੋਟੇ ਬੂਟੇ ਤੇ ਝਾੜੀਆਂ ਨੇ ਸੰਤਾਪ ਭੋਗਿਆ ਤੇ ਇਸ ਸੰਤਾਪ ਦਾ ਸੇਕ ਹੋਰ ਕਿੰਨੀ ਦੇਰ ਤੱਕ ਕਾਇਮ ਰਹੇਗਾ, ਕਹਿਣਾ ਬੜਾ ਮੁਸ਼ਕਿਲ ਹੈ। ਵੱਡਾ ਦੁੱਖ ਤਾਂ ਇਹ ਹੈ, ਕਰਨ ਵਾਲੇ ਹੋਰ, ਕਰਵਾਉਣ ਵਾਲੇ ਹੋਰ ਤੇ ਸੰਤਾਪ ਭੋਗਣ ਵਾਲੇ ਕੋਈ ਹੋਰ। ਦੱਸੋ ਆਮ ਲੋਕ ਕੀ ਕਰਨ। ਵੱਡੀਆਂ ਚਾਲਾਂ ਨੂੰ ਸਮਝਣ ਦੀ ਬਜਾਏ, ਉਹ ਖ਼ੁਦ ਮੋਹਰੇ ਬਣ ਜਾਂਦੇ ਨੇ।”

ਕੁੱਝ ਚਿਰ ਚੁੱਪ ਰਹਿਣ ਤੋਂ ਬਾਅਦ ਪੰਕਜ ਫਿਰ ਬੋਲਿਆ, “ਕਈ ਵਾਰ ਖੁਦ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਮੋਹਰਾ ਬਣ ਚੁੱਕਾ ਹੈ। ਆਪਾਂ ਵੀ ਮੋਹਰੇ ਬਣ ਸਕਦੇ ਹਾਂ। ਸਾਨੂੰ ਵੀ ਵਰਤਿਆ ਜਾ ਸਕਦਾ ਹੈ। ਵੇਖੋ, ਹੁਣ ਇਸ

123/ਰੇਤ ਦੇ ਘਰ