ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੱਬੇ ਵਿੱਚ ਬੈਠੇ, ਕਿੰਨੇ ਆਰਾਮ ਨਾਲ ਇੱਕ-ਦੂਜੇ ਨਾਲ ਗੱਲਾਂ ਕਰ ਰਹੇ ਹਾਂ। ਹਮਦਰਦੀ ਜ਼ਾਹਰ ਕਰ ਰਹੇ ਹਾਂ। ਕਿਸੇ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਪਰ ਕਿਸੇ ਇੱਕ ਜਨੂੰਨੀ ਸ਼ੈਤਾਨ ਦੁਆਰਾ, ਧਰਮ ਜਾਂ ਜਾਤ ਦੇ ਨਾਮ ਤੇ ਛੱਡੀ ਇੱਕ ਛੋਟੀ ਜਿਹੀ ਛੁਰਲੀ, ਛੋਟੀ ਜਿਹੀ ਚੰਗਿਆੜੀ, ਪਲਾਂ ਵਿੱਚ ਭਾਂਬੜ ਬਣ ਕੇ ਸਭ ਕੁੱਝ ਫੂਕ ਸਕਦੀ ਹੈ। ਪੰਕਜ ਨੇ ਆਪਣੇ ਹੱਥ ਫੈਲਾਏ ਤੇ ਕਿਹਾ, ਸ਼ਾਇਦ ਆਪਣੇ ਵਿੱਚੋਂ ਕਿਸੇ ਦੇ ਆਹੀ ਹੱਥ, ਦੂਸਰੇ ਦੀ ਜਾਨ ਲੈਣ ਤੱਕ ਚਲੇ ਜਾਣ। ਇਹ ਹੈ ਜਨੂੰਨ ਦਾ ਅਸਰ। ਇਹ ਹੈ ਜਨੂੰਨ ਦੀ ਸ਼ੈਤਾਨੀ ਤਾਕਤ।”

ਪੰਕਜ ਦੀਆਂ ਗੱਲਾਂ ਸੁਣ ਹਿਮਾਚਲੀ ਚਾਂਦ ਇਕਦਮ ਬੋਲ ਪਿਆ, “ਬਿਲਕੁਲ ਸਹੀ ਕਹਾ ਪੰਕਜ ਜੀ, ਬਿਲਕੁਲ ਸਹੀ ਕਹਾ। ਮੈਂ ਵੀ ਸੰਤਾਪ ਭੋਗਿਆ। ਉਨ ਦਿਨੋ, ਮੈਂ ਜਲੰਧਰ ਇੱਕ ਫਰਮ ’ਚ ਨੌਕਰੀ ਕਰਦਾ ਸੀ। ਕੰਮ ਦੇ ਸਬੰਧ ’ਚ ਲੁਧਿਆਣਾ ਤਥਾ ਹੋਰ ਕਈ ਜਗ੍ਹਾ ਆਨਾ-ਜਾਨਾ ਰਹਿੰਦਾ ਸੀ। ਅਸੀਂ ਖੁੱਲ੍ਹੇ ਆਂਦੇ ਜਾਂਦੇ ਸੀ। ਪੰਜਾਬ ਹਮਾਰੀ ਰੋਜ਼ੀ-ਰੋਟੀ ਸੀ। ਹਮਾਰੀ ਜੀਵਿਕਾ ਸੀ। ਹਮੇ ਕੋਈ ਡਰ ਭੈਅ ਨਹੀਂ ਥਾ। ਫਿਰ ਅਚਾਨਕ ਇੱਕ ਐਸਾ ਬੱਸ ਕਾਂਡ ਹੁਆ ਕਿ ਮੈਂ ਬਹੁਤ ਡਰ ਗਿਆ। ਉਸ ਤੋਂ ਬਾਅਦ ਸਭ ਕੁੱਝ ਬਹੁਤ ਡਰਾਵਨਾ ਲਗਨੇ ਲਗਾ। ਇਤਨਾ ਡਰ ਲਗਨੇ ਲਗਾ ਕਿ ਥੋੜ੍ਹੇ ਦਿਨ ਬਾਅਦ ਮੈਨੇ ਜਲੰਧਰ ਵਾਲਾ ਨੌਕਰੀ ਹੀ ਛੋੜ ਦੀਆ। ਕੈਸੇ ਦਿਨ ਆ ਗਏ ਥੇ। ਰਾਮ....ਰਾਮ....ਰਾਮ।”

ਭਾਰਦਵਾਜ਼ ਜੋ ਅਜੇ ਤੱਕ ਚੁੱਪ ਬੈਠਾ ਸੁਣ ਰਿਹਾ ਸੀ, ਉਹ ਵੀ ਬੋਲ ਪਿਆ, “ਯਾਰ ਅਸਲ ਮਸਲਾ ਸੱਤਾ ਦਾ ਹੈ। ਆਪਣੀ ਸੱਤਾ ਨੂੰ ਕਾਇਮ ਰੱਖਣ ਦਾ ਹੈ। ਸੱਤਾ ਨੂੰ ਖ਼ਤਰਾ ਹੋਇਆ ਤਾਂ ਸੱਤਾ ਦੇ ਗਲਿਆਰਿਆਂ ’ਚ ਬੈਠੇ ਕੁੱਝ ਚਲਾਕ ਤੇ ਸ਼ੈਤਾਨ ਲੋਕ, ਕੋਈ ਨਾ ਕੋਈ ਸ਼ਾਤਰ ਚਾਲ ਚਲਦੇ ਹਨ। ਕੋਈ ਮਸਲਾ ਫੜ ਲੈਂਦੇ ਹਨ ਜਾਂ ਮਸਲਾ ਖੜ੍ਹਾ ਕਰ ਦਿੰਦੇ ਹਨ। ਜੋ ਵੀ ਹੋਵੇ, ਉਸਨੂੰ ਕਿਸੇ ਨਾ ਕਿਸੇ ਢੰਗ ਨਾਲ ਧਰਮ ਜਾਂ ਜਾਤ ਦੀ ਚਾਸ਼ਨੀ ਲਗਾ ਕੇ, ਹਿੰਦੂ, ਸਿੱਖ, ਮੁਸਲਮਾਨ, ਕਿਸੇ ਦੇ ਗਲ ਜਾਂ ਝੋਲੀ ’ਚ ਪਾ ਦਿੰਦੇ ਨੇ। ਬੱਸ, ਲੋਕ ਲੜਨ ਮਰਨ ਲਈ ਤਿਆਰ। ਇਹ ਸ਼ੈਤਾਨ ਆਪ ਸਾਫ਼ ਨਿਕਲ ਜਾਂਦੇ ਨੇ। ਲੋਕ ਇਨਕੀ ਚਾਲ ਤਾਂ ਸਮਝਦੇ ਨਹੀਂ, ਬੱਸ ਇਕਦਮ ਭਾਵੁਕ ਹੋ ਜਾਂਦੇ ਨੇ। ਕੱਲ੍ਹ ਤੱਕ ਇਕੱਠੇ ਰਹਿਣ ਵਾਲੇ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਨੇ। ਮਸਲਾ ਹਿੰਦੂ, ਸਿੱਖ, ਮੁਸਲਮਾਨ, ਕੋਈ ਨਾ ਕੋਈ ਜਾਤੀ ਰੂਪ ਧਾਰਨ ਕਰ ਜਾਂਦਾ ਹੈ।

ਸਭ ਲੋਕ ਮਿਲ ਕੇ ਰਹਿਣਾ ਚਾਹੁੰਦੇ ਨੇ। ਸਭ ਨੂੰ ਕੰਮ ਤੇ ਰੋਟੀ ਨਾਲ ਮਤਲਬ ਹੈ। ਲੋਕ ਆਪਸ ’ਚ ਲੜਨਾ ਨਹੀਂ ਚਾਹੁੰਦੇ ਪਰ ਸ਼ੈਤਾਨ ਤੇ ਸ਼ਾਤਰ ਲੋਕ ਕਿਸੇ ਨਾ ਕਿਸੇ ਬਹਾਨੇ ਜ਼ਹਿਰ ਘੋਲ ਆਪਣਾ ਉੱਲੂ ਸਿੱਧਾ ਕਰ ਲੈਂਦੇ ਨੇ। ਮਰਦਾ ਕੌਣ ਹੈ, ਦੇਖਣ ਨੂੰ ਕੋਈ ਸਿੱਖ ਮਰਦਾ ਹੈ, ਹਿੰਦੂ ਮਰਦਾ ਹੈ, ਮੁਸਲਮਾਨ ਮਰਦਾ ਹੈ ਪਰ ਸੱਚ ਵਿੱਚ ਕੌਣ ਮਰਦਾ ਹੈ, ਸੱਚ ਵਿੱਚ ਮਰਦੀ ਹੈ ਇਨਸਾਨੀਅਤ, ਸੱਚ ਵਿੱਚ ਮਰਦਾ ਹੈ ਮਨੁੱਖ।” ਭਾਰਦਵਾਜ਼ ਪੂਰਾ ਭਾਵੁਕ ਹੋ

124/ਰੇਤ ਦੇ ਘਰ