ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ-ਕੱਲ੍ਹ ਉਹ ਇੰਡੀਆ ਬਾਰੇ ਪੜ੍ਹ ਰਹੀ ਸੀ। ਹੋਰ ਵੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ ਲਈ ਉਹ ਗੰਭੀਰ ਸੀ ਤੇ ਉਸ ਦੀਆਂ ਨਜ਼ਰਾਂ ਹਮੇਸ਼ਾ ਕਿਸੇ ਇੰਡੀਅਨ ਗੈਸਟ ਦੀ ਤਲਾਸ਼ ਕਰਦੀਆਂ ਰਹਿੰਦੀਆਂ।

ਜਾਣ ਵਾਲੀ ਸ਼ਿਫਟ ਚਲੀ ਗਈ। ਮੈਰੀ ਨੇ ਰੂਮ ਨੰ. 102 ਦੇ ਗੈਸਟ ਦੀ ਸਾਰੀ ਐਂਟਰੀ ਗੌਰ ਨਾਲ ਚੈੱਕ ਕੀਤੀ। ਨਾਮ ਦੇ ਕਾਲਮ ਉੱਪਰ ਕਾਫ਼ੀ ਦੇਰ ਤੱਕ ਨਜ਼ਰਾਂ ਜਮਾਈ ਰੱਖੀਆਂ। 'ਵਿਜੈ' ਇਸ ਨਾਮ ਨੂੰ ਕਈ ਵਾਰ ਮਨ ਹੀ ਮਨ ਦੁਹਰਾਇਆ, ਜਿਵੇਂ ਰੱਟਾ ਲਾਉਣਾ ਚਾਹੁੰਦੀ ਹੋਵੇ। ਫਿਰ ਮਨ ਹੀ ਮਨ ਵਿਜੈ ਦੇ ਨੈਣ-ਨਕਸ਼ ਘੜਨ ਲੱਗੀ ਤੇ ਮਨ ਹੀ ਮਨ ਵਿਜੈ ਨਾਲ ਇੰਡੀਆ ਬਾਰੇ ਗੱਲਾਂ ਕਰਨ ਲੱਗੀ।

ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਵਿਜੈ ਦੀ ਨੀਂਦ ਖੁੱਲ੍ਹੀ। ਮੂੰਹ-ਹੱਥ ਧੋਤਾ, ਕੱਪੜੇ ਬਦਲੇ, ਕਮਰਾ ਬੰਦ ਕੀਤਾ ਤੇ ਉਹ ਹੇਠਾਂ ਲਾਬੀ ਵਿੱਚ ਆ ਗਿਆ। ਏਧਰ-ਓਧਰ ਵੇਖਦਾ ਉਹ ਹੌਲੀ-ਹੌਲੀ ਕਾਊਂਟਰ ਵੱਲ ਵਧ ਰਿਹਾ ਸੀ। ਵਿਜੈ ਜਿਉਂ ਹੀ ਲਾਬੀ ਵਿੱਚ ਦਾਖ਼ਲ ਹੋਇਆ ਤਾਂ ਮੈਰੀ ਦੀ ਨਜ਼ਰ ਉਸ 'ਤੇ ਪਈ। ਸ਼ਕਲ, ਸੂਰਤ ਰੰਗ ਤੋਂ ਉਹ ਅੰਦਾਜ਼ਾ ਲਾਉਣ ਲੱਗੀ, "ਬੰਦਾ ਤਾਂ ਇੰਡੀਅਨ ਹੀ ਲੱਗਦੈ।" ਉੱਪਰ ਤੋਂ ਹੇਠਾਂ ਤੱਕ ਨਜ਼ਰਾਂ ਘੁੰਮਾ-ਘੁੰਮਾ ਵੇਖ ਰਹੀ ਮੈਰੀ ਨੂੰ ਯਕੀਨ ਹੋਣ ਲੱਗਾ ਕਿ ਇਹੀ ਮਿਸਟਰ ਵਿਜੈ ਹੈ। ਉਹ ਗੋਰਿਆਂ ਵਰਗਾ ਸੋਹਣਾ ਤਾਂ ਨਹੀਂ ਸੀ ਪਰ ਨੈਣ-ਨਕਸ਼, ਕੱਦ-ਕਾਠ, ਚਿਹਰੇ ਦਾ ਸਾਫ਼ ਰੰਗ, ਚਮਕਦੀਆਂ ਅੱਖਾਂ, ਵੇਖਣ ਵਾਲੇ ਨੂੰ ਖਿੱਚ ਪਾਉਂਦੀਆਂ ਸਨ।

ਕਾਊਂਟਰ ਦੇ ਨਜ਼ਦੀਕ ਆਉਣ 'ਤੇ ਵਿਜੈ ਤੇ ਮੈਰੀ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ। ਵਿਜੈ ਨੂੰ ਚੰਗਾ-ਚੰਗਾ ਲੱਗਿਆ। ਉਸੇ ਤਰ੍ਹਾਂ ਦੇਖਦੇ, 'ਹੈਲੋ' ਕਹਿ ਵਿਜੈ ਨੇ ਚਾਬੀ ਜਮ੍ਹਾਂ ਕਰਵਾਉਣ ਦੇ ਮਕਸਦ ਨਾਲ ਆਪਣਾ ਸੱਜਾ ਹੱਥ ਅੱਗੇ ਵਧਾਇਆ।

ਚਿਹਰੇ 'ਤੇ ਮੁਸਕਰਾਹਟ ਲਿਆਉਂਦਿਆਂ ਮੈਰੀ ਨੇ ਚਾਬੀ ਫੜੀ ਤੇ ਰੂਮ ਨੰ. 102 ਪੜ੍ਹਿਆ। ਰੂਮ ਨੰਬਰ ਪੜ੍ਹਦੇ ਸਾਰ ਮੈਰੀ ਦੇ ਦਿਲ ਵਿੱਚ ਘੰਟੀਆਂ ਖੜਕਣ ਲੱਗੀਆਂ। ਚਿਹਰੇ ਦੇ ਹਾਵ-ਭਾਵ ਬਦਲੇ। ਚਾਬੀ ਨੂੰ ਡਰਾਇਰ 'ਚ ਸੰਭਾਲਿਆ ਤੇ ਫਿਰ ਬੜੀ ਪਿਆਰੀ ਆਵਾਜ਼ ਵਿੱਚ ਬੋਲੀ, "ਮਿਸਟਰ ਵਿਜੈ, ਤੁਸੀਂ ਇੰਡੀਆ ਤੋਂ ਆਏ ਹੋ। ਤੁਸੀਂ ਸਾਡੇ ਮਹਿਮਾਨ ਹੋ। ਕੋਈ ਤਕਲੀਫ਼ ਹੋਵੇ ਤਾਂ ਦੱਸਣਾ।"

'ਵਾਹ! ਯਾਰ ਆਪਾਂ ਤਾਂ ਇੱਥੇ ਹਰ ਇੱਕ ਦੇ ਹੀ ਮਹਿਮਾਨ ਹਾਂ। ਚਾਰ-ਪੰਜ ਦਿਨ ਕੀ ਜਹਾਜ਼ ਦਸ ਦਿਨ ਨਾ ਆਵੇ, ਹੋਰ ਵੀ ਚੰਗਾ।' ਕੁੜੀ ਦੇ ਮੂੰਹੋਂ ਆਪਣਾ ਨਾਮ ਸੁਣ ਉਸਨੂੰ ਖ਼ੁਸ਼ੀ ਹੋਈ ਤੇ ਹੈਰਾਨੀ ਵੀ। ਉਸਨੇ ਜੀਅ ਭਰ ਕੇ ਉਸ ਵੱਲ ਦੇਖਿਆ। ਗੋਰਾ-ਗੋਰਾ ਰੰਗ, ਚਮਕਦਾ ਚਿਹਰਾ, ਹਲਕਾ ਜਿਹਾ

13/ਰੇਤ ਦੇ ਘਰ