ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਂਦੇ ਫਿਰਦੇ ਨੇ। ਘੁੰਮਣਾ-ਫਿਰਨਾ ਗੋਰੇ ਲੋਕਾਂ ਦੇ ਸ਼ੌਂਕ ਹਨ। ਇਹ ਲੋਕ ਇੰਡੀਆ ਬਾਰੇ ਬਹੁਤ ਦਿਲਚਸਪੀ ਰੱਖਦੇ ਹਨ। ਕਈ ਵਾਰ ਇਹ ਸਾਡੇ ਨਾਲੋਂ ਵੀ ਵੱਧ ਜਾਣਕਾਰੀ ਰੱਖਦੇ ਹਨ।’ ਮਨ ਹੀ ਮਨ ਉਹ ਬਹੁਤ ਕੁੱਝ ਸੋਚ ਗਿਆ।

“ਅਸੀਂ ਦੋਵੇਂ ਈਵਨਿੰਗ ਸ਼ਿਫਟ ਲਈ ਡਿਉਟੀ ’ਤੇ ਹਾਂ। ਸ਼ਾਮ ਤਿੰਨ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ। ਸਵੇਰ ਦੀ ਸ਼ਿਫਟ ਨੇ ਦੱਸਿਆ ਸੀ, ਰੂਮ ਨੰਬਰ 102 ਵਿੱਚ ਇੰਡੀਆ ਤੋਂ ਨਵੇਂ ਗੈਸਟ ਨੇ ਚੈੱਕ-ਇਨ ਕੀਤਾ ਹੈ।” ਮੈਰੀ ਨੇ ਵਿਜੈ ਦੀ ਗੱਲ ਦਾ ਸਹਿਜ ਨਾਲ ਜਵਾਬ ਦਿੱਤਾ।

“ਖ਼ੂਬ, ਬਹੁਤ ਖ਼ੂਬ। ਇਸੇ ਲਈ ਮੇਰਾ ਨਾਮ ਯਾਦ ਹੈ। ਓ.ਕੇ. ਮੈਰੀ, ਬਾਏ, ਸੀ ਯੂ।” ਐਨਾ ਕਹਿੰਦਾ ਵਿਜੈ ਹੋਟਲ ਦੇ ਬਾਹਰਲੇ ਗੇਟ ਵੱਲ ਚੱਲ ਪਿਆ। ਇੰਡੀਆ ਬਾਰੇ ਕਿਸੇ ਵੀ ਗੱਲ ਤੋਂ ਉਹ ਬਚਣਾ ਚਾਹੁੰਦਾ ਸੀ।

ਉਸਨੇ ਟੈਕਸੀ ਫੜੀ ਤੇ ਬੀਚ ਵੱਲ ਨਿਕਲ ਪਿਆ। ਰਾਹ ’ਚ ਜਾਂਦਿਆਂ ਸੋਚ ਰਿਹਾ ਸੀ, ‘ਯਾਰ ਬੜੀਆਂ ਗੱਲਾਂ ਮਾਰਦੀ ਐ। ਹੈ ਵੀ ਸੋਹਣੀ, ਗੋਰੀ-ਗੋਰੀ। ਟਾਇਮ ਪਾਸ ਕਰਨ ਲਈ ਠੀਕ ਹੈ। ਥੋੜ੍ਹੀ ਹੋਰ ਖੁੱਲ੍ਹ ਗਈ ਤਾਂ ਚਾਰ-ਪੰਜ ਦਿਨ ਵਧੀਆ ਲੰਘ ਜਾਣਗੇ ਪਰ ਆਹ ਜਾਣਕਾਰੀ ਵਾਲਾ ਪੰਗੈ, ਚਲੋ ਦੇਖਦੇ ਹਾਂ ਇਹ ਵੀ।’ ਮਨ ਅੰਦਰ ਬੈਠਾ ਸ਼ੈਤਾਨ ਉਸਲਵੱਟੇ ਲੈਣ ਲੱਗਾ।

ਸਮੁੰਦਰ ਕਿਨਾਰੇ ਬੈਠਣਾ, ਗਿੱਲੀ ਰੇਤ ਉੱਪਰ ਘੁੰਮਣਾ, ਆ ਰਹੀਆਂ ਲਹਿਰਾਂ ਨੂੰ ਦੇਖਣਾ, ਵਿਜੈ ਨੂੰ ਇਹ ਸ਼ੌਕ ਜਹਾਜ਼ੀ ਨੌਕਰੀ ’ਚ ਆਉਣ ਤੋਂ ਬਾਅਦ ਪੈਦਾ ਹੋਇਆ ਸੀ। ਬੀਚ ਦਾ ਵੱਖਰਾ ਹੀ ਨਜ਼ਾਰਾ ਹੁੰਦੈ। ਹਰ ਉਮਰ ਦੇ ਲੋਕ ਤੇ ਬੜੀ ਹੀ ਚਹਿਲ-ਪਹਿਲ। ਕੌਣ ਕੀ ਕਰ ਰਿਹੈ, ਕਿਸੇ ਨੂੰ ਕੋਈ ਮਤਲਬ ਨੀ। ਸਭ ਆਪਣੇ ਆਪ ’ਚ ਮਸਤ। ਏਥੋਂ ਦੇ ਫਾਸਟ-ਫੂਡ ਪਕਵਾਨਾਂ ਦੀ ਵੱਖਰੀ ਹੀ ਖ਼ੂਬੀ ਤੇ ਵੱਖਰਾ ਹੀ ਸੁਆਦ ਹੁੰਦੈ।

ਉਹ ਬੀਚ ’ਤੇ ਘੁੰਮਣ ਲੱਗਾ। ਕੁੱਝ ਚਿਰ ਬਾਅਦ ਉਸਨੇ ਮਹਿਸੂਸ ਕੀਤਾ, ਉਹ ਬੀਚ ’ਤੇ ਹੋ ਕੇ ਵੀ ਬੀਚ ’ਤੇ ਨਹੀਂ। ਉਸਦਾ ਮਨ ਵਾਰ-ਵਾਰ ਹੋਟਲ ’ਚ ਜਾ ਰਿਹਾ ਸੀ। ਹਰ ਵਾਰ ਮੈਰੀ ਦੀ ਸ਼ਕਲ ਅੱਖਾਂ ਸਾਹਮਣੇ ਆ ਰਹੀ ਸੀ। ਭਰਿਆ ਬੀਚ ਸੁਨਾ-ਸੁੰਨਾ ਲੱਗ ਰਿਹਾ ਸੀ।

ਮੂਡ ਸੈੱਟ ਕਰਨ ਲਈ ਉਸਨੇ ਬੀਅਰ ਦਾ ਕੇਨ ਲਿਆ। ਇੱਕ ਪਾਸੇ ਕਿਨਾਰੇ ਬੈਠ ਬੀਅਰ ਦੀਆਂ ਚੁਸਕੀਆਂ ਭਰਨ ਲੱਗਾ। ਉਹ ਸਮੁੰਦਰ ਵੱਲ ਦੇਖ ਰਿਹਾ ਸੀ। ਪਾਣੀ ਦੀ ਕੋਈ ਲਹਿਰ ਕਿਨਾਰੇ ਤੱਕ ਆਉਂਦੀ ਤੇ ਰੇਤ ’ਚ ਸਮਾ ਜਾਂਦੀ। ਹੌਲੀ-ਹੌਲੀ ਉਸਨੂੰ ਕੋਈ ਭੁਲੇਖਾ ਜਿਹਾ ਪੈਣ ਲੱਗਾ। ਜਿਵੇਂ ਲਹਿਰ ਨਾ ਹੋ ਕੇ, ਕੋਈ ਸ਼ਖ਼ਸ ਕਿਨਾਰੇ ਵੱਲ ਤੁਰਿਆ ਆ ਰਿਹਾ ਹੋਵੇ। ‘ਹੈਂਅ! ਇਹ ਤਾਂ ਮੈਰੀ ਹੈ।’ ਉਸਨੇ ਸਿਰ ਝਟਕਿਆ। ‘ਕੀ ਇਹ ਬੀਅਰ ਦਾ ਅਸਰ ਹੈ। ਨਹੀਂ, ਬਿਲਕੁਲ ਨਹੀਂ।’ ਉਹ ਹੋਰ ਪ੍ਰੇਸ਼ਾਨ ਹੋ ਗਿਆ। ਬੈਠਣਾ ਮੁਸ਼ਕਿਲ ਹੋ ਗਿਆ।

15/ਰੇਤ ਦੇ ਘਰ