ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਯੈਸ ਮੈਰੀ, ਮੈਂ ਠੀਕ ਕਹਿੰਦਾ ਹਾਂ। ਜਦ ਮੈਂ ਬੀਚ 'ਤੇ ਪਹੁੰਚਿਆ, ਤਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਮਨ ਤਾਂ ਮੇਰੇ ਪਾਸ ਹੈ ਹੀ ਨਹੀਂ। ਕਿੱਧਰ ਗੁਆਚ ਗਿਆ। ਧਿਆਨ ਕੀਤਾ, ਉਹ ਤੇਰੇ ਕੋਲ ਹੀ ਰੁਕ ਗਿਆ। ਮੇਰੇ ਨਾਲ ਗਿਆ ਹੀ ਨਹੀਂ।” ਵਿਜੈ ਨੇ ਸਿੱਧੀ ਤੇ ਸਪੱਸ਼ਟ ਗੱਲ ਕੀਤੀ। ਘੁੰਮਾ-ਫਿਰਾ ਕੇ ਗੱਲ ਕਰਨਾ ਨਾ ਉਸਦਾ ਇਰਾਦਾ ਸੀ ਤੇ ਨਾ ਹੀ ਉਸ ਕੋਸ਼ਿਸ਼ ਕੀਤੀ।

ਮੈਰੀ ਦਾ ਚਿਹਰਾ ਗੰਭੀਰ ਸੀ। ਗੋਰੇ ਕਲਚਰ ਵਿੱਚ ਪਲੀ ਉਹ ਇੱਕ ਸਮਝਦਾਰ ਲੜਕੀ ਸੀ। ਏਥੇ ਪਹਿਲਾਂ ਜਾਣ-ਪਹਿਚਾਣ ਹੁੰਦੀ ਹੈ, ਫਿਰ ਮੁਲਾਕਾਤਾਂ ਦਾ ਸਿਲਸਿਲਾ, ਫਿਰ ਡੇਟ 'ਤੇ ਜਾਣਾ ਤੇ ਫਿਰ ਪਿਆਰ ਦਾ ਇਜ਼ਹਾਰ ਪਰ ਆਹ ਕੀ, ਉਹ ਸੋਚ ਰਹੀ ਸੀ, ਕਿਸ ਤਰ੍ਹਾਂ ਦਾ ਇਨਸਾਨ ਹੈ। ਇਸ ਸਭ ਕੁੱਝ ਦੇ ਬਾਵਜੂਦ ਵੀ ਮੈਰੀ ਅੰਦਰ ਕੋਈ ਕਸ਼ਿਸ਼ ਸੀ ਤੇ ਉਸਨੂੰ ਇਹ ਸਭ ਦਿਲਚਸਪ ਲੱਗ ਰਿਹਾ ਸੀ। ਸ਼ਾਇਦ ਵਿਜੈ ਦੀ ਸਾਦਗੀ ਉਸਨੂੰ ਚੰਗੀ ਲੱਗੀ ਸੀ, ਜਿਸ ਚ ਕੁੱਝ ਵੀ ਬਨਾਵਟੀ ਨਹੀਂ ਸੀ।

ਉਹ ਵਿਜੈ ਵੱਲ ਮੁੜੀ ਤੇ ਬੜੇ ਪਿਆਰ ਨਾਲ ਬੋਲੀ, “ਮਿਸਟਰ ਵਿਜੈ, ਮੈਂ ਦੱਸਿਆ ਸੀ ਨਾ ਮੈਨੂੰ ਇੰਡੀਆ ਤੇ ਇਸਦੇ ਲੋਕ ਬੜੇ ਚੰਗੇ ਲੱਗਦੇ ਹਨ। ਇੰਡੀਆ ਬਾਰੇ ਬਹੁਤ ਪੜ੍ਹਿਆ ਹੈ। ਤੁਹਾਥੋਂ ਹੋਰ ਵੀ ਬਹੁਤ ਕੁੱਝ ਜਾਨਣਾ ਚਾਹੁੰਦੀ ਹਾਂ ਪਰ ਅਜੇ ਥੋੜ੍ਹਾ ਕੰਮ ਦਾ ਰੁਝੇਵਾਂ ਹੈ, ਸੋ ਤੁਸੀਂ ਵੀ ਆਰਾਮ ਕਰ ਲਵੋ। ਅਗਰ ਕੋਈ ਇਤਰਾਜ਼ ਨਾ ਹੋਵੇ ਤਾਂ ਆਪਾਂ ਬਾਅਦ 'ਚ ਖੁੱਲ੍ਹ ਕੇ ਗੱਲਾਂ ਕਰ ਸਕਦੇ ਹਾਂ, ਠੀਕ।” ਬੜੀ ਹੀ ਸੰਜੀਦਾ ਸੁਰ ਵਿੱਚ ਉਹ ਬਹੁਤ ਕੁੱਝ ਕਹਿ ਗਈ। ਵੈਸੇ ਵੀ ਹੋਟਲ ਗੈਸਟ ਨੂੰ ਉਹ ਕਿਵੇਂ ਵੀ ਨਾਰਾਜ਼ ਨਹੀਂ ਸੀ ਕਰ ਸਕਦੀ।

"ਠੀਕ, ਬਿਲਕੁਲ ਠੀਕ, ਨੋ ਪਰਾਬਲਮ, ਸੀ ਯੂ ਲੇਟਰ।" ਕਹਿੰਦਾ ਹੋਇਆ ਵਿਜੈ ਆਪਣੇ ਕਮਰੇ ਵਿੱਚ ਚਲਾ ਗਿਆ।

ਬਾਹਰ ਹਨ੍ਹੇਰਾ ਪੈਰ ਪਸਾਰਨ ਲੱਗਾ ਸੀ। ਵਿਜੈ ਦੇ ਮਨ 'ਚ ਅਜੀਬ ਬੇਚੈਨੀ ਸੀ। ਉਹ ਉੱਠਿਆ ਤੇ ਕਮਰੇ ਤੋਂ ਬਾਹਰ ਆ ਗਿਆ। ਰਾਤ ਦੇ ਖਾਣੇ ਲਈ ਨਜ਼ਦੀਕ ਹੀ ਇੱਕ ਰੈਸਟੋਰੈਂਟ ’ਤੇ ਗਿਆ ਤੇ ਖਾਣੇ ਤੋਂ ਬਾਅਦ ਕਾਫ਼ੀ ਦੇਰ ਸੜਕ ਕਿਨਾਰੇ ਟਹਿਲਦਾ ਰਿਹਾ।

‘ਸ਼ਾਮੀਂ ਬੀਚ ਤੋਂ ਆ ਕੇ ਮੈਨੂੰ ਕੀ ਹੋ ਗਿਆ ਸੀ? ਮੈਰੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕੀਤੀਆਂ? ਇਹ ਤਾਂ ਜ਼ਿਆਦਤੀ ਸੀ। ਠੀਕ ਹੈ ਉਹ ਗੁੱਸੇ ਨਹੀਂ ਹੋਈ ਪਰ ਉਸਨੂੰ ਬੁਰਾ ਤਾਂ ਲੱਗਾ ਹੀ ਹੋਵੇਗਾ।’ ਸੋਚਦਿਆਂ ਤੇ ਸੜਕ ’ਤੇ ਘੁੰਮਦਿਆਂ ਰਾਤ ਦੇ ਦਸ ਵੱਜ ਗਏ। ਉਹ ਹੋਟਲ ’ਚ ਵਾਪਸ ਆਇਆ। ਦੇਖਿਆ ਮੈਰੀ ਬਿਲਕੁਲ ਵਿਹਲੀ ਖੜ੍ਹੀ ਸੀ। ਉਹ ਸਿੱਧਾ ਕਾਊਂਟਰ ’ਤੇ ਗਿਆ।

“ਮੈਰੀ, ਅੱਜ ਸ਼ਾਮੀਂ ਮੈਂ ਜੋ ਕੁਝ ਵੀ ਕਿਹਾ, ਉਸ ਲਈ ਮਾਫ਼ੀ ਮੰਗਦਾ

17/ਰੇਤ ਦੇ ਘਰ