ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਕੁੱਝ ਵੀ ਕਹਿ, ਤੇਰੇ ਨਾਲ ਬਿਤਾਏ ਪਲਾਂ ਦੀਆਂ ਕੁੱਝ ਮਿੱਠੀਆਂ ਯਾਦਾਂ ਮੈਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ।”

ਮੈਰੀ ਤਿਆਰ ਹੋ ਗਈ ਤੇ ਅਗਲੇ ਦਿਨ ਦੀ ਛੁੱਟੀ ਲੈ ਲਈ। ਅਗਲੇ ਦਿਨ ਦੋਵੇਂ ਮਿਲ ਕੇ ਘੁੰਮਣ ਨਿਕਲੇ। ਗੱਲਾਂ ਕਰਦਿਆਂ, ਘੁੰਮਦਿਆਂ-ਫਿਰਦਿਆਂ, ਹੱਸਦਿਆਂ-ਖੇਡਦਿਆਂ, ਕਦ ਸ਼ਾਮ ਢਲ ਗਈ ਪਤਾ ਹੀ ਨਾ ਲੱਗਾ।

“ਬਹੁਤ ਘੁੰਮ ਲਿਆ ਵਿਜੈ, ਚਲੋ ਹੁਣ ਵਾਪਸ ਚੱਲੀਏ।” ਮੈਰੀ ਨੇ ਉਬਾਸੀ ਲਈ। ਸ਼ਾਇਦ ਥਕਾਵਟ ਮਹਿਸੂਸ ਹੋਣ ਲੱਗੀ ਸੀ ਪਰ ਮੈਰੀ ਨੂੰ ਝੱਟ ਅਹਿਸਾਸ ਹੋਇਆ ‘ਜੋ ਗੱਲ ਕਰਨ ਲਈ ਉਸਨੇ ਛੁੱਟੀ ਲਈ ਤੇ ਨਾਲ ਆਈ, ਉਹ ਗੱਲ ਤਾਂ ਹੋਈ ਹੀ ਨਹੀਂ।’

ਮੈਰੀ ਦੀ ਉਬਾਸੀ ਥਕਾਵਟ ਸੀ ਜਾਂ ਬੋਰੀਅਤ, ਵਿਜੈ ਨੂੰ ਸਮਝ ਨਾ ਆਇਆ ਪਰ ਉਸਨੇ ਮਨ ਬਣਾ ਲਿਆ ਕਿ ਉਹ ਹੋਰ ਨਹੀਂ ਘੁੰਮਣਗੇ ਤੇ ਹੁਣ ਬੈਠ ਕੇ ਗੱਲਾਂ ਕਰਨਗੇ। ਉਸਨੇ ਰੀਝ ਨਾਲ ਮੈਰੀ ਵੱਲ ਦੇਖਿਆ ਤੇ ਮੈਰੀ ਨੂੰ ਛੇੜਿਆ ਵੀ, “ਐਨੀ ਜਲਦੀ, ਅਜੇ ਤਾਂ ਰਾਤ ਦਾ ਖਾਣਾ ਲੈਣਾ ਹੈ, ਬੀਚ ’ਤੇ ਘੁੰਮਣਾ ਹੈ, ਢੇਰ ਸਾਰੀਆਂ ਹੋਰ ਗੱਲਾਂ ਕਰਨੀਆਂ ਨੇ, ਤੇ......ਤੇ....ਤੇ....।” ਲਮਕਾ ਕੇ ਗੱਲ ਵਿੱਚੇ ਛੱਡਦਿਆਂ ਵਿਜੈ ਨੇ ਉਸਦੇ ਲੱਕ ਦੁਆਲੇ ਬਾਂਹ ਪਾ ਲਈ ਤੇ ਥੋੜ੍ਹੀ ਸ਼ਰਾਰਤ ਵੀ ਕੀਤੀ।

“ਓ ਵਿਜੈ ਮੈਰੀ ਥੋੜ੍ਹਾ ਚਹਿਕੀ, “ਬਹੁਤ ਘੁੰਮ ਲਿਆ ਯਾਰ, ਮੈਂ ਸੱਚ-ਮੁੱਚ ਥੱਕ ਚੁੱਕੀ ਹਾਂ।” ਉਸ ਨੇ ਵਿਜੈ ਵੱਲ ਦੇਖਿਆ।

“ਠੀਕ ਹੈ, ਇੱਕ-ਇੱਕ ਬੀਅਰ ਪੀਂਦੇ ਹਾਂ, ਸਾਰੀ ਥਕਾਵਟ ਦੂਰ।” ਮੈਰੀ ਨੂੰ ਹੋਰ ਨਜ਼ਦੀਕ ਕਰਦਿਆਂ ਉਹ ਬੀਚ ਵੱਲ ਨੂੰ ਚੱਲਣ ਲੱਗਾ।

ਬੀਚ ’ਤੇ ਪਹੁੰਚ ਕੇ ਸਨੈਕਸ ਲਏ ਤੇ ਬੀਅਰ ਦਾ ਇੱਕ-ਇੱਕ ਕੇਨ ਲੈ, ਸਮੁੰਦਰ ਵੱਲ ਮੂੰਹ ਕਰਕੇ ਉਹ ਰੇਤ ਉੱਪਰ ਬੈਠ ਗਏ। ਸੂਰਜ ਛਿਪ ਚੁੱਕਾ ਸੀ। ਠੰਡੀ-ਠੰਡੀ ਹਵਾ ਚੱਲ ਰਹੀ ਸੀ। ਮੈਰੀ ਤੇ ਵਿਜੈ ਪੂਰੀ ਤਰ੍ਹਾਂ ਰੀਲੈਕਸ, ਠੰਡੀ ਬੀਅਰ ਦੀਆਂ ਚੁਸਕੀਆਂ ਦਾ ਆਨੰਦ ਲੈ ਰਹੇ ਸਨ।

‘ਔਰਤ ਦੇ ਸਾਥ ਦਾ ਨਿੱਘ ਤੇ ਆਨੰਦ ਹੀ ਵੱਖਰਾ ਹੈ’ ਵਿਜੈ ਨੇ ਮਨ ’ਚ ਸੋਚਿਆ ਕਿ ਪਹਿਲੇ ਦਿਨ ਇਹੀ ਬੀਚ ਕਿੰਨਾ ਸੁੰਨਾ ਲੱਗਾ ਸੀ।

ਓਧਰ ਮੈਰੀ ਵੀ ਆਪਣੇ ਖ਼ਿਆਲਾਂ ’ਚ ਗੁਆਚੀ ਬੈਠੀ ਸੀ। ਸੋਚ ਰਹੀ ਸੀ, ‘ਬੱਚਾ ਗੋਦ ਲੈਣ ਦੀ ਗੱਲ ਕਿਸ ਤਰ੍ਹਾਂ ਸ਼ੁਰੂ ਕਰਾਂ। ਵਿਜੈ ਹੋਰ ਮੂਡ ਵਿੱਚ ਹੈ, ਕਿਤੇ ਇਹ ਨਾ ਸੋਚੇ ਕਿ ਮਜ਼ਾ ਕਿਰਕਿਰਾ ਕਰ ਦਿੱਤਾ।’

ਹਨ੍ਹੇਰੇ ਦੀ ਪਰਤ, ਪਲ-ਦਰ-ਪਲ ਗਹਿਰੀ ਹੋ ਰਹੀ ਸੀ। ਉੱਪਰ ਤਾਰਿਆਂ ਦੀ ਛੱਤ, ਸਾਹਮਣੇ ਸਾਗਰ ਦੀਆਂ ਛੱਲਾਂ ਦਾ ਸੰਗੀਤ, ਆਲੇ-ਦੁਆਲੇ ਮਸਤੀ ਦੇ ਆਲਮ ’ਚ ਘੁੰਮਦੇ ਲੋਕ। ਵਿਜੈ ਦਾ ਮੂਡ ਵੀ ਰੁਮਾਂਟਿਕ

21\ਰੇਤ ਦੇ ਘਰ