ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਜੈ ਨੂੰ ਚੁੱਪ ਵੇਖ ਉਹ ਅੱਗੇ ਦੱਸਣ ਲੱਗੀ, “ਵਿਜੈ, ਮੇਰਾ ਪਤੀ ਡੇਵਿਡ ਮੈਨੂੰ ਬਹੁਤ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਮੈਂ ਉਸਦੇ ਬੱਚੇ ਦੀ ਮਾਂ ਬਣਾਂ। ਉਸ ਲਈ ਬੱਚਾ ਪੈਦਾ ਕਰਾਂ। ਇਸੇ ਲਈ ਉਹ ਜ਼ੋਰ ਪਾਉਂਦਾ ਹੈ, ਗੈਟ ਪਰੇਗਨੈਂਟ-ਗੈਟ ਪਰੇਗਨੈਂਟ। ਇਸ ਗੱਲ ’ਤੇ ਸਾਡੇ ਵਿੱਚ ਕਈ ਵਾਰ ਤਕਰਾਰ ਵੀ ਹੋ ਜਾਂਦਾ ਹੈ। ਮੈਂ ਬੱਚਾ ਪੈਦਾ ਕਰਨ ਤੋਂ ਬਹੁਤ ਡਰਦੀ ਹਾਂ ਪਰ ਉਹ ਮੇਰੀ ਗੱਲ ਨਹੀਂ ਸੁਣਦਾ। ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਆਪਣੀ ਹੀ ਗੱਲ ’ਤੇ ਅੜਿਆ ਹੋਇਆ ਹੈ। ਮੈਂ ਵੀ ਪਰਿਵਾਰ ਤਾਂ ਚਾਹੁੰਦੀ ਹਾਂ ਪਰ ਬੱਚਾ ਪੈਦਾ ਕਰਨਾ ਨਹੀਂ। ਇਸ ਗੱਲ ’ਤੇ ਮੇਰੇ ਹੱਥ ਖੜ੍ਹੇ ਹਨ। ਮੈਨੂੰ ਡਰ ਲੱਗਦਾ ਹੈ।”

“ਮੈਂ ਸੈਮ ਵਾਲਾ ਕਿੱਸਾ ਕਦੇ ਨਹੀਂ ਭੁੱਲ ਸਕਦੀ। ਮੈਂ ਪਰੈਗਨੈਂਟ ਸੀ ਤੇ ਸਭ ਠੀਕ-ਠਾਕ ਚੱਲ ਰਿਹਾ ਸੀ। ਬਹੁਤ ਖ਼ੁਸ਼ ਸਾਂ। ਅਚਾਨਕ ਇੱਕ ਗੱਲ ਤੇ ਤਕਰਾਰ ਹੋ ਗਿਆ ਤੇ ਸੈਮ ਨੇ ਸਖ਼ਤ ਸਟੈਂਡ ਲੈ ਲਿਆ। ਐਨਾ ਸਖ਼ਤ ਕਿ ਜਦ ਹਸਪਤਾਲ ਵਿੱਚ ਮੈਨੂੰ ਸੈਮ ਦੀ ਬਹੁਤ ਜ਼ਰੂਰਤ ਸੀ, ਉਹ ਮੇਰੇ ਕੋਲ ਨਹੀਂ ਸੀ। ਉਸਦਾ ਵਕੀਲ ਮੇਰੇ ਕੋਲ ਤਲਾਕ ਦੇ ਪੇਪਰ ਲੈ ਕੇ ਆਇਆ ਸੀ। ਨਤੀਜਾ ਨਾ ਬੱਚਾ ਰਿਹਾ, ਨਾ ਸੈਮ ਰਿਹਾ। ਮੈਂ ਸੈਮ ਤੇ ਆਪਣੇ ਬੱਚੇ, ਦੋਵਾਂ ਤੋਂ ਵਾਂਝੀ ਹੋ ਗਈ। ਉਸ ਵਕਤ ਮੇਰੇ ’ਤੇ ਕੀ ਬੀਤੀ ਤੇ ਕਿਵੇਂ ਮੈਂ ਆਪਣੇ ਆਪ ਨੂੰ ਸੰਭਾਲਿਆ, ਇਹ ਮੈਂ ਹੀ ਜਾਣਦੀ ਹਾਂ। ਉਸ ਗ਼ਮ ਵਿੱਚੋਂ ਮੈਂ ਅਜੇ ਤੱਕ ਵੀ ਬਾਹਰ ਨਹੀਂ ਆ ਸਕੀ। ਇਸੇ ਲਈ ਮੈਨੂੰ ਬੱਚਾ ਪੈਦਾ ਕਰਨ ਤੋਂ ਵੀ ਤੇ ਸਾਡੇ ਸਿਸਟਮ ਤੋਂ ਵੀ, ਦੋਵਾਂ ਤੋਂ ਡਰ ਲੱਗਣ ਲੱਗਾ ਹੈ। ਵਿਜੈ, ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਤੇ ਇੱਕ ਬੱਚਾ ਗੋਦ ਲੈਣਾ ਚਾਹੁੰਦੀ ਹਾਂ।”

ਐਨਾ ਕਹਿੰਦੀ-ਕਹਿੰਦੀ ਮੈਰੀ ਦਾ ਗਲਾ ਭਰ ਆਇਆ। ਉਸਤੋਂ ਹੋਰ ਗੱਲ ਨਾ ਹੋਈ। ਉਹ ਵਿਜੈ ਦੀਆਂ ਬਾਂਹਾ ਵਿੱਚ ਹੋਰ ਸੁੰਗੜ ਗਈ। ਹੋਰ ਘੱਟ ਕੇ ਜੱਫੀ ਪਾ ਲਈ, ਜਿਵੇਂ ਵਿਜੈ ’ਚੋਂ ਕੋਈ ਸਹਾਰਾ ਲੱਭਦੀ ਹੋਵੇ।

ਵਿਜੈ ਨੂੰ ਲੱਗਿਆ, ਮੈਰੀ ਤਾਂ ਜਿਵੇਂ ਕੋਈ ਬਰਫ਼ ਦੀ ਡਲੀ ਸੀ। ਉਹ ਤਾਂ ਸਾਰੀ ਦੀ ਸਾਰੀ ਹੀ ਪਿਘਲ ਗਈ। ਉਸਨੂੰ ਆਪਣੇ ਕੱਪੜੇ ਗਿੱਲੇ-ਗਿੱਲੇ ਲੱਗੇ।

25/ਰੇਤ ਦੇ ਘਰ