ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੈਪਟਨ ਉਦਾਸ ਸੀ

ਪੱਛਮ ਵਾਲੇ ਪਾਸੇ ਇੱਕ ਵੱਡਾ ਲਾਲ ਗੋਲ ਆਕਾਰ, ਸਮੁੰਦਰ ਦੀ ਸਤਹਿ ਵੱਲ ਵਧ ਰਿਹਾ ਸੀ। ਹੌਲੀ-ਹੌਲੀ ਉਸ ਲਾਲ ਅੱਗ ਦੇ ਗੋਲੇ ਨੇ ਸਤਹਿ ਨੂੰ ਛੂਹਿਆ। ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਅੰਦਰ ਡੁਬਦਾ ਗਿਆ ਤੇ ਦੇਖਦੇ ਹੀ ਦੇਖਦੇ ਪੂਰਾ ਸਮੁੰਦਰ ਵਿੱਚ ਸਮਾ ਗਿਆ। ਬੜਾ ਹੀ ਸੁਹਾਵਣਾ ਦ੍ਰਿਸ਼ ਅਚਾਨਕ ਗਾਇਬ ਹੋ ਗਿਆ। ਆਸ-ਪਾਸ ਆਕਾਸ਼ ਉੱਪਰ ਛਾਈ ਲਾਲੀ ਮੱਧਮ ਪੈਣ ਲੱਗੀ। ਹੌਲੀ-ਹੌਲੀ ਹਨੇਰੇ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ, ਜੋ ਆਉਣ ਵਾਲੀ ਰਾਤ ਦਾ ਸੰਕੇਤ ਸੀ।

ਜਹਾਜ਼ ਦੇ ਬਰਿੱਜ਼ ਅੰਦਰ ਖੜ੍ਹਾ ਕੈਪਟਨ, ਇਸ ਡੁਬਦੇ ਸੂਰਜ ਦੇ ਦ੍ਰਿਸ਼ ਨੂੰ ਗੌਰ ਨਾਲ ਦੇਖਦਾ ਰਿਹਾ। ਉਸਨੇ ਆਪਣੀ ਠੋਡੀ ਤੇ ਗੱਲ੍ਹਾਂ ਨੂੰ ਦੋਵਾਂ ਹੱਥਾਂ ਦਾ ਸਹਾਰਾ ਦਿੱਤਾ ਹੋਇਆ ਸੀ। ਦੋਵੇਂ ਕੂਹਣੀਆਂ ਇੱਕ ਟੇਬਲ-ਨੁਮਾ ਸਹਾਰੇ ’ਤੇ ਟਿਕਾਈਆਂ ਹੋਈਆਂ ਸਨ। ਅੱਖਾਂ ’ਚ ਕੋਈ ਸੁੰਨਾਪਨ ਸੀ। ਚਿਹਰਾ ਖਾਲੀ-ਖਾਲੀ। ਮਨ ਸ਼ਾਂਤ ਸੀ ਜਾਂ ਅਸ਼ਾਂਤ, ਕਹਿਣਾ ਮੁਸ਼ਕਿਲ ਸੀ। ਉਹ ਸਹਿਜ ਸੀ ਜਾਂ ਅਸਹਿਜ, ਅੰਦਾਜ਼ਾ ਲਾਉਣਾ ਔਖਾ ਹੋ ਰਿਹਾ ਸੀ। ਦੇਖਣ ਵਾਲੇ ਨੂੰ ਉਹ ਕਿਸੇ ਗਹਿਰੀ ਸੋਚ ਵਿੱਚ ਲੱਗਦਾ ਸੀ।

ਪਲ-ਦਰ-ਪਲ ਹਨ੍ਹੇਰਾ ਹੋਰ ਗਹਿਰਾ ਹੁੰਦਾ ਗਿਆ। ਸਟਾਫ਼ ਦੇ ਚਿਹਰਿਆਂ ਉੱਪਰ ਛਾਈ ਅਜੀਬ ਜਿਹੀ ਚੁੱਪ ਤੇ ਉਦਾਸੀ ਦੀ ਪਰਤ ਵੀ ਗਹਿਰੀ ਹੁੰਦੀ ਗਈ। ਜਹਾਜ਼ ‘ਡੇਂਜਰ-ਏਰੀਏ’ ’ਚ ਦਾਖ਼ਲ ਹੋਣ ਜਾ ਰਿਹਾ ਸੀ। ਸਭ ਨੂੰ ਪਤਾ ਸੀ। ਸਭ ਚਿਹਰਿਆਂ ’ਤੇ ਤਣਾਅ ਸਾਫ਼ ਝਲਕਦਾ ਸੀ।

ਆਉਣ ਵਾਲੀ ਰਾਤ ਨੂੰ ਕਿਸੇ ਵੀ ਅਣ-ਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ, ਕੈਪਟਨ ਨੇ ਆਪਣੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਜਹਾਜ਼ ਦਾ ਚੀਫ਼-ਅਫਸਰ ਆਸਟ੍ਰੇਲੀਅਨ ਗੋਰਾ ਸੀ ਤੇ ਸਾਰੇ ਦਿਨ ਦੀ ਕੰਮ ਦੀ ਥਕਾਵਟ ਚਿਹਰੇ ’ਤੇ ਝਲਕਦੀ ਸੀ। ਫਿਰ ਵੀ ਉਹ ਆਤਮ ਵਿਸ਼ਵਾਸ ਨਾਲ ਭਰੀਆਂ ਅੱਖਾਂ ਨਾਲ ਕੈਪਟਨ ਨੂੰ ਦੱਸ ਰਿਹਾ ਸੀ, “ਸਰ ਅੱਗੇ ਤੋਂ ਪਿੱਛੇ ਤੱਕ ਜਹਾਜ਼ ਦੇ ਦੋਵੇਂ ਪਾਸੇ ਵੱਡੀਆਂ ਫਲੱਡ-ਲਾਈਟਾਂ ਲਾ ਦਿਤੀਆਂ ਹਨ ਤਾਂ ਕਿ ਕੋਈ ਕਿਸ਼ਤੀ ਰਾਤ ਸਮੇਂ ਜਹਾਜ਼ ਵੱਲ ਆਵੇ ਤਾਂ ਦੂਰੋਂ ਨਜ਼ਰ ਪੈ ਜਾਵੇ। ਚਾਰ-ਚੁਫੇਰੇ ਵਾਟਰ-ਗੰਨ ਵੀ ਫਿੱਟ ਕਰ ਦਿੱਤੀਆਂ ਹਨ ਕਿ ਅਗਰ ਕੋਈ ਸ਼ੱਕੀ ਕਿਸ਼ਤੀ

26/ਰੇਤ ਦੇ ਘਰ