ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਲੀਆਂ ਮਨਾ ਰਿਹਾ ਸੀ। ਚਾਰ-ਚੁਫ਼ੇਰੇ ਮਸਤੀ ਦਾ ਆਲਮ ਤੇ ਕਈ ਨੌਜਵਾਨ ਸੁੰਦਰੀਆਂ ਉਸ ਕੋਲ ਬੈਠੀਆਂ ਸਨ। ਕੁੱਝ ਆਲੇ-ਦੁਆਲੇ ਨੱਚ ਰਹੀਆਂ ਸਨ ਤੇ ਜਿਸਮ ਦਾ ਖੁੱਲ੍ਹਾ ਪ੍ਰਦਰਸ਼ਨ ਵੀ ਕਰ ਰਹੀਆਂ ਸਨ। ਸ਼ਰਾਬ, ਸ਼ਬਾਬ, ਮਿਉਜ਼ਿਕ, ਨੱਚਦੀਆਂ ਰੰਗ-ਬਿਰੰਗੀਆਂ ਲਾਈਟਾਂ ਤੇ ਮਸਤੀ ’ਚ ਝੂਮਦੇ ਸੈਮੁਅਲ ਦੇ ਬੰਦਿਆਂ ਲਈ ਇਹ ਇੱਕ ਅਲੱਗ ਹੀ ਦੁਨੀਆਂ ਸੀ। ਸੈਮੁਅਲ ਇੱਕ ਮੰਨਿਆ ਹੋਇਆ ਡਾਕੂ ਸੀ। ਜਿੱਥੇ ਖੂੰਖਾਰ ਸੀ, ਨਾਲ ਹੀ ਆਪਣੇ ਸਾਥੀਆਂ ਲਈ ਇਸ ਤਰ੍ਹਾਂ ਦੀਆਂ ਮਨੋਰੰਜਨ ਪਾਰਟੀਆਂ ਕਰਨ ਲੱਗਾ ਕੋਈ ਸੰਕੋਚ ਨਹੀਂ ਸੀ ਕਰਦਾ। ਖੁੱਲ੍ਹ ਕੇ ਪੈਸਾ ਖਰਚਦਾ ਤੇ ਸਭ ਨੂੰ ਖੁਸ਼ ਰੱਖਦਾ।

ਜਹਾਜ਼ ਦੀ ਖ਼ਬਰ ਮਿਲਦੇ ਹੀ ਇਲਾਕੇ ਦੇ ਵੱਡੇ ਡਾਕੂ-ਸਰਦਾਰ ਨੇ ਸਾਰੇ ਡਾਕੂ ਮੁਖੀਆਂ ਨੂੰ ਜਲਦੀ ਤੋਂ ਜਲਦੀ ਉਸ ਕੋਲ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ। ਸੰਦੇਸ਼ ਮਿਲਦੇ ਹੀ ਸੈਮੁਅਲ ਦਾ ਚਿਹਰਾ ਸਖ਼ਤ ਹੋ ਗਿਆ ਤੇ ਚੱਲ ਰਹੀ ਪਾਰਟੀ ਦਾ ਮਜ਼ਾ ਕਿਰਕਿਰਾ। ਹੁਣ ਕੀ ਕੀਤਾ ਜਾਵੇ? ਉਹ ਵੱਡੇ ਬਾੱਸ ਦੇ ਹੁਕਮ ਨੂੰ ਨਜ਼ਰਅੰਦਾਜ਼ ਵੀ ਨਹੀਂ ਸੀ ਕਰ ਸਕਦਾ। ਆਖ਼ਰ ਹਰ ਧੰਦੇ ਦਾ ਆਪਣਾ ਕਾਇਦਾ-ਕਾਨੂੰਨ ਹੁੰਦਾ ਹੈ। ਕੁੱਝ ਸੋਚਿਆ ਤੇ ਫਿਰ ਪਾਰਟੀ ਵਿੱਚੇ ਹੀ ਛੱਡ, ਵੱਡੇ ਬਾੱਸ ਕੋਲ ਪਹੁੰਚ ਗਿਆ।

ਡਾਕੂ ਗਰੁੱਪਾਂ ਦੇ ਸਾਰੇ ਮੁਖੀ ਪਹੁੰਚ ਚੁੱਕੇ ਸਨ। ਕੋਈ ਭੂਮਿਕਾ ਨਾ ਬੰਨ੍ਹਦੇ ਹੋਏ, ਵੱਡੇ ਬਾੱਸ ਨੇ ਸਿੱਧਾ ਦੱਸਿਆ ਕਿ ਇਕ ਜਹਾਜ਼ ਅੱਜ ਰਾਤ ਚੈਨਲ ਵਿੱਚ ਦਾਖ਼ਲ ਹੋ ਰਿਹਾ ਹੈ ਤੇ ਆਪਾਂ ਇਹ ਜਹਾਜ਼ ਲੁੱਟਣਾ ਹੈ।

ਘੁਸਰ-ਮੁਸਰ ਸ਼ੁਰੂ ਹੋ ਗਈ ਤੇ ਕਾਫ਼ੀ ਦੇਰ ਤੱਕ ਵਿਚਾਰਾਂ ਹੁੰਦੀਆਂ ਰਹੀਆਂ। ਕਈ ਤਰ੍ਹਾਂ ਦੇ ਸਵਾਲ-ਜਵਾਬ ਵੀ ਹੋਏ। ਸੈਮੁਅਲ ਚੁੱਪ-ਚਾਪ ਬੈਠਾ ਰਿਹਾ ਤੇ ਕੋਈ ਗੱਲ ਨਾ ਕੀਤੀ। ਉਸਦਾ ਮਨ ਚੱਲ ਰਹੀ ਪਾਰਟੀ ਵਿੱਚ ਸੀ ਤੇ ਜਲਦੀ ਵਾਪਸ ਜਾਣਾ ਚਾਹੁੰਦਾ ਸੀ।

ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਵੱਡੇ ਸਰਦਾਰ ਨੇ ਚੁੱਪ ਬੈਠੇ ਸੈਮੁਅਲ ਵੱਲ ਵੇਖਿਆ ਤੇ ਜਹਾਜ਼ ਉੱਪਰ ਹਮਲੇ ਦੀ ਜ਼ਿੰਮੇਵਾਰੀ ਉਸ ਉੱਪਰ ਪਾ ਦਿੱਤੀ। ਸੈਮੁਅਲ ਨੂੰ ਝਟਕਾ ਲੱਗਾ। ਉਹ ਅੱਜ ਟਲਣਾ ਚਾਹੁੰਦਾ ਸੀ ਪਰ ਫਿਰ ਵੀ ਸੈਮੁਅਲ ਨੇ ਨਾਂਹ ਨਹੀਂ ਕੀਤੀ। ਜ਼ਿੰਮੇਵਾਰੀ ਨੂੰ ਸਵੀਕਾਰ ਕਰਦਿਆਂ, ‘ਓ-ਕੇ ਬਾੱਸ’ ਕਹਿ ਜਾਣ ਦੀ ਇਜਾਜ਼ਤ ਮੰਗੀ।

ਅੱਗੇ ਸਾਰੀ ਯੋਜਨਾ ਸੈਮੂਅਲ ਨੇ ਤਿਆਰ ਕਰਨੀ ਸੀ। ਉਹ ਸਿੱਧਾ ਕਲੱਬ ਵਾਪਸ ਗਿਆ ਤੇ ਆਪਣੇ ਖ਼ਾਸ ਰਾਜ਼ਦਾਰ ਆਈਜ਼ੈਕ ਨੂੰ ਕਹਿਣ ਲੱਗਾ, “ਪਾਰਟੀ ਇੱਥੇ ਹੀ ਸਮੇਟ ਦਿੱਤੀ ਜਾਵੇ, ਆਪਾਂ ਆਪਣੇ ਬੰਦਿਆਂ ਨਾਲ ਬਹੁਤ ਜ਼ਰੂਰੀ ਮੀਟਿੰਗ ਕਰਨੀ ਹੈ।”

ਸਰੂਰ ਨਾਲ ਭਰੀਆਂ ਨਜ਼ਰਾਂ ਨਾਲ ਆਈਜ਼ੈਕ ਨੇ ਸੈਮੁਅਲ ਦੀਆਂ

28/ਰੇਤ ਦੇ ਘਰ