ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ। ਸੈਮੂਅਲ ਦਾ ਚਿਹਰਾ ਪੂਰਾ ਸਖ਼ਤ ਸੀ, ਅੱਖਾਂ ਵਿੱਚ ਗੰਭੀਰਤਾ ਅਤੇ ਮੱਥੇ ’ਤੇ ਕਈ ਸਵਾਲ ਸਨ। ਆਈਜ਼ੈਕ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ, ਅੱਗੋਂ ਕੋਈ ਸਵਾਲ ਨਾ ਕੀਤਾ ਤੇ ਆਪਣੇ ਹੋਰ ਸਾਥੀਆਂ ਵੱਲ ਮੁੜ ਗਿਆ।

ਸੈਮੂਅਲ ਨੇ ਆਪਣੇ ਖ਼ਾਸ ਬੰਦਿਆਂ ਨੂੰ ਜਹਾਜ਼ ਦੇ ਆਉਣ ਦੀ ਗੱਲ ਦੱਸੀ ਤੇ ਕਿਹਾ ਅੱਜ ਰਾਤ ਹੀ ਆਪਾਂ ਇਹ ਜਹਾਜ਼ ਨੂੰ ਲੁੱਟਣਾ ਹੈ। ਆਈਜ਼ੈਕ ਨੇ ਸੁਝਾਅ ਦਿੱਤਾ, “ਸਮੁੰਦਰ ਤੋਂ ਚੈਨਲ ਵਾਲੇ ਪਾਸੇ ਮੁੜਦੇ ਹੀ ਜਹਾਜ਼ ’ਤੇ ਹਮਲਾ ਕਰਕੇ ਬੰਦਰਗਾਹ ਏਰੀਆ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਜਹਾਜ਼ ਤੇ ਸਟਾਫ਼ ਨੂੰ ਕਾਬੂ ਕਰਕੇ, ਦਿਨ ਚੜ੍ਹਨ ਤੋਂ ਪਹਿਲਾਂ ਲੁੱਟ ਦਾ ਕੰਮ ਮੁਕੰਮਲ ਕਰ ਲਿਆ ਜਾਵੇ।”

“ਆਈਜ਼ੈਕ ਤੇਰੀ ਗੱਲ ਠੀਕ ਹੈ ਪਰ ਇਸ ਵਿੱਚ ਇੱਕ ਮੁਸ਼ਕਿਲ ਹੈ। ਰਾਤ ਨੂੰ ਤੇਜ਼ ਹਵਾ ਨਾਲ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਹੈ। ਚੈਨਲ ਵਿੱਚ ਤੇਜ਼ ਲਹਿਰਾਂ ਉੱਠ ਸਕਦੀਆਂ ਹਨ। ਅਜਿਹੇ ਮੌਸਮ ’ਚ ਸਾਮਾਨ ਲਾਹੁਣਾ ਮੁਸ਼ਕਿਲ ਹੈ। ਬੰਦਿਆਂ ਦਾ ਨੁਕਸਾਨ ਹੋ ਸਕਦੈ ਤੇ ਕੁੱਝ ਸਾਮਾਨ ਵੀ ਪਾਣੀ ਵਿੱਚ ਡਿੱਗ ਸਕਦੈ।”

“ਆਪਾਂ ਜਹਾਜ਼ ਹਾਈ-ਜੈਕ ਕਰ ਲੈਂਦੇ ਹਾਂ, ਮੌਸਮ ਸਾਫ਼ ਹੋਣ ’ਤੇ ਸਾਮਾਨ ਲਾਹ ਲਵਾਂਗੇ।” ਆਈਜ਼ੈਕ ਫੇਰ ਬੋਲਿਆ।

“ਇਸ ਵਿੱਚ ਵੀ ਖ਼ਤਰਾ ਹੈ। ਇੰਡੀਅਨ, ਆਸਟ੍ਰੇਲੀਅਨ, ਫਿਲੀਪੀਨੋ, ਅਫ਼ਰੀਕਨ, ਸ੍ਰੀਲੰਕਨ ਆਦਿ ਰਲਿਆ-ਮਿਲਿਆ ਸਟਾਫ਼ ਹੈ। ਕਦੇ-ਕਦੇ ਇੱਕ-ਦੂਜੇ ਤੋਂ ਵੱਧ ਬਹਾਦਰੀ ਵਿਖਾਉਣ ਦਾ ਭੂਤ ਸਵਾਰ ਹੋ ਜਾਂਦੈ। ਏਥੇ ਵੀ ਕੋਈ ਮੂਰਖ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਸਕਦੈ।”

“ਅਫ਼ਸਰ ਤੇ ਜਹਾਜ਼ ਦਾ ਸਟਾਫ਼ ਆਪਣੇ ਅੱਗੇ ਕੀ ਚੀਜ਼ ਹੈ। ਬਾੱਸ, ਇਸਦਾ ਫ਼ਿਕਰ ਨਾ ਕਰੋ। ਆਰਾਮ ਨਾਲ ਸਿਰੰਡਰ ਕਰ ਦੇਣਗੇ। ਬਹੁਤੀ ਗੱਲ ਹੋਈ ਇੱਕ ਅੱਧੇ ਨੂੰ ਪਾਰ ਬੁਲਾ ਦਿਆਂਗੇ ਤੇ ਬਹਾਦਰੀ ਠੁੱਸ, ਫੇਰ ਨੀ ਕੋਈ ਵੀ ਕੁਸਕਦਾ।” ਆਈਜ਼ੈਕ ਨੇ ਦਲੇਰੀ ਵਿਖਾਈ।

"ਆਈਜ਼ੈਕ ਆਪਣਾ ਮਕਸਦ ਜਹਾਜ਼ ਲੁੱਟਣਾ ਹੈ, ਬੰਦੇ ਮਾਰਨਾ ਨਹੀਂ। ਬੰਦਾ ਮਾਰ ਕੇ ਆਪਾਂ ਨੂੰ ਕੀ ਮਿਲੂ। ਅਗਰ ਜਾਨ ਨੂੰ ਖ਼ਤਰਾ ਹੋਵੇ, ਫੇਰ ਬੰਦੇ ਨੂੰ ਮਾਰੋ, ਵਰਨਾ ਬਿਲਕੁਲ ਨਹੀਂ।"

“ਠੀਕ ਹੈ ਬਾੱਸ। ਬਹੁਤੀ ਗੱਲਬਾਤ ਛੱਡੋ, ਸਾਨੂੰ ਤਾਂ ਹੁਕਮ ਕਰੋ ਕੀ ਕਰਨਾ ਹੈ।” ਆਈਜ਼ੈਕ ਚੁੱਪ ਹੋ ਗਿਆ।

“ਇੰਝ ਕਰੋ ਕਿ ਦੋ ਸੌ ਦੇ ਕਰੀਬ ਹਰ ਤਰ੍ਹਾਂ ਦੇ ਬੰਦੇ ਤਿਆਰ ਰੱਖੋ। ਸਪੀਡ-ਬੋਟ, ਵੱਡੇ ਟੱਗ ਤੇ ਡੌਹਜ਼ ਵਗੈਰਾ ਵੀ ਤਿਆਰ ਹੋਣ। ਕਰੇਨ-ਓਪਰੇਟਰ

29/ਰੇਤ ਦੇ ਘਰ