ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਿਆ ਸੀ। ਉਸਨੇ ਆਪਣੀਆਂ ਨਜ਼ਰਾਂ ਬਾਹਰ ਵੱਲ ਟਿਕਾ ਲਈਆਂ ਸਨ। ਡਿਊਟੀ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਫਿਰ ਭਾਰੀ ਪੈਣ ਲੱਗਾ ਸੀ।

ਹੌਲੀ-ਹੌਲੀ ਸੁਸ਼ੀਲ ਦੇ ਮਨ ਅੰਦਰ ਇੱਕ ਹੋਰ ਤਕਰਾਰ ਸ਼ੁਰੂ ਹੋ ਗਈ। ਸੋਚਣ ਲੱਗਾ, ‘ਇਹ ਕੰਪਨੀਆਂ ਜਹਾਜ਼ਾਂ ’ਚ ਹਥਿਆਰ ਕਿਉਂ ਨੀ ਦਿੰਦੀਆਂ? ਨਾਲੇ ਇਹ ਕੈਸੇ ਕਾਨੂੰਨ ਨੇ, ਜੋ ਸਿਰਫ਼ ਸਾਡੇ ’ਤੇ ਲਾਗੂ ਹਨ, ਡਾਕੂਆਂ ’ਤੇ ਨਹੀਂ। ਜੋ ਹਨ ਹੀ ਡਾਕੂ, ਉਨ੍ਹਾਂ 'ਤੇ ਰਹਿਮ ਕਿਉਂ, ਸਿੱਧਾ ਗੋਲੀ ਮਾਰੋ ਸਾਲਿਆਂ ਨੂੰ। ਡਾਕੂ ਤੁਹਾਨੂੰ ਜ਼ਖ਼ਮੀ ਕਰ ਸਕਦਾ ਹੈ, ਵੱਢ-ਟੁੱਕ ਸਕਦਾ ਹੈ, ਗੋਲੀ ਮਾਰ ਸਕਦਾ ਹੈ, ਲੁੱਟ ਸਕਦਾ ਹੈ, ਕੁੱਝ ਵੀ ਕਰ ਸਕਦਾ ਹੈ ਪਰ ਤੁਸੀਂ? ਤੁਸੀਂ ਉਸ ਨੂੰ ਕੁੱਝ ਨੀ ਕਹਿ ਸਕਦੇ, ਸਭ ਬਕਵਾਸ। ਹੋਵੇ ਮੇਰੇ ਕੋਲ ਸਟੇਨਗੰਨ, ਇੱਕ ਵੀ ਡਾਕੂ ਅੰਦਰ ਵੜ ਕੇ ਵਿਖਾਵੇ।’

ਨੌਜਵਾਨ ਖ਼ੂਨ ਅੰਦਰ ਹੀ ਅੰਦਰ ਖੌਲਣ ਲੱਗਾ। ਉਹ ਆਪਣੇ ਆਪ ਨਾਲ ਹੀ ਬਹਿਸ ਰਿਹਾ ਸੀ ਤੇ ਮਨ ’ਚ ਗੁੱਸਾ ਵਧਦਾ ਜਾ ਰਿਹਾ ਸੀ। ‘ਮੇਰੇ ਜਹਾਜ਼ ਨੂੰ ਮੇਰੇ ਹੀ ਸਾਹਮਣੇ ਕੋਈ ਵੀ ਆ ਕੇ ਲੁੱਟੀ ਜਾਵੇ ਤੇ ਮੈਂ ਬੇਵੱਸ ਖੜ੍ਹਾ ਵੇਖੀ ਜਾਵਾਂ।’ ਇਹ ਗੱਲ ਉਸਨੂੰ ਹਜ਼ਮ ਨਹੀਂ ਸੀ ਹੋ ਰਹੀ।

ਓਧਰ ਸਵੇਰ ਦੇ ਤਿੰਨ ਵੱਜ ਚੁੱਕੇ ਸਨ। ਬਰਿਜ਼ ’ਚ ਖੜ੍ਹੇ ਕੈਪਟਨ ਦੇ ਮਨ ’ਚ ਕਈ ਤਰ੍ਹਾਂ ਦੇ ਖ਼ਿਆਲ ਆ ਰਹੇ ਸਨ। ਉਹ ਵੀ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਆਪ ਹੀ ਸਵਾਲ ਕਰਦਾ ਤੇ ਆਪ ਹੀ ਜਵਾਬ ਦਿੰਦਾ:

‘ਜੇ ਦਿਨ ਦੇ ਟਾਇਮ ਇਹ ਚੈਨਲ ਪਾਰ ਕਰਦੇ ? .... ਉਸ ਨਾਲ ਕੀ ਫ਼ਰਕ ਪੈਣਾ ਸੀ?’

‘ਹਮਲੇ ਦੀ ਸੰਭਾਵਨਾ ਸ਼ਾਇਦ ਘੱਟ ਹੁੰਦੀ? ....ਨਹੀਂ, ਕਿੰਨੇ ਜਹਾਜ਼ਾਂ ’ਤੇ ਦਿਨ ਵੇਲੇ ਵੀ ਹਮਲੇ ਹੋਏ ਨੇ।’

‘ਕੋਈ ਜਾਨੀ ਨੁਕਸਾਨ ਨਾ ਹੋ ਜੇ ਕਿਤੇ ?....ਨਹੀਂ, ਬੰਦਾ ਨੀ ਮਾਰਦੇ, ਮਰਿਆ ਬੰਦਾ ਉਨ੍ਹਾਂ ਦੇ ਕਿਸ ਕੰਮ।’

‘ਹਮਲਾ ਤਾਂ ਜ਼ਰੂਰ ਕਰਨਗੇ ? ....ਲੱਗਦੈ ਹੁਣ ਨੀ ਕਰਦੇ, ਕਰਨਾ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ।’

ਮਨ ’ਚ ਜਬਰਦਸਤ ਹਲਚਲ ਮੱਚੀ ਹੋਈ ਸੀ। ਖ਼ਤਰਨਾਕ ਟਾਇਮ ਲੱਗਭੱਗ ਲੰਘਦਾ ਜਾ ਰਿਹਾ ਸੀ। ਫਿਰ ਵੀ ਘੰਟਾ-ਡੇਢ ਘੰਟਾ ਹੋਰ ਸਤਰਕ ਰਹਿਣ ਦੀ ਜ਼ਰੂਰਤ ਸੀ।

ਡਾਕੂ ਸਰਦਾਰ ਸੈਮੂਅਲ ਵੀ ਸੁੱਤਾ ਨਹੀਂ ਸੀ। ਉਹ ਸਾਰੀਆਂ ਮੋਰੀਆ ਬੰਦ ਕਰਨ ਲੱਗਾ ਹੋਇਆ ਸੀ। ਰਾਤ ਇੱਕ ਵਜੇ ਉਸਨੇ ਆਈਜ਼ੈਕ ਨੂੰ ਉਹ ਥਾਂ ਦੱਸੀ, ਜਿੱਥੋਂ ਜਹਾਜ਼ 'ਤੇ ਹਮਲਾ ਕਰਨਾ ਸੀ। ਆਈਜ਼ੈਕ ਜਗ੍ਹਾ ਬਾਰੇ ਸੁਣ

32/ਰੇਤ ਦੇ ਘਰ