ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਚੌਕਿਆ, “ਹੈਂਅ! ਬਾੱਸ ਇਹ ਜਗ੍ਹਾ ਠੀਕ ਨਹੀਂ। ਆਪਾਂ ਨੂੰ ਬਹੁਤ ਪਹਿਲਾਂ ਜਹਾਜ਼ ਕਾਬੂ ਕਰਨਾ ਪਏਗਾ। ਏਸ ਜਗ੍ਹਾ ’ਤੇ ਅਗਰ ਜਲਦੀ ਕਾਬੂ ਨਾ ਆਇਆ ਤਾਂ ਫੁੱਲ-ਸਪੀਡ ਭੱਜ ਕੇ ਉਹ ਬੰਦਰਗਾਹ ’ਚ ਪਹੁੰਚ ਜਾਵੇਗਾ ਤੇ ਅੱਗੇ ਦਿਨ ਵੀ ਚੜ੍ਹ ਰਿਹਾ ਹੈ।”

“ਆਈਜ਼ੈਕ, ਘਬਰਾਉਣ ਦੀ ਲੋੜ ਨਹੀਂ। ਸਾਰੇ ਕੰਮ ਮੈਂ ਸੰਭਾਲ ਲਏ ਹਨ। ਇਸ ਜਗ੍ਹਾ ’ਤੇ ਸਮੁੰਦਰ ਬਿਲਕੁਲ ਸ਼ਾਂਤ ਹੈ। ਸਾਮਾਨ ਉਤਾਰਨਾ ਸੌਖਾ ਹੈ ਤੇ ਟਾਇਮ ਵੀ ਘੱਟ ਲੱਗੇਗਾ। ਤੁਸੀਂ ਸਾਰੀਆਂ ਸਪੀਡ-ਬੋਟ, ਟੱਗ, ਡੌਹਜ਼ ਤੇ ਬੰਦੇ ਤਿਆਰ ਰੱਖੋ। ਤੁਹਾਨੂੰ ਛੇ ਘੰਟੇ ਮਿਲਣਗੇ। ਇਸ ਟਾਇਮ ’ਚ ਸਾਰਾ ਜਹਾਜ਼ ਖਾਲੀ ਕਰਨਾ ਹੋਵੇਗਾ।”

ਆਈਜ਼ੈਕ ਸੋਚ ਰਿਹਾ ਸੀ, ‘ਬਾੱਸ ਪੂਰਾ ਨਾਬਰ ਬੰਦਾ ਹੈ। ਸਾਰੀਆਂ ਮੋਰੀਆਂ ਬੰਦ ਕਰਕੇ ਫੇਰ ਹੀ ਮੈਨੂੰ ਕਿਹਾ ਹੋਣੈ। ਆਪਾਂ ਨੂੰ ਕੀ, ਬਾੱਸ ਵਾਲਾ ਕੰਮ ਬਾੱਸ ਸੰਭਾਲੂ, ਆਪਾਂ ਆਪਣਾ ਕਰੀਏ।’

ਉਸਨੇ ਤਿਆਰੀ ਤਾਂ ਪਹਿਲਾਂ ਹੀ ਕਰ ਲਈ ਸੀ। ਬਾੱਸ ਦਾ ਹੁਕਮ ਮਿਲਦੇ ਹੀ ਸਾਥੀਆਂ ਸਮੇਤ ਉਸ ਜਗ੍ਹਾ ਵੱਲ ਕੂਚ ਕਰ ਦਿੱਤਾ, ਜੋ ਹੁਣੇ ਉਸ ਨੂੰ ਦੱਸੀ ਗਈ ਸੀ। ਰਾਤ ਦੇ ਢਾਈ ਵਜੇ ਉਹ ਦੱਸੀ ਜਗ੍ਹਾ ’ਤੇ ਪਹੁੰਚ ਗਏ ਤੇ ਹਮਲੇ ਲਈ ਤਿਆਰ ਸਨ।

ਓਧਰ ਦੋ ਵਜੇ ਤੋਂ ਬਾਅਦ ਸੈਮੂਅਲ ਨੇ ਜਹਾਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਛੋਟੀ ਕਿਸ਼ਤੀ ’ਚ ਬੈਠਾ, ਉਹ ਜਹਾਜ਼ ਤੋਂ ਥੋੜ੍ਹੀ ਦੂਰੀ ਬਣਾ ਕੇ ਪਿੱਛੇ-ਪਿੱਛੇ ਚੱਲਿਆ ਆ ਰਿਹਾ ਸੀ। ਸਵੇਰ ਦੇ ਚਾਰ ਵੱਜੇ ਤਾਂ ਨਹੀਂ ਸਨ ਪਰ ਥੋੜ੍ਹਾ ਚਾਨਣ ਹੋਣ ਲੱਗ ਪਿਆ ਸੀ। ਜਹਾਜ਼ ਦੇ ਬਰਿੱਜ਼ ’ਚ ਖੜ੍ਹੇ ਕੈਪਟਨ ਨੇ ਹਾਲਾਤ ਨੂੰ ਆਂਕਿਆ। ਸੋਚਣ ਲੱਗਾ, ‘ਹੁਣ ਤਾਂ ਹਮਲੇ ਦੀ ਕੋਈ ਸੰਭਾਵਨਾ ਨਹੀਂ ਲੱਗਦੀ।’ ਕੁੱਝ ਸੋਚ ਉਸਨੇ ਚੀਫ਼-ਅਫ਼ਸਰ ਨੂੰ ਕਿਹਾ, “ਕੁੱਝ ਬੰਦੇ ਆਪਣੇ ਕੋਲ ਰੱਖ ਕੇ, ਬਾਕੀਆਂ ਨੂੰ ਆਰਾਮ ਕਰਨ ਲਈ ਭੇਜ ਦਿੱਤਾ ਜਾਵੇ।”

ਅਚਾਨਕ ਬੜੀ ਤੇਜ਼ ਰਫ਼ਤਾਰ ਕਈ ਸਪੀਡ-ਬੋਟ ਜਹਾਜ਼ ਵੱਲ ਵਧੀਆਂ। ਇਹ ਸਾਰੀਆਂ ਪਿਛਲੇ ਪਾਸੇ ਤੋਂ ਆਈਆਂ। ਦੋ ਕਿਸ਼ਤੀਆਂ ਜਹਾਜ਼ ਦੇ ਖੱਬੇ ਤੇ ਸੱਜੇ ਜਹਾਜ਼ ਦੇ ਹੀ ਪ੍ਰਛਾਂਵੇ ਵਿਚਦੀ ਬਿਲਕੁਲ ਨਾਲ ਦੀ ਲੰਘ ਕੇ, ਅਗਲੇ ਹਿੱਸੇ ਤੱਕ ਪਹੁੰਚ ਗਈਆਂ। ਕਿਸੇ ਦੇ ਵੀ ਨਜ਼ਰ ਨਾ ਪਈਆਂ। ਕਿਸ਼ਤੀਆਂ ਅੰਦਰਲੇ ਬੰਦਿਆਂ ਨੇ ਮੋਟੇ ਰੱਸਿਆਂ ਨਾਲ ਬੰਨ੍ਹੀਆਂ ਹੁੱਕਾਂ ਜਹਾਜ਼ ਦੀ ਰੇਲਿੰਗ ਉੱਪਰ ਸੁੱਟੀਆਂ। ਟਰੇਂਡ ਡਾਕੂਆਂ ਦਾ ਕੰਮ ਸੀ। ਸਾਰੀਆਂ ਹੁੱਕਾਂ ਰੇਲਿੰਗਾਂ ਵਿੱਚ ਜਾ ਫਸੀਆਂ। ਕੁੱਝ ਹੀ ਪਲਾਂ ’ਚ ਰੱਸਿਆਂ ਦਾ ਸਹਾਰਾ ਲੈ ਕੇ ਬਾਂਦਰ-ਟਪੂਸੀਆਂ ਵਾਂਗ ਦੋਵਾਂ ਪਾਸਿਆਂ ਤੋਂ ਕਰੀਬ 20-20 ਬੰਦੇ ਜਹਾਜ਼ ਦੇ

33/ਰੇਤ ਦੇ ਘਰ