ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਲੇ ਡੈਕ 'ਤੇ ਪਹੁੰਚ ਗਏ ਤੇ ਚੀਫ਼-ਅਫ਼ਸਰ ਦੀ ਟੀਮ ’ਤੇ ਹਮਲਾ ਕਰ ਦਿੱਤਾ। ਸਭ ਕੁੱਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਕੋਈ ਅੰਦਾਜ਼ਾ ਹੀ ਨਾ ਲਾ ਸਕਿਆ। ਅਗਲੇ ਡੈਕ ’ਤੇ ਡਾਕੂਆਂ ਦਾ ਝੁੰਡ ਦੇਖ, ਬਰਿੱਜ਼ ਅੰਦਰ ਖੜਾ ਕੈਪਟਨ ਹੈਰਾਨ ਰਹਿ ਗਿਆ।

ਘਬਰਾਹਟ ਵਿੱਚ ਬਰਿੱਜ਼ ਦਾ ਖੱਬੇ ਪਾਸੇ ਵਾਲਾ ਦਰਵਾਜ਼ਾ ਖੋਲ੍ਹ, ਕੈਪਟਨ ਝੱਟ ਬਾਹਰ ਆ ਗਿਆ। ਉਹ ਜਲਦੀ ਤੋਂ ਜਲਦੀ ਚੀਫ਼ ਅਫ਼ਸਰ ਦੀ ਮੱਦਦ ਲਈ ਪਹੁੰਚਣਾ ਚਾਹੁੰਦਾ ਸੀ। ਬਰਿੱਜ਼ ਵਾਲੇ ਡੈਕ ਤੋਂ ਹੇਠਲੇ ਡੈਕ ’ਤੇ ਆਉਣ ਲਈ ਕੈਪਟਨ ਪੌੜੀਆਂ ਤੋਂ ਭੱਜ-ਭੱਜ ਥੱਲੇ ਉਤਰ ਰਿਹਾ ਸੀ। ਜਿਵੇਂ ਹੀ ਦੋ ਨੰਬਰ ਡੈਕ ’ਤੇ ਪਹੁੰਚਿਆ, ਅਚਾਨਕ ਤਿੰਨ ਡਾਕੂਆਂ ਨੇ ਕੈਪਟਨ ਦਾ ਰਾਹ ਰੋਕਿਆ। ਕੈਪਟਨ ਪਹਿਲਾਂ ਹੀ ਗੁੱਸੇ ’ਚ ਸੀ, ਸਾਹਮਣੇ ਆਏ ਬੰਦੇ ਦੇ ਉਸ ਨੇ ਜ਼ੋਰ ਦੀ ਲੱਤ ਮਾਰੀ। ਉਹ ਡਾਕੂ ਪਿਛਾਂਹ ਜਾ ਡਿੱਗਾ। ਦੂਸਰੇ ਡਾਕੂ ਨੇ ਗੋਲੀ ਤਾਂ ਨਾ ਚਲਾਈ ਪਰ ਰਾਈਫਲ ਦੇ ਬੱਟ ਨਾਲ ਕੈਪਟਨ ਦੇ ਸਿਰ ’ਤੇ ਵਾਰ ਕੀਤਾ। ਕੈਪਟਨ ਦੀਆਂ ਅੱਖਾਂ ਅੱਗੇ ਧੁੰਦਲਾ ਜਿਹਾ ਛਾਇਆ ਪਰ ਜਲਦੀ ਸਾਫ਼ ਹੋ ਗਿਆ। ਉਹ ਡਿੱਗਣ ਤੋਂ ਮਸਾਂ ਬਚਿਆ। ਤੇਜ਼ੀ ਨਾਲ ਹੋਰ ਅੱਗੇ ਵਧ ਗਿਆ ਪਰ ਜਿਉਂ ਹੀ ਘੁੰਮ ਕੇ ਅਗਲੀ ਪੌੜੀ ਉਤਰਨ ਲਈ ਡੰਡਾ ਫੜਿਆ, ਇੱਕ ਡਾਕੂ ਨੇ ਪਿੱਛੋਂ ਜੱਫਾ ਭਰ ਕੇ ਕੈਪਟਨ ਨੂੰ ਪਿੱਛੇ ਹੀ ਖਿੱਚ ਲਿਆ। ਇੱਕ ਹੋਰ ਨੇ ਕੰਨ ’ਤੇ ਪਿਸਤੌਲ ਰੱਖਿਆ ਤੇ ਪੁੱਛਿਆ, “ਕੀ ਤੂੰ ਹੀ ਕੈਪਟਨ ਹੈਂ?”

ਉਹ ਗੁੱਸੇ ’ਚ ਚਿੱਲਾਇਆ, “ਹਾਂ, ਮੈਂ ਹੀ ਕੈਪਟਨ ਹਾਂ। ਮੇਰੇ ਅਗਲੇ ਬੰਦਿਆਂ ਨੂੰ ਹੱਥ ਨਾ ਲਾਇਆ ਜਾਵੇ।”

ਉਨ੍ਹਾਂ ਉੱਥੇ ਹੀ ਕੈਪਟਨ ਨੂੰ ਦਬੋਚ ਲਿਆ ਤੇ ਬਰਿੱਜ਼ ਅੰਦਰ ਲਿਜਾ ਕੇ ਤਾੜ ਦਿੱਤਾ। ਹੁਣ ਤੱਕ ਹੋਰ ਡਾਕੂਆਂ ਨੇ ਆ ਕੇ ਬਰਿੱਜ਼ ’ਤੇ ਕਬਜ਼ਾ ਕਰ ਲਿਆ ਸੀ। ਇਹ ਸਾਰੇ ਡਾਕੂ ਪਿਛਲੇ ਪਾਸਿਉਂ ਜਹਾਜ਼ ਵਿੱਚ ਦਾਖ਼ਲ ਹੋਏ ਸਨ।

ਅਗਲੇ ਡੈਕ ’ਤੇ ਅਚਾਨਕ ਡਾਕੂਆਂ ਨੂੰ ਸਾਹਮਣੇ ਦੇਖ, ਚੀਫ਼-ਅਫ਼ਸਰ ਨੇ ਹੱਥ ਖੜ੍ਹੇ ਕਰ ਦਿੱਤੇ। ਉਸ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਸਿਰੰਡਰ ਹੈ। ਉਸਨੇ ਬੋਲ ਕੇ ਵੀ ਕਿਹਾ, “ਅਸੀਂ ਸਿਰੰਡਰ ਕਰਦੇ ਹਾਂ, ਅਸੀਂ ਲੜਨਾ ਨਹੀਂ ਚਾਹੁੰਦੇ।”

ਪਰ ਦੇਖਦੇ ਹੀ ਦੇਖਦੇ ਇੱਕ ਡਾਕੂ ਨੇ, ਬੋਸਨ (ਸੀ-ਮੈਨਾਂ ਦਾ ਇੰਚਾਰਜ) ਦੇ ਮੌਰਾਂ ’ਤੇ ਲੋਹੇ ਦੀ ਮੋਟੀ ਰਾਡ ਕੱਢ ਮਾਰੀ। ਬੋਸਨ ਨੂੰ ਜਬਰਦਸਤ ਧੱਕਾ ਵੱਜਾ ਤੇ ਉਹ ਸਾਹਮਣੇ ਮੂੰਹ ਭਾਰ ਡਿੱਗ ਪਿਆ। ਨੱਕ ’ਚੋਂ ਖ਼ੂਨ ਵਗਣ ਲੱਗਾ। ਆਸਟ੍ਰੇਲੀਅਨ ਚੀਫ਼-ਅਫ਼ਸਰ ਬੋਸਨ ਦੇ ਨੱਕ ’ਚੋਂ ਖ਼ੂਨ ਵਗਦਾ ਵੇਖ ਭੜ੍ਹਕ ਪਿਆ, “ਮੇਰੇ ਬੰਦਿਆਂ ਨੂੰ ਕਿਉਂ ਮਾਰ ਰਹੇ ਹੋ? ਅਸੀਂ ਸਿਰੰਡਰ ਕਰ ਚੁੱਕੇ ਹਾਂ।" ਉਹ ਆਪਣੇ ਗੁੱਸੇ ਨੂੰ ਕਾਬੂ ਨਾ ਕਰ ਸਕਿਆ ਤੇ ਉਸ ਡਾਕੂ

34/ਰੇਤ ਦੇ ਘਰ