ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਜ਼ੋਰ ਦੀ ਥੱਪੜ ਜੜ ਦਿੱਤਾ।

ਦੂਸਰੇ ਡਾਕੂ ਇਕਦਮ ਚੀਫ਼-ਅਫ਼ਸਰ ’ਤੇ ਝਪਟੇ। ਇੱਕ ਨੇ ਲੋਹੇ ਦੇ ਹਥਿਆਰ ਨਾਲ ਉਸਦੀ ਗਰਦਨ ’ਤੇ ਵਾਰ ਕੀਤਾ। ਚੰਗੀ ਕਿਸਮਤ, ਚੀਫ਼-ਅਫ਼ਸਰ ਦੀ ਗਰਦਨ ਤਾਂ ਬਚ ਗਈ ਪਰ ਖੱਬੇ ਮੋਢੇ ’ਤੇ ਇੱਕ ਵੱਡਾ ਜ਼ਖ਼ਮ ਹੋ ਗਿਆ। ਖ਼ੂਨ ਵਹਿਣ ਲੱਗਾ। ਇੱਕੋ ਵਾਰ ਨਾਲ ਚੀਫ਼-ਅਫ਼ਸਰ ਲੜਖੜਾ ਗਿਆ। ਚੱਕਰ ਜਿਹਾ ਆਇਆ ਤੇ ਉਹ ਡੈਕ ’ਤੇ ਡਿੱਗ ਪਿਆ। ਜਿਉਂ ਹੀ ਡਾਕੂ ਚੀਫ਼-ਅਫ਼ਸਰ ’ਤੇ ਦੁਬਾਰਾ ਵਾਰ ਕਰਨ ਲੱਗਾ ਤਾਂ ਬੋਸਨ, ਜੋ ਹੁਣ ਤੱਕ ਸੰਭਲ ਚੁੱਕਾ ਸੀ, ਇਕਦਮ ਚੀਫ਼-ਅਫ਼ਸਰ ਦੇ ਉੱਪਰ ਡਿੱਗ ਪਿਆ। ਉੱਚੀ-ਉੱਚੀ ਆਪਣੀ ਭਾਸ਼ਾ ਵਿੱਚ ਬੋਲ, ਨਾ ਮਾਰਨ ਦੀ ਬੇਨਤੀ ਕਰਨ ਲੱਗਾ। ਇਹ ਬੋਸਨ ਅਫ਼ਰੀਕਨ ਮੁਲਕ ਸੀਰਾ-ਲਿਊਨ ਦਾ ਸੀ। ਡਾਕੂਆਂ ਦੀ ਭਾਸ਼ਾ ਕੁੱਝ-ਕੁੱਝ ਸਮਝਦਾ ਸੀ। ਡਾਕੂਆਂ ਨੂੰ ਵੀ ਪਤਾ ਲੱਗ ਚੁੱਕਾ ਸੀ, ਇਹ ਵੀ ਅਫ਼ਰੀਕਨ ਹੈ। ਉਸਤੋਂ ਬਾਅਦ ਕਿਸੇ ’ਤੇ ਹੋਰ ਵਾਰ ਨਾ ਕੀਤਾ। ਚੀਫ਼-ਅਫ਼ਸਰ ਸਮੇਤ ਸਾਰਿਆਂ ਨੂੰ ਲਿਜਾ ਕੇ ਬਰਿੱਜ਼ 'ਚ ਬੰਦ ਕਰ ਦਿੱਤਾ।

ਸਾਰੇ ਜਹਾਜ਼ ’ਚ ਆਵਾਜ਼ਾਂ ਤੇ ਚੀਕਾਂ ਕੰਨੀਂ ਪੈਂਦੀਆਂ ਰਹੀਆਂ। ਡਾਕੂਆਂ ਦੀ ਭਾਸ਼ਾ ਤਾਂ ਸਮਝ ਨਹੀਂ ਸੀ ਆਉਂਦੀ ਪਰ ਉਹ ਜੋ ਵੀ ਸੀ, ਰੋਹਬ ਸੀ, ਧਮਕੀਆਂ ਸੀ ਤੇ ਗਾਲੀ-ਦੁੱਪੜ ਸੀ। ਹੋਰ ਸਟਾਫ਼ ਨੂੰ ਫੜਨ ਵੇਲੇ ਵੀ ਧੌਲ-ਧੱਫਾ, ਧੱਕਾ-ਮੁੱਕੀ ਹੁੰਦੀ ਰਹੀ ਤੇ ਇੱਕ-ਇੱਕ ਕਰਕੇ ਸਭ ਨੂੰ ਕਾਬੂ ਕਰ ਲਿਆ ਗਿਆ।

ਜਹਾਜ਼ ’ਤੇ ਡਾਕੂਆਂ ਦਾ ਪੂਰਨ ਕਬਜ਼ਾ ਹੋ ਚੁੱਕਾ ਸੀ। ਬਰਿੱਜ਼ ਦੇ ਬਾਹਰ ਖੜ੍ਹੇ ਡਾਕੂ ਬਿਲਕੁਲ ਨਿਸ਼ਚਿੰਤ ਤੇ ਸ਼ਾਂਤ ਖੜ੍ਹੇ ਅੰਦਰਲੇ ਬੰਦੀਆਂ ’ਤੇ ਨਜ਼ਰ ਰੱਖ ਰਹੇ ਸਨ। ਜਹਾਜ਼ ਦਾ ਸਾਰਾ ਸਟਾਫ਼ ਬਰਿੱਜ਼ ਅੰਦਰ ਚੁੱਪ ਤੇ ਉਦਾਸ ਬੈਠਾ ਸੀ। ਕਈਆਂ ਦੇ ਸੱਟਾਂ ਲੱਗੀਆਂ ਸਨ ਪਰ ਡਾਕੂਆਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਕੈਪਟਨ ਵੀ ਫੋਕੀ ਹਮਦਰਦੀ ਤੋਂ ਸਿਵਾਏ ਹੁਣ ਕੁੱਝ ਨਹੀਂ ਸੀ ਕਰ ਸਕਦਾ। ਉਸ ਨੂੰ ਸਭ ਦਾ ਹੀ ਦੁੱਖ ਸੀ ਪਰ ਚੀਫ਼-ਅਫ਼ਸਰ ਬਾਰੇ ਉਹ ਜ਼ਿਆਦਾ ਚਿੰਤਤ ਸੀ। ਬਰਿੱਜ਼ ਵਿੱਚ ਪਏ ਫਸਟ-ਏਡ-ਬਾਕਸ ’ਚ ਜੋ ਕੁੱਝ ਸੀ, ਉਹ ਚੀਫ਼-ਅਫ਼ਸਰ ਦੇ ਜ਼ਖ਼ਮ ਲਈ ਕੰਮ ਆਇਆ ਸੀ। ਕੈਪਟਨ ਉਸ ਦੇ ਕੋਲ ਹੀ ਬੈਠਾ ਸੀ। ਉਸ ਨੂੰ ਵੀ ਸਿਰ ’ਤੇ ਵੱਜੇ ਬੱਟ ਦਾ ਦਰਦ ਮਹਿਸੂਸ ਹੋਣ ਲੱਗ ਪਿਆ ਸੀ। ਸਭ ਦੇ ਮਨਾਂ ਅੰਦਰ ਕੋਈ ਨਾ ਕੋਈ ਖ਼ਿਆਲ ਜਾਂ ਘਮਸਾਨ ਚੱਲ ਰਿਹਾ ਸੀ।

ਸੁਸ਼ੀਲ ਦੀਆਂ ਅੱਖਾਂ ਲਾਲ ਸਨ। ਰੋ ਕੇ ਹਟਿਆ ਸੀ ਜਾਂ ਗੁੱਸੇ ਨਾਲ, ਕਿਸੇ ਗੌਰ ਨਹੀਂ ਸੀ ਕੀਤੀ। ਉਹ ਅਚਾਨਕ ਉਠ ਕੇ ਖੜ੍ਹਾ ਹੋ ਗਿਆ। ਕਈ ਸਿਰ ਉਸ ਵੱਲ ਘੁੰਮੇ। ਬਾਹਰ ਖੜੇ ਡਾਕੂ ਉਸ ਨੂੰ ਦੇਖ ਰਹੇ ਸਨ। ਉਹ ਹੌਲੀ

35/ਰੇਤ ਦੇ ਘਰ