ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਵਾਰ ਆਇਆ ਹਾਂ ਤੇ ਅੱਜ ਅਰਬ ਦੀ ਮਿੱਟੀ ਦੇ ਦਰਸ਼ਨ ਹੋਏ ਨੇ।”

“ਮੈਂ ਸੁਣਿਐ ਅਰਬੀ ਲੋਕ ਬੜੇ ਹੱਟੇ-ਕੱਟੇ, ਤੰਦਰੁਸਤ ਤੇ ਸੋਹਣੇ ਹੁੰਦੇ ਨੇ।”

“ਤੂੰ ਠੀਕ ਸੁਣਿਐ, ਅਰਬੀ ਔਰਤਾਂ ਤਾਂ ਖ਼ਾਸ ਤੌਰ ’ਤੇ ਬਹੁਤ ਹੀ ਸੋਹਣੀਆਂ ਤੇ ਸੁੰਦਰ ਹੁੰਦੀਆਂ ਨੇ।”

ਜੱਸੀ ਨੇ ਘੂਰ ਕੇ ਮੇਰੇ ਵੱਲ ਵੇਖਿਆ। ਸ਼ਾਇਦ ‘ਔਰਤਾਂ’ ਸ਼ਬਦ ਉਸ ਨੂੰ ਚੁਭਿਆ। ਮੈਂ ਵੀ ਮਹਿਸੂਸ ਕੀਤਾ, ਮੈਨੂੰ ਔਰਤਾਂ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ ਪਰ ਸੁਭਾਵਿਕ ਕਹਿ ਹੋ ਗਈ। ਸਵੇਰੇ-ਸਵੇਰੇ ਜੱਸੀ ਦਾ ਮੂਡ ਖ਼ਰਾਬ ਹੋ ਜਾਵੇ, ਮੈਂ ਇਹ ਵੀ ਨਹੀਂ ਸੀ ਚਾਹੁੰਦਾ।

“ਓ ਕਮ-ਆਨ ਡਾਰਲਿੰਗ, ਇਹ ਕਿੰਨੀਆਂ ਵੀ ਸੋਹਣੀਆਂ ਹੋਣ, ਕੋਈ ਜੱਸੀ ਤੋਂ ਸੋਹਣੀ ਨੀ ਹੋ ਸਕਦੀ। ਤੂੰ ਹੀ ਤਾਂ ਅਰਬੀ ਲੋਕਾਂ ਦੀ ਤਾਰੀਫ਼ ਕਰ ਰਹੀ ਸੀ।” ਮੈਂ ਪਿਆਰ ਨਾਲ ਜੱਸੀ ਵੱਲ ਮੁੜਿਆ।

ਉਹ ਇੱਕ ਕਦਮ ਪਿੱਛੇ ਨੂੰ ਹਟੀ ਤੇ ਬੋਲੀ, “ਮੈਂ ਅਰਬੀ ਲੋਕਾਂ ਦੀ ਗੱਲ ਕੀਤੀ ਸੀ ਦਵਿੰਦਰ, ਔਰਤਾਂ ਦੀ ਨਹੀਂ।” ਜੱਸੀ ਦੀ ਆਵਾਜ਼ 'ਚ ਗੁੱਸਾ ਸੀ। ਮੈਂ ਵੀ ਸਮਝ ਗਿਆ, ‘ਔਰਤ ਕਦੇ ਬਰਦਾਸ਼ਤ ਕਰ ਸਕਦੀ ਕਿ ਉਸਦਾ ਪਤੀ ਉਸਦੇ ਹੀ ਸਾਹਮਣੇ ਹੋਰ ਔਰਤ ਦੀ ਤਾਰੀਫ਼ ਕਰੇ। ਉਸ ਨੂੰ ਸੁੰਦਰ ਕਹੇ।’

“ਜੱਸੀ ਇਹ ਤਾਂ ਏਹਨਾਂ ਲੋਕਾਂ ’ਤੇ ਕੁਦਰਤ ਦੀ ਮਿਹਰਬਾਨੀ ਹੈ। ਇਹ ਸੁਹੱਪਣ ਕੁਦਰਤ ਦੀ ਬਖ਼ਸ਼ੀ ਦਾਤ ਹੈ। ਇਸ ਦਾਤ ਨੂੰ ਸੋਹਣਾ ਹੀ ਕਹਿਣਾ ਪਏਗਾ।” ਮੈਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਜੱਸੀ ਦੀ ਬਾਂਹ ਫੜ ਕਿਹਾ, “ਡਾਰਲਿੰਗ ਚਲੋ ਕੈਬਿਨ ’ਚ ਚੱਲ ਕੇ ਤਿਆਰ ਹੋਈਏ ਤੇ ਨਾਸ਼ਤਾ ਕਰੀਏ। ਕਿਸੇ ਵੇਲੇ ਵੀ ਬੰਦਰਗਾਹ ਦੇ ਅੰਦਰ ਜਾਣ ਦਾ ਸੰਦੇਸ਼ ਆ ਸਕਦਾ ਹੈ। ਸੁਭਾਵਿਕ ਕਹੀ ਗੱਲ ਨੂੰ ਦਿਲ 'ਤੇ ਨਹੀ ਲਾਈਦਾ।”

ਨਾਸ਼ਤੇ ਤੋਂ ਬਾਅਦ ਸਾਰਾ ਸਟਾਫ਼ ਲੋਡਿੰਗ-ਅਨਲੋਡਿੰਗ ਦੀ ਤਿਆਰੀ 'ਚ ਲੱਗ ਗਿਆ। ਮੈਂ ਬਰਿੱਜ਼ ’ਤੇ ਆ ਗਿਆ ਤੇ ਜੱਸੀ ਅਜੇ ਕੈਬਿਨ ਵਿੱਚ ਹੀ ਤਿਆਰ ਹੋ ਰਹੀ ਸੀ।

“ਅਰਬੀ ਔਰਤਾਂ ਤਾਂ ਖ਼ਾਸ ਤੌਰ ’ਤੇ ਬਹੁਤ ਸੋਹਣੀਆਂ ਤੇ ਸੁੰਦਰ ਹੁੰਦੀਆਂ ਨੇ।” ਆਪਣੇ ਪਤੀ ਦਵਿੰਦਰ ਦੁਆਰਾ ਕਹੀ ਇਸ ਗੱਲ ਨੂੰ ਜੱਸੀ ਨੇ ਮਨ ਹੀ ਮਨ ਘੋਟ-ਘੋਟ ਕੇ ਦੁਹਰਾਇਆ। ਗੱਲ ਉਸਦੇ ਦਿਮਾਗ ’ਚ ਰੜਕਣ ਲੱਗੀ।

ਦਵਿੰਦਰ ਨੇ ਇਹ ਗੱਲ ਕਿਉਂ ਕਹੀ, ਕੀ ਟੇਢੇ ਢੰਗ ਨਾਲ ਮੈਨੂੰ ਦੱਸਣਾ ਤਾਂ ਨਹੀਂ ਚਾਹੁੰਦਾ ਕਿ ਮੈਂ ਹੁਣ ਪਹਿਲਾਂ ਵਰਗੀ ਸੋਹਣੀ ਨਹੀਂ ਰਹੀ। ਦੂਰਬੀਨ ਮੰਗਣ ’ਤੇ ਉਸਨੇ ਦੂਰਬੀਨ ਵੀ ਨਹੀਂ ਸੀ ਦਿੱਤੀ ਤੇ ਹੋਰ ਹੀ ਗੱਲ

38/ਰੇਤ ਦੇ ਘਰ