ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕ ਲੈ ਵੀ ਜਾਵੇਗੀ। ਹੋਰ ਨਾ ਕਿਤੇ ਆਸੇ-ਪਾਸੇ ਚਿੱਕੜ ’ਚ ਫਸਾ ਕੇ ਗਰਾਊਂਡ ਕਰ ਦੇਵੇ ਤੇ ‘ਓ ਮਾਈ ਗਾਡ, ਕੈਪਟਨ’ ਕਹਿ ਕੇ ਜਨਾਨੀਆਂ ਵਾਂਗੂੰ ਢਿੱਲਾ ਜਿਹਾ ਮੂੰਹ ਬਣਾ ਕੇ ਖੜ੍ਹ ਜਾਵੇ।

ਮੇਰਾ ਰੇਡੀਓ-ਅਫ਼ਸਰ ਮੇਰੇ ਕੰਨ ਕੋਲ ਆ ਕੇ ਕਹਿਣ ਲੱਗਾ, “ਸਰ ਸਤਰਕ ਰਹਿਣਾ, ਚੈਨਲ ਤੰਗ ਵੀ ਹੈ ਅਤੇ ਟੇਢਾ-ਮੇਢਾ ਵੀ।” ਮੈਂ ਮਹਿਸੂਸ ਕੀਤਾ, ਮੇਰੇ ਅੰਦਰ ਵਰਗਾ ਡਰ, ਰੇਡੀਓ-ਅਫ਼ਸਰ ਦੇ ਮਨ ਅੰਦਰ ਵੀ ਸੀ।

ਮੈਂ ਪਾਇਲਟ ਦੇ ਚਿਹਰੇ ਵੱਲ ਵੇਖਿਆ ਤੇ ਕੁੱਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਚਿਹਰੇ ਉੱਪਰੋਂ ਕੁੱਝ ਵੀ ਨਾ ਲੱਭਾ। ਉਹ ਤਾਂ ਆਤਮ ਵਿਸ਼ਵਾਸ ਨਾਲ ਭਰਿਆ, ਕਿਸੇ ਲਿਸ਼ਕਦੇ ਹੀਰੇ ਵਾਂਗ ਚਮਕ ਰਿਹਾ ਸੀ। ਹੁਸਨ ਦੀਆਂ ਤਰੰਗਾਂ ਚਾਰ-ਚੁਫੇਰੇ ਫੈਲ ਵਾਤਾਵਰਣ ਨੂੰ ਹੋਰ ਹੁਸੀਨ, ਖ਼ੁਸ਼-ਗਵਾਰ ਤੇ ਸੁਗੰਧਿਤ ਬਣਾ ਰਹੀਆਂ ਸਨ। ਉਹ ਆਪਣੇ ਆਪ ’ਚ ਮਸਤ ਤੇ ਸੰਤੁਸ਼ਟ ਲੱਗੀ।

“ਸਭ ਠੀਕ-ਠਾਕ ਹੈ ਕੈਪਟਨ?” ਮੈਨੂੰ ਕੁੱਝ ਗੰਭੀਰ ਵੇਖ, ਉਸਨੇ ਪੁੱਛਿਆ।

“ਯੈਸ ਪਾਇਲਟ, ਸਭ ਠੀਕ ਹੈ।”

ਮੈਂ ਨੋਟ ਕੀਤਾ, ਇਸ ਹੁਸਨ-ਪਰੀ ਨੇ ਬਰਿੱਜ਼ ’ਚ ਛੋਟਾ ਗੇੜਾ ਦਿੱਤਾ ਸੀ। ਆਪਣੀਆਂ ਤੇਜ਼ ਨਿਗਾਹਾਂ ਇੱਧਰ-ਉਧਰ ਘੁੰਮਾਉਂਦਿਆਂ, ਸਾਰੇ ਇੰਡੀਕੇਟਰ, ਤਾਪਮਾਨ ਗੇਜ਼, ਪਰੈਸ਼ਰ ਗੇਜ਼, ਰਡਾਰ ਸਕਰੀਨ, ਡੂੰਘਾਈ ਮਾਪਣ ਵਾਲੇ ਯੰਤਰ, ਗੱਲ ਕੀ ਹਰ ਚੀਜ਼ ਤੇ ਹਰ ਯੰਤਰ ਉੱਪਰ ਨਿਰੀਖਣ ਨਜ਼ਰਾਂ ਪਾ ਲਈਆਂ ਸਨ। ਉਹ ਜਿੰਨੀ ਸੋਹਣੀ ਸੀ, ਉਸਤੋਂ ਵੱਧ ਚੁਸਤ, ਫੁਰਤੀਲੀ ਤੇ ਤੇਜ਼ ਦਿਮਾਗ ਲੱਗਦੀ ਸੀ। ਇਸ ਗੱਲ ਦੀ ਮੈਨੂੰ ਕੁੱਝ ਤਸੱਲੀ ਹੋਈ।

ਮੈਂ ਦੇਖਿਆ, ਬਰਿੱਜ਼ ਦੇ ਇੱਕ ਪਾਸੇ ਚੁੱਪ-ਚਾਪ ਖੜ੍ਹੀ ਜੱਸੀ ਬਾਹਰ ਵੱਲ ਦੇਖ ਰਹੀ ਸੀ। ਉਸਦਾ ਚਿਹਰਾ ਉਦਾਸ ਸੀ ਤੇ ਕੁੱਝ ਪ੍ਰੇਸ਼ਾਨ ਵੀ।

ਜੱਸੀ ਵੱਲ ਇਸ਼ਾਰਾ ਕਰਕੇ ਮੈਂ ਪਾਇਲਟ ਨੂੰ ਕਿਹਾ, “ਆਓ, ਮੇਰੀ ਪਤਨੀ ਨੂੰ ਮਿਲੋ।”

“ਓ, ਨਾਈਸ, ਵੈਰੀ ਨਾਈਸ।” ਉਸਨੇ ਕੁੱਝ ਕਦਮ ਜੱਸੀ ਵੱਲ ਚੱਲ ਕੇ ਆਪਣਾ ਹੱਥ ਮਿਲਾਉਣ ਲਈ ਵਧਾਇਆ ਤੇ ਨਾਲ ਹੀ ਬੋਲੀ, “ਨਾਈਸ ਟੂ ਮੀਟ ਯੂ, ਹਾਓ ਆਰ ਯੂ।”

ਜੱਸੀ ਨੇ ਰਸਮੀ ਜਿਹਾ ਹੱਥ ਮਿਲਾਇਆ, “ਓ.ਕੇ., ਫਾਈਨ।” ਤੇ ਐਨਾ ਕਹਿ ਉਹ ਚੁੱਪ ਹੋ ਗਈ। ਮੈਂ ਮਹਿਸੂਸ ਕੀਤਾ ਜੱਸੀ ਨੂੰ ਇਸ ਔਰਤ ਨਾਲ ਹੱਥ ਮਿਲਾਉਂਦਿਆਂ ਕੁੱਝ ਦਿੱਕਤ ਮਹਿਸੂਸ ਹੋਈ। ਉਸਨੇ ਗੱਲਬਾਤ ਨੂੰ ਅੱਗੇ ਵਧਾਉਣ ’ਚ ਕੋਈ ਦਿਲਚਸਪੀ ਨਾ ਵਿਖਾਈ।

43/ਰੇਤ ਦੇ ਘਰ