ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਹਾਜ਼ ਬਰਥਿੰਗ ਏਰੀਆ ’ਚ ਦਾਖ਼ਲ ਹੋ ਗਿਆ। ਟੱਗ ਜਹਾਜ਼ ਨੂੰ ਧੱਕਾ ਲਾ ਬਰਥ ਨਾਲ ਸੈੱਟ ਕਰਨ ਲੱਗੇ। ਕਰੇਨਾਂ ਤਿਆਰ ਸਨ ਕਿ ਜਿਵੇਂ ਹੀ ਜਹਾਜ਼ ਬੰਨ੍ਹਿਆ ਜਾਵੇ, ਮਾਲ ਲਾਹੁਣਾ ਸ਼ੁਰੂ ਕਰ ਦਿੱਤਾ ਜਾਵੇ।

ਅਖ਼ੀਰ ਜਹਾਜ਼ ਬਰਥ ਨਾਲ ਬੱਝ ਚੁੱਕਾ ਸੀ ਤੇ ਪਾਇਲਟ ਦੇ ਚਿਹਰੇ ’ਤੇ ਕੋਈ ਜੇਤੂ ਮੁਸਕਾਨ ਸੀ। ਮੈਂ ਬਰਬਿੰਗ ਲਈ ਪਾਇਲਟ ਦੀ ਪ੍ਰਸ਼ੰਸਾ ਕੀਤੀ, “ਮੁਬਾਰਕ ਹੋਵੇ, ਤੁਹਾਡਾ ਖ਼ੁਸ਼ ਤੇ ਖਿੜਿਆ ਚਿਹਰਾ ਹੋਰ ਵੀ ਸੁੰਦਰ ਲੱਗ ਰਿਹਾ ਹੈ।”

“ਥੈਂਕ-ਯੂ-ਕੈਪਟਨ। ਦਰਅਸਲ ਅੱਜ ਤੱਕ ਮੈਂ ਹਮੇਸ਼ਾ ਸੀਨੀਅਰ ਪਾਇਲਟ ਨਾਲ ਸਹਾਇਕ ਬਣ ਕੇ ਆਉਂਦੀ ਸੀ। ਅੱਜ ਪਹਿਲੀ ਵਾਰ ਆਜ਼ਾਦਾਨਾ ਤੌਰ ’ਤੇ ਪਾਇਲਟ ਬਣ ਕੇ ਆਈ ਸੀ। ਦੱਸ ਨਹੀਂ ਸਕਦੀ ਸ਼ੁਰੂ ’ਚ ਕਿੰਨੀ ਘਬਰਾਹਟ ਸੀ ਪਰ ਹੁਣ ਮੈਂ ਬਹੁਤ ਖੁਸ਼ ਹਾਂ, ਬਹੁਤ ਹੀ ਖੁਸ਼।” ....ਤੇ ਇਸੇ ਖੁਸ਼ੀ ’ਚ ਉਸਨੇ ਅਚਾਨਕ ਦੋਵੇਂ ਬਾਹਵਾਂ ਫੈਲਾ ਦਿੱਤੀਆਂ।

‘ਅੰਨ੍ਹਾ ਕੀ ਭਾਲੇ, ਦੋ ਅੱਖਾਂ।’ ਉਸਦੀ ਖ਼ੁਸ਼ੀ ਨੂੰ ਸਾਂਝੀ ਕਰਦਿਆਂ ਉਸ ਦੀਆਂ ਬਾਹਾਂ ’ਚ ਸਿਮਟ, ਮੈਂ ਵੀ ਉਸਨੂੰ ਜੱਫੀ ’ਚ ਲੈ ਲਿਆ। ਇਨ੍ਹਾਂ ਪਲਾਂ ਨੂੰ ਹੋਰ ਲੰਬੇਰਾ ਕਰਨ ਲਈ ਮੈਂ ਉਸਦੇ ਕੰਨ ’ਚ ਗੱਲ ਕੀਤੀ ਤੇ ਦੱਸਿਆ, “ਮੇਰੀ ਹਾਲਤ ਵੀ ਤੁਹਾਡੇ ਵਰਗੀ ਹੈ। ਬਤੌਰ ਕੈਪਟਨ ਮੇਰੀ ਵੀ ਪਹਿਲੀ ਕਮਾਂਡ ਹੈ।”

“ਓ-ਰੀਅਲੀ!” ਉਸਦੇ ਚਿਹਰੇ ਦਾ ਰੰਗ ਤੇ ਖ਼ੁਸ਼ੀ ਵੇਖਣ ਵਾਲੀ ਸੀ। ਉਸਦੀਆਂ ਬਾਹਵਾਂ ਦਾ ਕਸ ਅਚਾਨਕ ਹੋਰ ਵਧ ਗਿਆ। ਮੈਨੂੰ ਹੋਰ ਘੁੱਟ ਕੇ ਬੋਲੀ, “ਫੇਰ ਤਾਂ ਛੁਪੇ ਰੁਸਤਮ ਨਿਕਲੇ, ਚਿਹਰੇ ’ਤੇ ਕੋਈ ਘਬਰਾਹਟ ਨੀ ਆਉਣ ਦਿੱਤੀ।”

“ਇਹੀ ਗੱਲ ਮੈਂ ਸੋਚ ਰਿਹਾ ਹਾਂ। ਸੱਚ ਕਹਾਂ, ਤੁਹਾਨੂੰ ਦੇਖ ਮਨ ’ਚ ਆਇਆ ਕਿ ਇਹ ਗੁਡੀਆ ਜਹਾਜ਼ ਨੂੰ ਬਰਥ ’ਤੇ ਲੈ ਵੀ ਜਾਵੇਗੀ? ਪਰ ਤੁਹਾਡੇ ਚਿਹਰੇ ’ਤੇ ਕੋਈ ਘਬਰਾਹਟ ਨਹੀਂ ਸੀ।”

ਉਹ ਹੋਰ ਖ਼ੁਸ਼ ਹੋਈ ਤੇ ਥੋੜ੍ਹਾ ਜਿਹਾ ਚਾਂਭਲ ਕੇ ਬੋਲੀ, “ਮੈਂ ਕੋਈ ਗੁਡੀਆ ਨਹੀਂ, ਮੈਂ ਔਰਤ ਹਾਂ।”

“ਕੀ ਕਿਹਾ, ਔਰਤ! ਤੁਸੀਂ ਸ਼ਾਦੀਸ਼ੁਦਾ ਹੋ?”

“ਹਾਂ, ਮੈਂ ਸ਼ਾਦੀਸ਼ੁਦਾ ਹਾਂ ਤੇ ਇੱਕ ਬੱਚੇ ਦੀ ਮਾਂ ਵੀ।”

“ਬੱਚੇ ਦੀ ਮਾਂ ਵੀ....!” ਮੇਰੇ ਲਈ ਇਹ ਦੋ ਝਟਕੇ ਸਨ ਤੇ ਮੈਂ ਮਨ ਹੀ ਮਨ ਕਿਹਾ, ‘ਭਾਵੇਂ ਤੂੰ ਬੱਚੇ ਦੀ ਮਾਂ ਹੈਂ ਪਰ ਤੂੰ ਅਜੇ ਵੀ ਕੁਆਰੀਆਂ ਨੂੰ ਮਾਤ ਪਾਉਂਦੀ ਹੈਂ।’

ਗੈਂਗ-ਵੇ (ਜਹਾਜ਼ ਤੋਂ ਬਾਹਰ ਤੱਕ ਪੌੜੀ) ਲੱਗ ਚੁੱਕੀ ਸੀ। ਬਾਹਰ

45/ਰੇਤ ਦੇ ਘਰ