ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੌਜਵਾਨ ਗੋਰਾ ਛੋਟੇ ਬੱਚੇ ਨੂੰ ਗੋਦੀ ਚੁੱਕੀ ਜਹਾਜ਼ ਵੱਲ ਦੇਖ ਰਿਹਾ ਸੀ। ਪਾਇਲਟ ਉਨ੍ਹਾਂ ਨੂੰ ਵੇਖ ਇਕਦਮ ਚਹਿਕ ਉਠੀ, ਹੱਥ ਹਿਲਾਇਆ ਤੇ ਟਪੂਸੀਆਂ ਮਾਰਦੀ ਗੈਂਗ-ਵੇ ਪਾਰ ਕਰ, ਉਨ੍ਹਾਂ ਕੋਲ ਪਹੁੰਚ ਗਈ।

ਜਹਾਜ਼ ਦੇ ਬਰਥ ਨਾਲ ਲੱਗਣ ਤੱਕ ਜੱਸੀ ਬਰਿੱਜ਼ ਅੰਦਰ ਰਹੀ। ਅੰਦਰੋਂ ਉੱਖੜੀ-ਉੱਖੜੀ ਉਹ ਵੇਖਦੀ ਰਹੀ ਕਿ, ‘ਉਸਦਾ ਪਤੀ ਦਵਿੰਦਰ ਉਸਨੂੰ ਅਣਗੌਲਿਆ ਕਰ ਰਿਹਾ ਸੀ ਪਰ ਉਸ ਸਮੇਂ ਤਾਂ ਹੱਦ ਹੀ ਹੋ ਗਈ, ਜਦੋਂ ਗੋਰੀ ਪਾਇਲਟ ਨੇ ਬਾਹਾਂ ਫੈਲਾਈਆਂ ਤੇ ਦਵਿੰਦਰ ਨੇ ਬਗਲਗੀਰ ਹੋਣ ਵਿੱਚ ਕੋਈ ਝਿਜਕ ਮਹਿਸੂਸ ਨਾ ਕੀਤੀ। ਉਸਦੇ ਸਾਹਮਣੇ ਹੀ ਦੋਵੇਂ ਬਗਲਗੀਰ ਹੋ ਗਏ।’

ਜੱਸੀ ਨੂੰ ਝਟਕਾ ਲੱਗਾ। ਉਸ ਦੇ ਅੰਦਰ ਤੜੱਕ ਕਰਕੇ ਕੁੱਝ ਟੁੱਟਿਆ। ਉਹ ਬੇਚੈਨ ਸੀ, ਬਹੁਤ ਬੇਚੈਨ। ਸਮਝ ਨੀ ਸੀ ਪਾ ਰਹੀ ਕੀ ਕਰੇ। ‘ਚੁੱਪ ਖੜ੍ਹੀ ਰਹੇ, ਉੱਚੀ-ਉੱਚੀ ਚੀਕੇ, ਪਤੀ ਜਾਂ ਪਾਇਲਟ ਕਿਸੇ ਦੇ ਥੱਪੜ ਮਾਰੇ ਜਾਂ ਕੀ ਕਰੇ।’

ਉਸ ਤੋਂ ਕੁੱਝ ਵੀ ਨਾ ਹੋਇਆ। ਕੁੱਝ ਵੀ ਨਾ ਕਰ ਸਕੀ। ਬੱਸ ਗੁੱਸੇ ’ਚ ਲਾਲ-ਪੀਲੀ ਹੋਈ, ਬਰਿੱਜ਼ ਤੋਂ ਥੱਲੇ ਉੱਤਰ ਕੈਬਿਨ ’ਚ ਚਲੀ ਗਈ। ਗੋਰੀ ਪਾਇਲਟ ਤੇ ਦਵਿੰਦਰ ਦਾ ਬਗਲਗੀਰ ਹੋਣਾ, ਇਹ ਸੀਨ ਅਜੇ ਵੀ ਉਸਦੀਆਂ ਅੱਖਾਂ ਸਾਹਮਣੇ ਤੈਰ ਰਿਹਾ ਸੀ। ਉਸਨੂੰ ਪ੍ਰੇਸ਼ਾਨ ਕਰ ਰਿਹਾ ਸੀ।

ਪਾਇਲਟ ਨੂੰ ਤੋਰ ਕੇ ਮੈਂ ਵਾਪਸ ਆਇਆ ਤਾਂ ਜੱਸੀ ਬਰਿੱਜ਼ ’ਚ ਨਹੀਂ ਸੀ। ਮੈਂ ਕੈਬਿਨ ’ਚ ਚਲਾ ਗਿਆ। ਜੱਸੀ ਚੁੱਪ-ਚਾਪ ਇੱਕ ਕੁਰਸੀ ’ਤੇ ਬੈਠੀ ਸੀ। ਚਿਹਰਾ ਉਦਾਸ ਤੇ ਖਾਲੀ-ਖਾਲੀ। ਉਸਦੇ ਹੱਥ ’ਚ ਇੱਕ ਰਸਾਲਾ ਸੀ। ਉਹ ਪੜ ਨਹੀਂ, ਸਗੋਂ ਐਵੇਂ ਹੀ ਵਰਕਿਆਂ ਨੂੰ ਏਧਰ-ਓਧਰ ਫਰੋਲੀ ਜਾ ਰਹੀ ਸੀ। ਮੈਂ ਉਸਦੇ ਕੋਲ ਜਾ ਕੇ ਖੜ੍ਹਾ ਹੋ ਗਿਆ।

ਉਹ ਉਸੇ ਤਰ੍ਹਾਂ ਚੁੱਪ ਬੈਠੀ ਰਹੀ। ਹੌਲੀ-ਹੌਲੀ ਮੈਂ ਉਸਦੇ ਵਾਲਾਂ ’ਚ ਹੱਥ ਫੇਰਨ ਲੱਗਾ। ਉਹ ਚੁੱਪ ਬੈਠੀ ਰਹੀ। ਮੈਂ ਦੋਵੇਂ ਹੱਥਾਂ ਨਾਲ ਉਸਦੇ ਵਾਲਾਂ ਨੂੰ ਸਹਿਲਾਉਂਦੇ, ਉਸਦਾ ਸਿਰ ਹਲਕਾ-ਹਲਕਾ ਘੁੱਟਣ ਦੀ ਕੋਸ਼ਿਸ਼ ਕੀਤੀ। ਅਚਾਨਕ ਉਸਨੇ ਮੇਰੇ ਹੱਥ ਝਟਕ ਦਿੱਤੇ।

“ਪਾਇਲਟ ਚਲੀ ਗਈ।” ਉਹ ਹੌਲੀ ਜਿਹੀ ਬੋਲੀ। ਆਵਾਜ਼ ਖ਼ੁਸ਼ਕ, ਜਿਵੇਂ ਇਨਸਾਨ ਨਹੀਂ, ਕਿਸੇ ਪੱਥਰ ਚੋਂ ਆਈ ਹੋਵੇ ਜਾਂ ਕਿਸੇ ਡੂੰਘੇ ਖੂਹ ’ਚੋਂ। ਮੈਂ ਚੁੱਪ ਰਿਹਾ।

“ਬਹੁਤ ਸੁੰਦਰ ਸੀ ਨਾ ਉਹ।” ਉਸੇ ਉਦਾਸ ਲਹਿਜ਼ੇ ’ਚ ਉਹ ਫਿਰ ਬੋਲੀ।

“ਹਾਂ ਜੱਸੀ ਸੁੰਦਰ ਤਾਂ ਸੀ.....।” ਸੋਚਣ ਲੱਗਾ ਅੱਗੇ ਕੀ ਕਹਾਂ, “....ਪਰ ਤੇਰੇ ਜਿੰਨੀ ਨਹੀਂ।” ਮੌਕੇ ’ਤੇ ਮੈਥੋਂ ਇਹੀ ਕਹਿ ਹੋਇਆ। ਦਰਅਸਲ

46/ਰੇਤ ਦੇ ਘਰ