ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਹਾਜ਼ ਦੇ ਝੂਟੇ ਦਿਵਾਉਣੇ ਨੇ।’ ਮਨ ਹੀ ਮਨ ਹੋਰ ਵੀ ਬੜਾ ਕੁੱਝ ਸੋਚਣ ਲੱਗ ਪਈ, ਜਿਵੇਂ ਏਅਰ-ਹੋਸਟੈਸ ਬਣ ਗਈ ਹੋਵੇ।

ਇੰਟਰਵਿਊ ਦੀ ਪੂਰੀ ਤਿਆਰੀ ਕਰ ਅੰਜਲੀ ਮੁੰਬਈ ਪਹੁੰਚ ਗਈ। ਅਜੇ ਥੋੜ੍ਹਾ ਚਿਰ ਪਹਿਲਾਂ ਹੀ ਉਹ ਦੱਸੇ ਹੋਟਲ ਦੇ ਕਮਰੇ ਵਿੱਚ ਪਹੁੰਚੀ ਸੀ। ਇੰਟਰਵਿਊ ਕਾਲ ਮਿਲਣ ਤੋਂ ਲੈ ਕੇ ਹੋਟਲ ਦੇ ਕਮਰੇ ਵਿੱਚ ਪਹੁੰਚਣ ਤੱਕ ਉਹ ਪੂਰੀ ਖ਼ੁਸ਼ ਸੀ। ਸਫ਼ਰ ਦੌਰਾਨ ਥਕਾਵਟ ਹੋਣਾ ਸੁਭਾਵਿਕ ਹੈ। ਕਮਰੇ ਵਿੱਚ ਆਉਂਦੇ ਹੀ ਉਸਨੇ ਆਪਣਾ ਹੈਂਡ-ਬੈਗ ਤੇ ਛੋਟਾ ਸੂਟਕੇਸ ਇੱਕ ਪਾਸੇ ਰੱਖ ਦਿੱਤਾ ਤੇ ਸੋਫੇ ’ਤੇ ਹੀ ਢੇਰੀ ਹੋ ਗਈ। ਖ਼ੁਸ਼ੀ-ਖੁਸ਼ੀ ਸੋਚਣ ਲੱਗੀ, ‘ਏਥੇ ਤੱਕ ਤਾਂ ਪਹੁੰਚ ਗਈ, ਅੱਗੇ ਦੇਖਦੇ ਹਾਂ ਕੀ ਬਣਦਾ ਹੈ, ਥੋੜ੍ਹਾ ਲੱਕ ਸਿੱਧਾ ਕਰ ਲਵਾਂ।’

ਲੱਕ ਸਿੱਧਾ ਕਰਨ ਲਈ ਲੇਟੀ ਪਰ ਥਕਾਵਟ ਕਾਰਨ ਉਸਦੀ ਅੱਖ ਲੱਗ ਗਈ। ਅੱਖ ਖੁੱਲ੍ਹੀ ਤਾਂ ਡੇਢ ਘੰਟਾ ਬੀਤ ਚੁੱਕਾ ਸੀ। ਹੈਰਾਨ ਹੋਈ, ਡੇਢ ਘੰਟਾ ਕਿਵੇਂ ਬੀਤ ਗਿਆ ਪਤਾ ਹੀ ਨਾ ਲੱਗਾ। ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਜਿਸ ਮਕਸਦ ਲਈ ਇੱਕ ਦਿਨ ਪਹਿਲਾਂ ਆਈ ਹਾਂ, ਉਸ ਬਾਰੇ ਸੋਚਣਾ ਚਾਹੀਦਾ ਹੈ। ਕੁੱਝ ਕਰਨਾ ਚਾਹੀਦਾ ਹੈ ਤੇ ਮੈਂ ਏਥੇ ਆ ਕੇ ਵੀ ਸੌਂ ਰਹੀ ਹਾਂ।

ਫਟਾ-ਫਟ ਸੂਟਕੇਸ ’ਚ ਫੋਲਾ-ਫਾਲੀ ਕਰਨ ਲੱਗੀ। ਜਲਦੀ ਤਿਆਰ ਹੋ ਉਹ ਆਪਣੀ ਸਹੇਲੀ ਸ਼ਿਲਪੀ ਕੋਲ ਜਾਣਾ ਚਾਹੁੰਦੀ ਸੀ। ਸ਼ਿਲਪੀ ਵੀ ਗੋਆ ਤੋਂ ਸੀ, ਜੋ ਦੋ ਕੁ ਸਾਲ ਪਹਿਲਾਂ ਮੁੰਬਈ ਆਈ ਸੀ ਤੇ ਅੱਜ ਕੱਲ੍ਹ ਮਾਡਲਿੰਗ ਵਿੱਚ ਕਿਸਮਤ ਅਜ਼ਮਾ ਰਹੀ ਸੀ।

ਉਹ ਜਲਦੀ ਨਾਲ ਬਾਥਰੂਮ ਗਈ ਤੇ ਫਰੈੱਸ਼ ਹੋ ਕੇ ਬਾਹਰ ਆ ਗਈ। ਹੁਣ ਉਹ ਤਰੋ-ਤਾਜ਼ਾ ਮਹਿਸੂਸ ਕਰ ਰਹੀ ਸੀ। ਕੱਪੜੇ ਬਦਲੇ, ਹਲਕਾ ਮੇਕ-ਅੱਪ ਕੀਤਾ, ਬਾਕੀ ਸਾਮਾਨ ਵਾਪਸ ਸੂਟਕੇਸ ਵਿੱਚ ਰੱਖਿਆ ਤੇ ਕੁੱਝ ਜ਼ਰੂਰੀ ਆਈਟਮਾਂ ਸ਼ੀਸ਼ੇ ਦੇ ਸਾਹਮਣੇ ਟਿਕਾ ਦਿੱਤੀਆਂ।

ਬਾਹਰ ਜਾਣ ਤੋਂ ਪਹਿਲਾਂ ਫਿਰ ਸ਼ੀਸ਼ੇ ਅੱਗੇ ਖਲੋ ਆਪਣੇ ਆਪ ਨੂੰ ਨਿਹਾਰਿਆ। ਸ਼ੀਸ਼ੇ ਅੰਦਰਲਾ ਅਕਸ ਉਸਨੂੰ ਸੋਹਣਾ-ਸੋਹਣਾ ਲੱਗਿਆ। ਮਨ ਹੀ ਮਨ ਮੁਸਕਰਾਈ ਤੇ ਨਖ਼ਰਾ ਜਿਹਾ ਕੀਤਾ। ਸ਼ੀਸ਼ੇ ਵਿਚਲੇ ਅਕਸ ਨੇ ਵੀ ਐਸਾ ਹੀ ਕੀਤਾ। ਉਹ ਖੁੱਲ ਕੇ ਹੱਸ ਪਈ।

ਉਹ ਅਜੇ ਸ਼ੀਸ਼ੇ ਅੱਗੇ ਹੀ ਖੜ੍ਹੀ ਸੀ ਕਿ ਦਰਵਾਜ਼ੇ 'ਤੇ ਹਲਕੀ ਟਕ-ਟਕ ਹੋਈ। ਅੰਜਲੀ ਦਾ ਧਿਆਨ ਇਕ-ਦਮ ਦਰਵਾਜ਼ੇ ਵੱਲ ਗਿਆ। ਸੋਚਣ ਲੱਗੀ, ‘ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ। ਰੁਮ-ਸਰਵਿਸ ਨੂੰ ਵੀ ਕੋਈ ਆਰਡਰ ਨਹੀਂ ਕੀਤਾ। ਕਿਸੇ ਨਾਲ ਮਿਲਣ ਦੀ ਵੀ ਕੋਈ ਗੱਲ ਨਹੀਂ ਹੋਈ। ਕੌਣ ਹੋ

50/ਰੇਤ ਦੇ ਘਰ