ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ ਹੈ? ਸ਼ਾਇਦ ਰੂਮ-ਸਰਵਿਸ ਹੀ ਹੋਵੇ।’

ਉਹ ਦਰਵਾਜ਼ੇ ਵੱਲ ਗਈ ਤੇ ਕੋਲ ਪਹੁੰਚ ਕੇ ਬੋਲੀ, “ਕੌਣ?”

“ਜੀ ਮੈਂ, ਮੈਡਮ ਜੀ ਮੇਰਾ ਨਾਮ ਸੁਰੇਸ਼ ਹੈ। ਮੈਂ ਤੁਹਾਡੀ ਸੇਵਾ ਲਈ ਤੇ ਮੱਦਦ ਲਈ ਆਇਆ ਹਾਂ।”

“ਸੇਵਾ ਲਈ ਤੇ ਮੱਦਦ ਲਈ!” ਅੰਜਲੀ ਹੈਰਾਨ।

ਅੰਜਲੀ ਨੇ ਚੇਨ-ਕੁੰਡੀ ਲਾ ਕੇ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹਿਆ ਤੇ ਸਿਰ ਟੇਢਾ ਕਰਕੇ ਬਾਹਰ ਵੱਲ ਦੇਖਿਆ। ਬਾਹਰ ਇੱਕ ਨੌਜਵਾਨ ਲੜਕਾ ਖੜ੍ਹਾ ਸੀ। ਆਮ ਜਿਹਾ ਚਿਹਰਾ, ਕੁੱਝ ਖਾਲੀ-ਖਾਲੀ, ਅੱਖਾਂ ’ਚ ਮੱਧਮ ਜਿਹੀ ਲਿਸ਼ਕ, ਤੇ ਨਿਮਰਤਾ ਦੇ ਰਲੇ-ਮਿਲੇ ਪ੍ਰਭਾਵ। ਚਿਹਰੇ ’ਤੇ ਸਾਦਗੀ।

ਸੋਚਣ ਲੱਗੀ, ‘ਰੂਮ-ਸਰਵਿਸ ਤਾਂ ਨਹੀਂ ਲੱਗਦਾ। ਕੋਈ ਵਰਦੀ ਨਹੀਂ। ਮੈਂ ਕਿਸੇ ਸੁਰੇਸ਼ ਨੂੰ ਏਥੇ ਜਾਣਦੀ ਵੀ ਨਹੀਂ।’

“ਕੀ ਰੂਮ-ਸਰਵਿਸ ਵਾਲੇ ਹੋ?” ਫਿਰ ਵੀ ਬਿਨਾਂ ਕਿਸੇ ਉਤੇਜਨਾ ਦੇ ਅੰਜਲੀ ਨੇ ਪੁੱਛਿਆ।

“ਜੀ ਨਹੀਂ, ਪਰ ਤੁਸੀਂ ਕੁੱਝ ਵੀ ਸਮਝ ਸਕਦੇ ਹੋ। ਮੈਂ ਆਪ ਜੀ ਦੀ ਮੱਦਦ ਕਰਨਾ ਚਾਹੁੰਦਾ ਹਾਂ। ਤੁਹਾਡੇ ਲਈ ਇੱਕ ਖ਼ਾਸ ਸੰਦੇਸ਼ ਵੀ ਹੈ। ਇਸੇ ਲਈ ਆਪ ਜੀ ਦੇ ਪਾਸ ਆਇਆ ਹਾਂ।”

‘ਮੱਦਦ! ਸੰਦੇਸ਼! ਕੌਣ ਹੈ ਇਹ? ਕੀ ਮੱਦਦ ਕਰਨੀ ਚਾਹੁੰਦਾ ਹੈ। ਕਿਉਂ ਮੱਦਦ ਕਰਨੀ ਚਾਹੁੰਦਾ ਹੈ। ਬਿਨ ਬੁਲਾਏ, ਜਾਣ ਨਾ ਪਹਿਚਾਣ, ਮੈਂ ਤੇਰਾ ਮਹਿਮਾਨ।’ ਅੰਜਲੀ ਹੈਰਾਨ ਹੋਈ।

ਅਜੇ ਤੱਕ ਦਰਵਾਜ਼ਾ ਥੋੜ੍ਹਾ ਹੀ ਖੁੱਲਾ ਸੀ ਤੇ ਚੇਨ-ਕੁੰਡੀ ਲੱਗੀ ਹੋਈ ਸੀ। ਉਹ ਦੋਵੇਂ ਇੱਕ ਦੂਜੇ ਨੂੰ ਦੇਖ ਰਹੇ ਸਨ। ਅੰਜਲੀ ਨੇ ਟਾਲਣਾ ਹੀ ਠੀਕ ਸਮਝਿਆ ਤੇ ਬੋਲੀ, “ਧੰਨਵਾਦ, ਮੈਨੂੰ ਕਿਸੇ ਮੱਦਦ ਦੀ ਜ਼ਰੂਰਤ ਨਹੀਂ, ਤੁਸੀਂ ਜਾ ਸਕਦੇ ਹੋ। ਅਗਰ ਜ਼ਰੂਰਤ ਹੋਈ ਤਾਂ ਮੈਂ ਰੂਮ-ਸਰਵਿਸ ਨੂੰ ਦੱਸ ਦੇਵਾਂਗੀ।” ਤੇ ਉਹ ਅੰਦਰ ਨੂੰ ਹੋ ਕੇ ਦਰਵਾਜ਼ਾ ਬੰਦ ਕਰਨ ਲੱਗੀ।

“ਜੀ ਤੁਸੀਂ ਸਾਗਰ ਏਅਰ-ਲਾਈਨ ਦੀ ਇੰਟਰਵਿਊ ਲਈ ਆਏ ਹੋ ਨਾ। ਮੈਂ ਸੱਚਮੁੱਚ ਤੁਹਾਡੀ ਮੱਦਦ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਆਪਣਾ ਦੋਸਤ ਸਮਝੋ ਜਾਂ ਕੁੱਝ ਵੀ ਪਰ ਪਲੀਜ਼, ਇੱਕ ਵਾਰ ਮੇਰੀ ਗੱਲ ਜ਼ਰੂਰ ਸੁਣ ਲਵੋ।” ਸੁਰੇਸ਼ ਦੀ ਆਵਾਜ਼ ਵਿੱਚ ਤਰਲਾ ਸੀ, ਨਿਮਰਤਾ ਸੀ ਤੇ ਮਿਠਾਸ ਵੀ।

ਇਸਤੋਂ ਪਹਿਲਾਂ ਕਿ ਅੰਜਲੀ ਦਰਵਾਜ਼ਾ ਬੰਦ ਕਰਕੇ ਕੁੰਡੀ ਲਾ ਦਿੰਦੀ, ਸੁਰੇਸ਼ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਹੋਰ ਹੈਰਾਨ ਹੋਈ, ਇਸ ਲੜਕੇ ਨੂੰ ਕਿਵੇਂ ਪਤਾ ਕਿ ਮੈਂ ਸਾਗਰ ਏਅਰ-ਲਾਈਨ ਦੀ ਇੰਟਰਵਿਊ ਲਈ ਆਈ ਹਾਂ? ਇਸਨੂੰ ਕਿੱਥੋਂ ਪਤਾ ਲੱਗਾ ਕਿ ਮੈਂ ਇਸ ਕਮਰੇ ਵਿੱਚ ਰੁਕੀ ਹਾਂ? ਕੌਣ ਹੋ ਸਕਦਾ

51/ਰੇਤ ਦੇ ਘਰ