ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ? ਸ਼ਕਲ-ਸੂਰਤ ਤੋਂ ਕੋਈ ਗੁੰਡਾ ਬਦਮਾਸ਼ ਵੀ ਨੀ ਲੱਗਦਾ, ਫਿਰ ਏਥੇ ਕਿਵੇਂ?’ ਅੰਜਲੀ ਦੇ ਮਨ ’ਚ ਸੁਰੇਸ਼ ਬਾਰੇ ਕੁੱਝ-ਕੁੱਝ ਸ਼ੱਕ ਤੇ ਕੁੱਝ ਦਿਲਚਸਪੀ ਪੈਦਾ ਹੋਣ ਲੱਗੀ।

ਅੰਜਲੀ ਨੇ ਪਲ ਭਰ ਸੋਚਿਆ ਤੇ ਫਿਰ ਬਿਨਾਂ ਝਿਜਕ ਕਮਰੇ ਦਾ ਪੂਰਾ ਦਰਵਾਜ਼ਾ ਖੋਲ੍ਹ ਦਿੱਤਾ। ਹੁਣ ਉਹ ਪੂਰੇ ਦੇ ਪੂਰੇ ਇੱਕ ਦੂਜੇ ਦੇ ਸਾਹਮਣੇ ਖੜੇ ਸਨ, “ਹਾਂ ਮਿਸਟਰ ਸੁਰੇਸ਼, ਤੂੰ ਜੋ ਵੀ ਹੈਂ, ਲੱਗਦਾ ਹੈ ਆਸੇ-ਪਾਸੇ ਦੀ ਕਾਫ਼ੀ ਜਾਣਕਾਰੀ ਰੱਖਦਾ ਹੈਂ। ਮੈਂ ਹੈਰਾਨ ਹਾਂ ਕਿ ਮੇਰੇ ਬਾਰੇ ਇਹ ਸਭ ਗੱਲਾਂ ਤੈਨੂੰ ਕਿਸ ਨੇ ਦੱਸੀਆਂ। ਅੱਛਾ ਦੱਸੋ, ਮੇਰੀ ਕੀ ਮੱਦਦ ਕਰਨਾ ਚਾਹੁੰਦੇ ਹੋ ਤੇ ਕਿਉਂ ਕਰਨੀ ਚਾਹੁੰਦੇ ਹੋ।”

“ਜੀ, ਕੀ ਮੈਂ ਅੰਦਰ ਆ ਸਕਦਾ ਹਾਂ? ਇਸ ਤਰ੍ਹਾਂ ਏਥੇ ਖੜ੍ਹੇ-ਖੜ੍ਹੇ ਗੱਲ ਕਰਨਾ ਠੀਕ ਨਹੀਂ ਹੋਵੇਗਾ। ਅਰਾਮ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਹੋਰ ਠੀਕ ਰਹੇਗਾ।”

ਅੰਜਲੀ ਨੂੰ ਵੀ ਧਿਆਨ ਆਇਆ ਕਿ ਉਹ ਦਰਵਾਜ਼ੇ ਵਿੱਚ ਖੜ੍ਹੀ ਹੈ ਤੇ ਸੁਰੇਸ਼ ਬਾਹਰ ਲਾਬੀ ਵਿੱਚ। ਮਨ ਹੀ ਮਨ ਸੋਚਿਆ, ‘ਅੰਦਰ ਆਉਣ ਦੇਵਾਂ ਜਾਂ ਨਾ?’ ਦੁਬਾਰਾ ਗੌਰ ਨਾਲ ਉਸ ਵੱਲ ਵੇਖਿਆ, “ਠੀਕ ਹੈ, ਅੰਦਰ ਆ ਜਾਓ।” ਕਹਿ ਅੰਜਲੀ ਥੋੜ੍ਹਾ ਸਾਈਡ 'ਤੇ ਹੋ ਗਈ ਤੇ ਰਸਤਾ ਦੇ ਦਿੱਤਾ। ਅੰਜਲੀ ਨੂੰ ਇਹੀ ਠੀਕ ਲੱਗਾ ਤੇ ਲੜਕਾ ਵੀ ਸ਼ਰੀਫ਼ ਲੱਗਦਾ ਸੀ।

‘ਧੰਨਵਾਦ’ ਕਹਿ ਸੁਰੇਸ਼ ਅੰਦਰ ਦਾਖ਼ਲ ਹੋ ਗਿਆ। ਅੰਜਲੀ ਵੀ ਦਰਵਾਜ਼ਾ ਬੰਦ ਕਰਕੇ ਅੰਦਰ ਆ ਗਈ। ਉਸਨੇ ਇੱਕ ਪਾਸੇ ਪਈ ਕੁਰਸੀ ਵੱਲ ਇਸ਼ਾਰਾ ਕਰਕੇ, ਸੁਰੇਸ਼ ਨੂੰ ਬੈਠਣ ਲਈ ਕਿਹਾ ਤੇ ਆਪ ਸਾਹਮਣੇ ਸੋਫੇ ’ਤੇ ਬੈਠ ਗਈ।

ਸੁਰੇਸ਼ ਨੇ ਇੱਕ ਵਾਰ ਫਿਰ ਧੰਨਵਾਦ ਕੀਤਾ ਤੇ ਕੁਰਸੀ ਉੱਪਰ ਜਾ ਬੈਠਾ। ਅੰਜਲੀ ਨੇ ਆਪਣੇ ਆਪ ਨੂੰ ਸੰਭਾਲਦੇ ਤੇ ਨਾਰਮਲ ਹੁੰਦੇ ਹੋਏ ਉਸ ਵੱਲ ਗੌਰ ਨਾਲ ਦੇਖਿਆ ਤੇ ਪੁੱਛਿਆ, “ਅੱਛਾ ਦੱਸੋ ਕੀ ਕਹਿਣਾ ਚਾਹੁੰਦੇ ਹੋ?”

ਸੁਰੇਸ਼ ਨੇ ਬੜੇ ਹੀ ਸ਼ਾਂਤ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕੀਤਾ। ਚਿਹਰੇ ਤੇ ਸਾਦਗੀ, ਲਫ਼ਜ਼ਾਂ ’ਚ ਨਿਮਰਤਾ, ਨਜ਼ਰਾਂ ’ਚ ਆਪਣਾਪਣ। ਉਹ ਹੌਲੀ-ਹੌਲੀ ਬੋਲ ਰਿਹਾ ਸੀ। ਅੰਜਲੀ ਉਸਨੂੰ ਧਿਆਨ ਨਾਲ ਸੁਣ ਰਹੀ ਸੀ। ਉਹ ਬੋਲਦਾ ਗਿਆ, ਅੰਜਲੀ ਸੁਣਦੀ ਗਈ। ਉਹ ਹਰ ਗੱਲ ਬੜੇ ਧਿਆਨ ਨਾਲ ਸੁਣ ਰਹੀ ਸੀ। ਸੁਰੇਸ਼ ਖੁਸ਼ ਸੀ ਕਿ ਉਹ ਅੰਜਲੀ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋ ਰਿਹਾ ਸੀ।

ਏਧਰ-ਓਧਰ ਦੀਆਂ ਤੇ ਏਅਰ-ਲਾਈਨ ਦੀਆਂ ਗੱਲਾਂ ਤੋਂ ਬਾਅਦ,

52/ਰੇਤ ਦੇ ਘਰ