ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਇਸ ਤਰ੍ਹਾਂ ਬੈਠ ਗਈ, ਜਿਵੇਂ ਕੋਈ ਥੱਕ ਕੇ ਬੈਠ ਜਾਂਦਾ ਹੈ। ਉਸਦੀਆਂ ਅੱਖਾਂ ਬੰਦ ਸਨ। ਉਹ ਹੈਰਾਨ ਤੇ ਪ੍ਰੇਸ਼ਾਨ ਲੱਗ ਰਹੀ ਸੀ।

ਸੁਰੇਸ਼ ਵੀ ਸਮਝ ਗਿਆ ਕਿ ਅੰਜਲੀ ਆਰਾਮ ਕਰਨਾ ਚਾਹੁੰਦੀ ਹੈ। ਨਾਲੇ ਹੋਰ ਕੋਈ ਗੱਲ ਕਰਨ ਲਈ ਬਚੀ ਵੀ ਨਹੀਂ ਸੀ। ਉਸਨੇ ਜੋ ਕਹਿਣਾ ਸੀ, ਕਹਿ ਦਿੱਤਾ ਸੀ। ਉਸਨੇ ਬੜੀ ਹੀ ਨਿਮਰਤਾ ਸਹਿਤ ਅੰਜਲੀ ਤੋਂ ਜਾਣ ਦੀ ਇਜਾਜ਼ਤ ਮੰਗੀ ਤੇ ਉਠ ਕੇ ਖੜ੍ਹਾ ਹੋ ਗਿਆ।

ਅੰਜਲੀ ਫਿਰ ਸਿੱਧਾ ਹੋ ਕੇ ਬੈਠ ਗਈ। ਵੱਡੇ ਲੋਕ, ਵੱਡੇ ਸ਼ਹਿਰ ਤੇ ਵੱਡੇ ਬਿਜਨਸ-ਹਾਊਸ ਦੀਆਂ ਗੱਲਾਂ ਨੂੰ ਉਹ ਕੁੱਝ-ਕੁੱਝ ਸਮਝਦੀ ਸੀ। ਗੋਆ ਤੋਂ ਆਈ ਸੀ, ਕੋਈ ਪੇਂਡੂ ਕੁੜੀ ਤਾਂ ਹੈ ਨਹੀਂ ਸੀ। ਸੋਚਣ ਲੱਗੀ, ‘ਇਹ ਲੜਕਾ ਤਾਂ ਮੈਸੰਜਰ ਹੈ, ਇੱਕ ਮੋਹਰਾ ਹੈ, ਜੋ ਮਾਲਕ ਵੱਲੋਂ ਲਾਈ ਡਿਊਟੀ ਨਿਭਾਅ ਰਿਹਾ ਹੈ। ਇਸਦੀ ਵੀ ਕੋਈ ਮਜ਼ਬੂਰੀ ਹੋ ਸਕਦੀ ਹੈ। ਇਸ ’ਤੇ ਕਾਹਦਾ ਗੁੱਸਾ।’ ਅੰਜਲੀ ਨੂੰ ਲੜਕੇ ਨਾਲ ਕੁੱਝ ਹਮਦਰਦੀ ਹੋਈ।

“ਮਾਫ਼ ਕਰਨਾ, ਮੈਂ ਪਾਣੀ ਵੀ ਨਹੀਂ ਪੁੱਛ ਸਕੀ। ਕੁੱਝ ਚਿਰ ਪਹਿਲਾਂ ਹੀ ਏਥੇ ਆਈ ਸੀ। ਮੈਨੂੰ ਕਿਸੇ ਦੀ ਉਡੀਕ ਨਹੀਂ ਸੀ। ਤੁਹਾਡੀ ਵੀ ਨਹੀਂ ਤੇ ਫਿਰ ਅਚਾਨਕ ਇਹ ਸਭ ਕੁੱਝ?” ਤੇ ਉਹ ਚੁੱਪ ਕਰ ਗਈ।

“ਮੈਂ ਸਮਝ ਸਕਦਾ ਹਾਂ, ਕੋਈ ਗੱਲ ਨਹੀਂ, ਮੈਂ ਤੁਹਾਡਾ ਵਕਤ ਲਿਆ, ਬਹੁਤ-ਬਹੁਤ ਸ਼ੁਕਰੀਆ।” ਸੁਰੇਸ਼ ਨੇ ਜੇਬ ਵਿੱਚੋਂ ਇੱਕ ਕਾਰਡ ਕੱਢਿਆ ਤੇ ਟੇਬਲ ’ਤੇ ਰੱਖਦੇ ਹੋਏ ਕਹਿਣ ਲੱਗਾ, “ਇਹ ਸੇਠ ਜੀ ਦਾ ਕਾਰਡ ਹੈ। ਸਪੈਸ਼ਲ ਤੁਹਾਡੇ ਲਈ ਭੇਜਿਆ ਹੈ। ਮੀਟਿੰਗ ਲਈ ਸ਼ਾਮੀਂ ਪੰਜ ਵਜੇ ਗੱਡੀ ਤੁਹਾਨੂੰ ਲੈਣ ਆ ਜਾਵੇਗੀ। ਸੇਠ ਜੀ ਤੁਹਾਡਾ ਇੰਤਜ਼ਾਰ ਕਰਨਗੇ।”

ਅੰਜਲੀ, ਜੋ ਨਾਰਮਲ ਹੋਣ ਦੀ ਕੋਸ਼ਿਸ਼ ਕਰਨ ਲੱਗੀ ਸੀ, ਕਾਰਡ ਦੇਖ ਹੋਰ ਪ੍ਰੇਸ਼ਾਨ ਹੋ ਗਈ। ਚਿਹਰਾ ਗੁੱਸੇ ਨਾਲ ਭਖਣ ਲੱਗਾ। ਉਹ ਕਾਹਲੀ ਨਾਲ ਜ਼ਰੂਰਤ ਤੋਂ ਵੱਧ ਉੱਚੀ ਆਵਾਜ਼ ਵਿੱਚ ਬੋਲੀ, “ਮੈਨੂੰ ਕਿਸੇ ਕਾਰਡ ਦੀ ਜ਼ਰੂਰਤ ਨਹੀਂ ਤੇ ਨਾ ਹੀ ਕਿਸੇ ਗੱਡੀ ਦੀ। ਮੈਂ ਕਿਸੇ ਮੀਟਿੰਗ ’ਤੇ ਨਹੀਂ ਆ ਰਹੀ। ਪਰਸੋਂ ਸੁਬਾਹ ਇੰਟਰਵਿਊ ਹੈ, ਮੈਂ ਆਪੇ ਆ ਜਾਵਾਂਗੀ। ਉੱਥੇ ਹੀ ਤੁਹਾਡੇ ਸੇਠ ਜੀ ਨੂੰ ਵੀ ਮਿਲ ਲਵਾਂਗੀ। ਤੂੰ ਜਾ ਸਕਦਾ ਹੈਂ।” ਉਹ ਗੁੱਸੇ ਵਿੱਚ ਬੋਲੀ ਸੀ ਤੇ ਉਸਦਾ ਸਾਹ ਚੜ੍ਹ ਗਿਆ ਸੀ।

ਸੁਰੇਸ਼ ਬਿਲਕੁਲ ਸ਼ਾਂਤ ਸੀ। ਉਹ ਫਿਰ ਬੋਲਿਆ, “ਰੱਖ ਲੀ ਜੀਏ, ਇਹ ਤੁਹਾਡੇ ਲਈ ਹੀ ਹੈ। ਇਹ ਕਾਰਡ ਇੰਟਰਵਿਊ ਲਈ ਨਹੀਂ ਹੈ। ਇਹ ਤਾਂ ਸੇਠ ਜੀ ਨਾਲ ਸਪੈਸ਼ਲ ਮੀਟਿੰਗ ਲਈ ਹੈ। ਮੀਟਿੰਗ ਲਈ ਆਉਣਾ ਜਾਂ ਨਾ ਆਉਣਾ, ਇਹ ਆਪ ਦੀ ਮਰਜ਼ੀ ਉੱਪਰ ਹੈ। ਕੋਈ ਬੰਦਿਸ਼ ਨਹੀਂ। ਸੇਠ ਜੀ ਕਿਸੇ ਨਾਲ ਨਰਾਜ਼ ਨਹੀਂ ਹੁੰਦੇ ਤੇ ਨਾ ਹੀ ਕਦੇ ਨਿਰਾਸ਼ ਹੁੰਦੇ ਹਨ। ਉਹ ਹਰ

54/ਰੇਤ ਦੇ ਘਰ