ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਕਾਰਡ ਨੂੰ ਪਿਛਲੇ ਦੋ ਦਿਨਾਂ ਤੋਂ ਛੂਹਿਆ ਤੱਕ ਨਹੀਂ ਸੀ, ਹੁਣ ਉਹ ਉਸ ਕਾਰਡ ਵੱਲ ਵੇਖ ਰਹੀ ਸੀ। ਮਨ ਅੰਦਰ ਜਬਰਦਸਤ ਹਲਚਲ ਹੋ ਰਹੀ ਸੀ।

‘ਮਿਲਾਂ, ਨਾ ਮਿਲਾਂ, ਕੋਈ ਮੱਦਦ ਕਰਨਗੇ?’

‘ਸਿਲੈਕਸ਼ਨ ਤਾਂ ਹੋ ਚੁੱਕੀ, ਹੁਣ ਕੀ ਮੱਦਦ ਕਰਨਗੇ?’

‘ਪਹਿਲਾਂ ਹੀ ਮਿਲਣਾ ਚਾਹੀਦਾ ਸੀ, ਨੌਕਰੀ ਤਾਂ ਮਿਲ ਜਾਂਦੀ।’

‘ਸ਼ਾਇਦ ਅਜੇ ਵੀ ਕੁੱਝ ਕਰ ਸਕਣ, ਮਿਲਣ 'ਚ ਕੀ ਹਰਜ਼ ਹੈ?’

ਉਸਨੇ ਕਾਰਡ ਚੁੱਕਿਆ, ਦੋ-ਤਿੰਨ ਵਾਰ ਅੱਗੇ-ਪਿੱਛੇ ਘੁੰਮਾ ਕੇ ਵੇਖਿਆ ਤੇ ਕੁੱਝ ਚਿਰ ਇੰਝ ਹੀ ਵੇਖਦੀ ਰਹੀ। ਸੋਚਦੀ ਰਹੀ, ਵੇਖਦੀ ਰਹੀ। ਕਾਰਡ ਉਸਦੇ ਹੱਥ ਵਿੱਚ ਸੀ। ਫਿਰ ਉਸਨੇ ਕਾਰਡ ਵਾਲਾ ਨੰਬਰ ਡਾਇਲ ਕੀਤਾ ਤੇ ਸੇਠ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕਰ ਦਿੱਤੀ। ਸ਼ਾਮੀਂ ਪੰਜ ਵਜੇ ਉਸ ਕੋਲ ਗੱਡੀ ਪਹੁੰਚ ਗਈ।

ਸੇਠ ਜੀ ਕੋਲ ਜਾਣ ਤੋਂ ਪਹਿਲਾਂ ਉਸਨੇ ਫਰੈੱਸ਼ ਹੋ ਕੇ, ਹਲਕਾ ਮੇਕ-ਅੱਪ ਕੀਤਾ। ਸੰਭਾਵੀ ਸਵਾਲ-ਜਵਾਬ ਲਈ ਆਪਣੇ ਆਪ ਨੂੰ ਤਿਆਰ ਕੀਤਾ ਤੇ ਮਨ ਨੂੰ ਤਕੜਾ ਕੀਤਾ। ਠੀਕ ਅੱਧੇ ਘੰਟੇ ਬਾਅਦ ਉਹ ਸੇਠ ਜੀ ਦੇ ਸਾਹਮਣੇ ਉਸਦੇ ਦਫ਼ਤਰ ਵਿੱਚ ਬੈਠੀ ਸੀ।

ਪੰਤਾਲੀ ਕੁ ਸਾਲ ਦੀ ਉਮਰ ਨੂੰ ਢੁੱਕ ਚੁੱਕੇ ਸੇਠ ਸਰੂਤੀ ਸ਼ਾਹ ਨੇ ਆਪਣੇ ਸਾਹਮਣੇ ਬੈਠੀ ਬਾਈ ਸਾਲਾ ਅੰਜਲੀ ਨੂੰ ਬੜੇ ਗੌਰ ਨਾਲ ਵੇਖਿਆ। ਉਹ ਉਮਰ ਨਾਲੋਂ ਵੱਧ ਸਿਆਣੀ ਲੱਗਦੀ ਸੀ। ਉਸਨੇ ਅੰਜਲੀ ਦੇ ਦਰਵਾਜ਼ੇ ਅੰਦਰ ਦਾਖ਼ਲ ਹੋਣ, ਉਸਨੂੰ ਵਿਸ਼ ਕਰਨ, ਆ ਕੇ ਕੁਰਸੀ ਉੱਪਰ ਬੈਠਣ, ਬੈਠੀ-ਬੈਠੀ ਨੇ ਕਿੰਨੀ ਕੁ ਹਿਲਜੁਲ ਕੀਤੀ, ਕਿਸ ਪੋਜ਼ ਵਿੱਚ ਬੈਠੀ, ਹਰ ਹਰਕਤ ਨੂੰ ਬੜੇ ਗੌਰ ਨਾਲ ਨੋਟ ਕੀਤਾ। ਆਤਮ ਵਿਸ਼ਵਾਸ ਨਾਲ ਭਰੀ ਬੈਠੀ ਅੰਜਲੀ ਦੇ ਚਿਹਰੇ, ਨਜ਼ਰਾਂ ਤੇ ਬਾਡੀ-ਲੈਂਗੁਏਜ਼ ਨੇ ਸੇਠ ਜੀ ਨੂੰ ਪ੍ਰਭਾਵਿਤ ਕੀਤਾ। ਹੁਣ ਉਹ, “ਨਮਸਤੇ ਸਰ।” ਕਹਿ ਚੁੱਪ-ਚਾਪ ਬੈਠੀ ਕੋਈ ਆਸਵੰਦ ਨਜ਼ਰਾਂ ਨਾਲ ਸੇਠ ਜੀ ਵੱਲ ਵੇਖ ਰਹੀ ਸੀ।

“ਹਾਂ ਅੰਜਲੀ, ਦੱਸੋ ਮੈਂ ਤੁਹਾਡੀ ਕੀ ਮੱਦਦ ਕਰ ਸਕਦਾ ਹਾਂ?” ਸੇਠ ਜੀ ਨੇ ਅੰਜਲੀ ਨੂੰ ਸਵਾਲ ਕੀਤਾ।

“ਸਰ, ਸੁਰੇਸ਼ ਨਾਮੀ ਲੜਕੇ ਨੇ ਤੁਹਾਡਾ ਇਹ ਕਾਰਡ ਦਿੱਤਾ ਸੀ ਤੇ ਕਿਹਾ ਸੀ ਕਿ ਸੇਠ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ।”

“ਠੀਕ, ਪਰ ਇਹ ਤਾਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਉਸ ਦਿਨ ਤੁਸੀਂ ਨਹੀਂ ਆਏ। ਅੱਜ ਮੈਂ ਨਹੀਂ ਬੁਲਾਇਆ, ਤੁਸੀਂ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ?”

57/ਰੇਤ ਦੇ ਘਰ