ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਸਨਲ-ਸੈਕਟਰੀ ਦੀ। ਉਸ ਲੜਕੀ ਦੀ ਜ਼ਰੂਰਤ ਹੈ, ਜੋ ਪੂਰੀ ਤਰ੍ਹਾਂ ਆਪਣੇ ਆਪ ਨੂੰ ਮੇਰੇ ਲਈ ਤੇ ਮੇਰੇ ਕੰਮ ਲਈ ਸਮਰਪਣ ਕਰ ਦੇਵੇ। ਮੇਰੇ ਹਰ ਕੰਮ ਤੇ ਲੋੜ ਨੂੰ ਆਪਣੀ ਜ਼ਿੰਮੇਵਾਰੀ ਸਮਝ ਪੂਰਾ ਕਰ ਸਕਦੀ ਹੋਵੇ। ਉਸਦਾ ਹਰ ਕੰਮ ਤੇ ਲੋੜ ਨੂੰ ਪੂਰਾ ਕਰਨਾ, ਫਿਰ ਮੇਰੀ ਜ਼ਿੰਮੇਵਾਰੀ, ਜਸਟ ਗਿਵ ਐਂਡ ਟੇਕ।”

ਅੰਜਲੀ ਘਬਰਾ ਗਈ, ਸੋਚਣ ਲੱਗੀ, ‘ਕੰਮ ਤਾਂ ਠੀਕ ਹੈ ਪਰ ਹਰ ਲੋੜ, ਸੇਠ ਜੀ ਦੀ ਕੀ-ਕੀ ਲੋੜ ਹੋ ਸਕਦੀ ਹੈ, ਕੀ ਉਹ ਹਰ ਲੋੜ ਪੂਰੀ ਕਰ ਸਕੇਗੀ?’

ਬੈਠੇ-ਬੈਠੇ ਉਸਨੂੰ ਆਪਣੀ ਸਹੇਲੀ ਸ਼ਿਲਪੀ ਦੀ ਕਹੀ ਗੱਲ ਯਾਦ ਆਈ, “ਅੰਜਲੀ ਜ਼ਿੰਦਗੀ ਵਿੱਚ ਕੁੱਝ ਪਾਉਣ ਲਈ, ਕਈ ਵਾਰ ਕੁੱਝ ਖੋਣਾ ਵੀ ਪੈ ਜਾਂਦੈ। ਮੈਂ ਜਿਸ ਲਾਈਨ ਵਿੱਚ ਹਾਂ, ਏਥੇ ਵੀ ਕਦੀ-ਕਦੀ ਸਮਝੌਤੇ ਕਰਨੇ ਪੈਂਦੇ ਨੇ ਤੇ ਇਹ ਆਪਣੇ ’ਤੇ ਨਿਰਭਰ ਹੈ ਅਸੀਂ ਕੀ ਕਰਨੈ।”

ਅੰਜਲੀ ਨੂੰ ਸੋਚਾਂ ’ਚ ਪਈ ਵੇਖ ਸੇਠ ਜੀ ਬੋਲੇ, ਅੰਜਲੀ, “ਘਬਰਾਉਣ ਦੀ ਕੋਈ ਲੋੜ ਨਹੀਂ। ਤੂੰ ਜਿਸ ਆਜ਼ਾਦੀ ਨਾਲ ਇੱਥੇ ਆਈ ਹੈਂ, ਉਸੇ ਤਰ੍ਹਾਂ ਵਾਪਸ ਜਾ ਸਕਦੀ ਹੈਂ। ਨਾ ਤੇਰੇ ਵੱਲ ਕੋਈ ਉਂਗਲ ਕਰ ਸਕਦਾ ਹੈ, ਨਾ ਉਂਗਲ ਚੁੱਕ ਸਕਦਾ ਹੈ ਤੇ ਇਹ ਅਧਿਕਾਰ ਮੈਨੂੰ ਵੀ ਨਹੀਂ। ਤੂੰ ਜੋ ਵੀ ਫੈਸਲਾ ਲੈਣਾ ਹੈ, ਆਪਣੀ ਆਜ਼ਾਦ ਮਰਜ਼ੀ ਨਾਲ ਲੈਣਾ। ਮੈਨੂੰ ਕੋਈ ਜ਼ਰੂਰੀ ਕੰਮ ਹੈ ਤੇ ਠੀਕ ਅੱਧੇ ਘੰਟੇ ਬਾਅਦ ਵਾਪਸ ਆਵਾਂਗਾ। ਤੂੰ ਜਾਣਾ ਚਾਹੀਂ ਜਾ ਸਕਦੀ ਹੈਂ, ਇੰਤਜ਼ਾਰ ਕਰਨਾ ਚਾਹੋਂ ਤਾਂ ਨਾਲ ਦੇ ਕਮਰੇ ਵਿੱਚ ਜਾ ਕੇ ਆਰਾਮ ਕਰ ਸਕਦੀ ਹੈਂ।” ਐਨੀ ਗੱਲ ਕਹਿ ਸੇਠ ਜੀ ਖੜੇ ਹੋ ਗਏ।

“ਸਰ, ਮੈਂ ਸੋਚ ਕੇ ਦੱਸਾਂਗੀ।”

“ਠੀਕ ਹੈ, ਨਾਲ ਦੇ ਕਮਰੇ ਵਿੱਚ ਬੈਠ ਆਰਾਮ ਨਾਲ ਸੋਚੋ।” ਤੇ ਉਹ ਚਲਾ ਗਿਆ।

ਬੜਾ ਆਲੀਸ਼ਾਨ ਕਮਰਾ ਸੀ। ਥੋੜ੍ਹੀ ਦੇਰ ਬਾਅਦ ਕੋਈ ਮਾਈ ਆ ਕੇ ਉਸਨੂੰ ਪਾਣੀ ਦਾ ਗਿਲਾਸ ਦੇ ਗਈ। ਫਿਰ ਕਾਫ਼ੀ ਦਾ ਕੱਪ ਅਤੇ ਸਨੈਕਸ ਦੇ ਗਈ। ਹੁਣ ਉਹ ਕਾਫ਼ੀ ਪੀ ਰਹੀ ਸੀ ਤੇ ਸੋਚੀ ਜਾ ਰਹੀ ਸੀ।

‘ਕੋਈ ਹੇਰ-ਫੇਰ ਨਹੀਂ, ਕੋਈ ਲੁਕ-ਲੁਕਾ ਨਹੀਂ, ਸਰ ਨੇ ਸਭ ਕੁੱਝ ਸਾਫ਼-ਸਾਫ਼ ਕਹਿ ਦਿੱਤਾ ਹੈ। ਕੀ ਫੈਸਲਾ ਕਰਾਂ, ਇਹ ਮੇਰੇ ਉੱਪਰ ਹੈ, ਮੇਰੀ ਮਰਜ਼ੀ ਉੱਪਰ।’ ਅੰਜਲੀ ਨੂੰ ਆਪਣੀ ਮਾਂ ਯਾਦ ਆਈ, ਜੋ ਡੈਡੀ ਦੀ ਮੌਤ ਤੋਂ ਬਾਅਦ ਕਿਸੇ ਦਫ਼ਤਰ ਦੀ ਨੌਕਰੀ ਕਰਨ ਲੱਗੀ ਸੀ। ਡੈਡੀ ਇੱਕ ਫੈਕਟਰੀ ਵਰਕਰ ਸੀ ਤੇ ਘਰ ਆ ਕੇ ਹਮੇਸ਼ਾ ਫੈਕਟਰੀ ਮਾਲਕ ਬਾਬਤ ਬੁਰਾ-ਭਲਾ ਬੋਲਦਾ ਰਹਿੰਦਾ। ਮਾਲਕ ਨੂੰ ਹਮੇਸ਼ਾ ਕਾਲਾ ਅੰਗਰੇਜ਼ ਦੱਸਦਾ। ਉਸਨੂੰ ਸਭ ਫੈਕਟਰੀ ਮਾਲਕਾਂ ਨਾਲ ਨਫ਼ਰਤ ਸੀ ਤੇ ਕਿਹਾ ਕਰਦਾ, ਇਨ੍ਹਾਂ ਕਾਲੇ ਅੰਗਰੇਜ਼ਾਂ ਨੇ ਸਾਨੂੰ

60/ਰੇਤ ਦੇ ਘਰ