ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦੀ ਹੈ। ਇਹ ਕਿਸੇ ਗਲਤ ਆਦਮੀ ਨਾਲ ਉਲਝ ਗਈ ਤਾਂ ਕੰਪਨੀ ਦਾ ਨੁਕਸਾਨ ਹੋ ਸਕਦਾ ਹੈ। ਕੰਪਨੀਆਂ ਦੇ ਕਈ ਬੜੇ ਗੁੱਝੇ ਭੇਦ ਹੁੰਦੇ ਹਨ, ਜੋ ਇਹ ਜ਼ਾਹਰ ਕਰ ਸਕਦੀ ਹੈ। ਇਸਦਾ ਪ੍ਰੇਮੀ ਇਸਨੂੰ ਈਮੋਸ਼ਨਲ ਬਲੈਕ-ਮੇਲ ਕਰਕੇ ਭੇਦ ਪਾ ਸਕਦਾ ਹੈ। ਇਸ ਉਮਰ ਦੀ ਕੁੜੀ ਆਪਣੇ ਪ੍ਰੇਮੀ ਮੂਹਰੇ, ਟਰੈਂ-ਟਰੈਂ ਕਰ ਸਭ ਉਗਲ ਜਾਂਦੀ ਹੈ।

ਇਸ ਲਈ ਸੇਠ ਜੀ ਬਿਨਾਂ ਕੋਈ ਦਬਾਅ ਦੇ, ‘ਗਿਵ ਐਂਡ ਟੇਕ’ ਦੇ ਭੇਦ ਨੂੰ ਬਣਾਈ ਰੱਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਅੰਜਲੀ ਦੇ ਮਨ ’ਤੇ ਖ਼ੁਦ ਹੀ, ਕੰਮ ਦਾ ਤੇ ਸੇਠ ਜੀ ਦਾ ਡਰ ਬਣਿਆ ਰਹੇ। ਉਹ ਕਿਸੇ ਰਿਲੇਸ਼ਨ ਵਾਲੀ ਗੱਲ ਤੋਂ ਦੂਰ ਹੀ ਰਹੇ ਤਾਂ ਚੰਗਾ।

“ਠੀਕ ਹੈ ਅੰਜਲੀ, ਤੂੰ ਜਾ ਸਕਦੀ ਹੈਂ?” ਸਭ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਸੇਠ ਜੀ ਨੇ ਫੈਸਲਾ ਸੁਣਾ ਦਿੱਤਾ।

ਇਹ ਸੁਣ ਕੇ ਅੰਜਲੀ ਨੂੰ ਝਟਕਾ ਲੱਗਾ, ਹੈਰਾਨੀ ਹੋਈ ਤੇ ਥੋੜ੍ਹੀ ਨਮੋਸ਼ੀ ਵੀ। ਨਮੋਸ਼ੀ ਇਸ ਗੱਲ ਦੀ ਕਿ ਉਸਦੇ ਮਨ ਅੰਦਰ ਡੈਡੀ ਤੇ ਉਸ ਦੇ ਸਾਥੀਆਂ ਦੀਆਂ ਗੱਲਾਂ ਸੁਣ-ਸੁਣ, ਮਾਲਕਾਂ ਪ੍ਰਤੀ ਇੱਕ ਸਟੀਰੀਓ ਟਾਈਪ ਭਾਵਨਾ ਭਰੀ ਪਈ ਹੈ, ਜੋ ਸ਼ਾਇਦ ਅੱਜ ਵੀ ਉਸ ’ਤੇ ਭਾਰੂ ਹੈ।

“ਸਰ ਉਸ ਦਿਨ ਆਪ ਨੇ ਮੈਨੂੰ ਕਿਉਂ ਬੁਲਾਇਆ ਸੀ?” ਇਸਤੋਂ ਪਹਿਲਾਂ ਕਿ ਸੇਠ ਜੀ ਚਲੇ ਜਾਂਦੇ, ਉਸਨੇ ਇਕਦਮ ਗੱਲ ਬਦਲੀ।

“ਇੰਟਰਵਿਊ ਵਾਲੀਆਂ ਸਾਰੀਆਂ ਕੁੜੀਆਂ ਦੇ ਬਾਇਓ-ਡਾਟਾ ਮੈਂ ਪੜ੍ਹੇ ਤੇ ਸਭ ਦੀ ਫੋਟੋ ਵੀ ਗੌਰ ਨਾਲ ਦੇਖੀ। ਕਈ ਕੁੜੀਆਂ ਤੈਥੋਂ ਵੀ ਬਹੁਤ ਸੋਹਣੀਆਂ ਸਨ ਤੇ ਹੁਣ ਤੂੰ ਸਭ ਨੂੰ ਮਿਲ ਕੇ ਦੇਖ ਚੁੱਕੀ ਹੈਂ। ਮੈਨੂੰ ਸਿਰਫ਼ ਤੇ ਸਿਰਫ਼ ਸੋਹਣੀ ਕੁੜੀ ਚਾਹੀਦੀ ਹੁੰਦੀ, ਫੇਰ ਮੈਂ ਤੈਨੂੰ ਨਾ ਬੁਲਾਉਂਦਾ। ਮੈਨੂੰ ਕੁੱਝ ਹੋਰ ਚਾਹੀਦਾ ਸੀ, ਜੋ ਮੈਨੂੰ ਲੱਗਾ ਸ਼ਾਇਦ ਉਹ ਤੇਰੇ ਵਿੱਚ ਹੋਵੇ। ਇਸ ਲਈ ਤੈਨੂੰ ਬੁਲਾਇਆ ਸੀ।”

ਅੰਜਲੀ ਹੈਰਾਨ, ‘ਸਰ ਦੀ ਗੱਲ ਬਿਲਕੁਲ ਠੀਕ ਸੀ। ਕਈ ਕੁੜੀਆਂ ਰੂਪ ਤੇ ਸੁੰਦਰਤਾ ਪੱਖੋਂ ਮੇਰੇ ਤੋਂ ਬਹੁਤ ਸੋਹਣੀਆਂ ਸਨ। ਮੇਰੇ ਵਿੱਚ ਐਸਾ ਕੀ ਹੈ, ਜੋ ਸਰ ਨੂੰ ਚਾਹੀਦਾ ਹੈ। ਇੰਟਰਵਿਊ ਬੋਰਡ ਵਾਲੀਆਂ ਨੇ ਮੇਰੇ ਅੰਦਰ ਅਜਿਹਾ ਸਪੈਸ਼ਲ ਕੁੱਝ ਕਿਉਂ ਨਹੀਂ ਦੇਖਿਆ, ਜੋ ਸਰ ਨੇ ਦੇਖ ਲਿਆ।’ ਉਹ ਸੋਚਣ ਲੱਗੀ।

“ਅੰਜਲੀ ਮੈਂ ਫਿਰ ਕਹਿੰਦਾ ਹਾਂ, ਮਨ ’ਤੇ ਬੋਝ ਪਾਉਣ ਵਾਲੀ ਕੋਈ ਗੱਲ ਨਹੀਂ। ਮੈਂ ਕੋਈ ਲੰਬੀ-ਚੌੜੀ ਗੱਲ ਕਰਨੀ ਵੀ ਨਹੀਂ ਚਾਹੁੰਦਾ ਪਰ ਹਾਂ, ਐਨਾ ਜ਼ਰੂਰ ਕਹਾਂਗਾ ਕਿ ਬਹੁਤੀਆਂ ਲੜਕੀਆਂ ਆਪਣੇ ਬਾੱਸ ਲਈ ਕੁੱਝ ਵੀ ਕਰਨ ਨੂੰ ਤਿਆਰ ਨੇ। ਸਮਝਦੀ ਹੈ ਨਾ, ਕੁੱਝ ਵੀ ਪਰ ਕੰਮ ਨੀ। ਵਿਹਲੀਆਂ

63/ਰੇਤ ਦੇ ਘਰ