ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਪਨੇ ਦੀ ਜ਼ਖ਼ਮੀ ਗਾਥਾ

ਜਦ ਦੋਵੇਂ ਘਰ ਪਹੁੰਚੇ ਤਾਂ ਸਭ ਕੁੱਝ ਦੇਖ ਕੇ ਹੈਰਾਨ ਰਹਿ ਗਏ। ਜੀਤੀ ਤਾਂ ਸਾਰੇ ਰਾਹ ਇਹੀ ਸੋਚਦੀ ਆਈ ਸੀ ਕਿ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਮੰਮੀ ਨਾਲ ਜਹਾਜ਼ ਦੀਆਂ ਗੱਲਾਂ ਕਰਨੀਆਂ ਨੇ। ਸਾਰੀਆਂ ਉਹ ਗੱਲਾਂ, ਜੋ ਪਿਛਲੇ ਛੇ ਮਹੀਨੇ 'ਚ ਉਸ ਨੇ ਦੇਖੀਆਂ ਜਾਂ ਸੁਣੀਆਂ। ਬਾਕੀ ਸਭ ਬਾਅਦ ’ਚ ਪਰ ਆਹ ਸਰਪ੍ਰਾਈਜ਼ ਪਾਰਟੀ ਤੇ ਐਨਾ ਵੱਡਾ ਸਵਾਗਤ ਦੇਖ ਉਹ ਤਾਂ ਸਭ ਕੁੱਝ ਹੀ ਭੁੱਲ ਗਈ।

ਸੋਹਣੀ, ਸੁਨੱਖੀ ਤੇ ਬੜੀ ਹੀ ਚੰਚਲ, ਜੀਤੀ ਦੀ ਸ਼ਾਦੀ ਰਾਜ ਨਾਲ ਹੋਈ। ਰਾਜ ਇੱਕ ਚੰਗੇ ਪਰਿਵਾਰ ’ਚੋਂ ਹੈ ਤੇ ਮਰਚੈਂਟ-ਨੇਵੀ ਵਿੱਚ ਅਫ਼ਸਰ ਹੈ। ਪਹਿਲਾਂ ਇਹ ਦੋਵੇਂ ਇੱਕੋ ਹੀ ਕਾਲਜ ਵਿੱਚ ਪੜ੍ਹਦੇ ਸਨ। ਕਾਲਜ ’ਚ ਜੀਤੀ ਦੀ ਆਪਣੀ ਅੱਡ ਹੀ ਟੋਲੀ ਸੀ ਤੇ ਉਹ ਆਪਣੇ-ਆਪ ਨੂੰ ਬਹੁਤ ਹੀ ਫੰਨੇ-ਖਾਂ ਸਮਝਦੀ ਹੁੰਦੀ। ਉਹ ਰਾਜ ਉੱਪਰ ਕਦ ਤੇ ਕਿਵੇਂ ਫਿਦਾ ਹੋ ਗਈ, ਸਹੇਲੀਆਂ ਨੂੰ ਵੀ ਪਤਾ ਨਹੀਂ ਸੀ ਲੱਗਾ। ਇਹ ਗੱਲ ਸਭਨਾਂ ਲਈ ਬੁਝਾਰਤ ਹੀ ਬਣੀ ਰਹੀ। ਦੋਵਾਂ ਦਿਲਾਂ ਵਿੱਚ ਪਨਪੀ ਇਹ ਮੁਹੱਬਤ ਵਧ ਕੇ ਪਹਿਲਾਂ ਪਿਆਰ, ਫਿਰ ਇਕੱਠੇ ਜਿਊਣ-ਮਰਨ ਦੀਆਂ ਗੱਲਾਂ, ਕਸਮਾਂ, ਇਕਰਾਰਾਂ ਤੋਂ ਹੁੰਦੀ ਹੋਈ, ਗੱਲ ਦੋਵਾਂ ਪਰਿਵਾਰਾਂ ਤੱਕ ਪਹੁੰਚ ਗਈ।

ਲਾਡ-ਪਿਆਰ ਨਾਲ ਪਾਲੀ ਜੀਤੀ ਦੇ ਡੈਡੀ ਨੂੰ ਜਦ ਪਤਾ ਲੱਗਾ, ਉਹ ਇਕਦਮ ਲੋਹਾ-ਲਾਖਾ ਹੋ ਗਿਆ। ਕੁੜੀ ਨੂੰ ਡਾਂਟਿਆ ਤੇ ਸਪੱਸ਼ਟ ਨਾਂਹ ਕਰ ਦਿੱਤੀ। ਡੈਡੀ ਦਾ ਗੁੱਸਾ ਦੇਖ ਜੀਤੀ ਆਪਣੀ ਮਾਂ ਦੀ ਬੁੱਕਲ ’ਚ ਸਿਰ ਦੇ ਕੇ ਰੋਣ ਲੱਗ ਪਈ। ਮਾਂ ਤੋਂ ਧੀ ਦੇ ਹੰਝੂ ਕਦ ਝੱਲ ਹੁੰਦੇ ਨੇ, ਜੀਤੀ ਨੂੰ ਬੁੱਕਲ ’ਚ ਲੈ ਉਹ ਵੀ ਅੱਖਾਂ ਭਰ ਆਈ। ਦੋਵਾਂ ਨੂੰ ਡੁਸਕਦੀਆਂ ਦੇਖ ਗੁੱਸੇ ’ਚ ਬੋਲਦਾ-ਬੋਲਦਾ ਦਿਲਬਾਗ ਸਿੰਘ ਬਾਹਰ ਨੂੰ ਤੁਰ ਗਿਆ।

ਬਲਬੀਰ ਕੌਰ ਬੜੀ ਸਿਆਣੀ ਤੇ ਸ਼ਾਂਤ ਸੁਭਾਅ ਦੀ ਔਰਤ ਸੀ। ਸਾਰੇ ਮੁਹੱਲੇ ’ਚ ਉਸ ਦਾ ਬੜਾ ਆਦਰ ਮਾਣ ਸੀ। ਉਸਦੇ ਵਾਰ-ਵਾਰ ਕਹਿਣ ’ਤੇ ਕਿ, “ਦੇਖੋ ਜੀ ਸ਼ਾਦੀ ਤਾਂ ਕਰਨੀ ਹੀ ਹੈ, ਬਰਾਬਰੀ ਦਾ ਰਿਸ਼ਤਾ ਹੈ, ਦੋਵਾਂ ਦੀ ਜੋੜੀ ਜੱਚਦੀ ਵੀ ਹੈ, ਸੋ ਇਸ 'ਚ ਹਰਜ਼ ਵੀ ਕੀ ਹੈ। ਫਿਰ ਉਹ ਵੀ ਪਟਿਆਲੇ ’ਚ ਹੀ ਰਹਿੰਦੇ ਨੇ, ਆਪਾਂ ਨੂੰ ਹੋਰ ਸੌਖਾ ਕਿ ਬੇਟੀ ਕੋਲ ਰਹੂ।”

65/ਰੇਤ ਦੇ ਘਰ