ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਵੀ, ਸਮੁੰਦਰ ਬਾਰੇ, ਜਹਾਜ਼ਾਂ ਬਾਰੇ, ਉੱਥੋਂ ਦੀ ਜ਼ਿੰਦਗੀ ਬਾਰੇ ਤੇ ਹੋਰ ਬਹੁਤ ਕੁੱਝ ਦੱਸਿਆ ਹੋਇਆ ਸੀ। ਇਹ ਵੀ ਦੱਸਿਆ ਸੀ ਕਿ ਕੰਪਨੀ ਕੁੱਝ ਅਫ਼ਸਰਾਂ ਨੂੰ ਪਰਿਵਾਰ ਸਮੇਤ ਰਹਿਣ ਦੀ ਇਜਾਜ਼ਤ ਦੇ ਦਿੰਦੀ ਹੈ। ਉਹ ਘਰਵਾਲੀ ਨੂੰ ਨਾਲ ਲੈ ਜਾਂਦੇ ਹਨ। ਉੱਥੇ ਕੋਈ ਖ਼ਤਰਾ ਨਹੀਂ ਤੇ ਘੁੰਮ-ਫਿਰ ਕੇ ਦੁਨੀਆਂ ਦੇਖਣ ਦਾ ਆਪਣਾ ਹੀ ਮਜ਼ਾ ਹੈ।

ਜੀਤੀ ਵੀ ਨਾਲ ਜਾਣਾ ਚਾਹੁੰਦੀ ਸੀ ਪਰ ਮਨ ’ਚ ਇੱਕ ਡਰ ਵੀ ਸੀ। ਉਸਨੇ ਟੀ.ਵੀ. ਉੱਪਰ ਸਮੁੰਦਰਾਂ ’ਚ ਉਠਦੀਆਂ ਲਹਿਰਾਂ ਤੇ ਡਿੱਕ-ਡੋਲੇ ਖਾਂਦੇ ਜਹਾਜ਼ ਵੇਖੇ ਸੀ। ਇਸੇ ਗੱਲ ਤੋਂ ਡਰਦੀ ਓਪਰੇ ਜਿਹੇ ਮਨ ਨਾਲ ਜਾਣ ਤੋਂ ਮਨ੍ਹਾਂ ਵੀ ਕਰਦੀ ਰਹਿੰਦੀ ਪਰ ਰਾਜ ਦੇ ਵਾਰ-ਵਾਰ ਕਹਿਣ ’ਤੇ ਉਹ ਰਾਜ਼ੀ ਹੋ ਗਈ ਤੇ ਨਾਲ ਚਲੀ ਗਈ। ਪੂਰੇ ਛੇ ਮਹੀਨੇ ਬਾਅਦ ਜੀਤੀ ਤੇ ਰਾਜ ਵਾਪਸ ਘਰ ਮੁੜੇ ਸਨ।

ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਮੰਮੀ-ਡੈਡੀ ਨੇ ਘਰ ’ਚ ਪਾਰਟੀ ਦਾ ਪ੍ਰਬੰਧ ਕਰ ਰੱਖਿਆ ਹੈ। ਸਾਰੇ ਦੋਸਤ-ਮਿੱਤਰ, ਗੁਆਂਢੀ, ਰਾਜ ਦਾ ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ, ਜੀਤੀ ਦੇ ਘਰ ਪਹੁੰਚੇ ਹੋਏ ਸਨ ਤੇ ਦੋਵਾਂ ਨੂੰ ਜਹਾਜ਼ ਤੋਂ ਵਾਪਸ ਆਉਣ ’ਤੇ ਸਵਾਗਤ ਲਈ ਪੂਰੇ ਜੋਸ਼ੋ-ਖ਼ਰੋਸ਼ ਨਾਲ ਹਾਜ਼ਰ ਸਨ। ਇੱਕ ਤਰ੍ਹਾਂ ਨਾਲ ਦੁਬਾਰਾ ਵਿਆਹ ਵਰਗੇ ਮਾਹੌਲ ’ਚ ਸਾਰਿਆਂ ਨੂੰ ਮਿਲ ਕੇ ਦੋਵੇਂ ਬਹੁਤ ਖ਼ੁਸ਼ ਹੋਏ। ਫਿਰ ਕਈ ਦਿਨਾਂ ਤੱਕ ਇਸ ਪਾਰਟੀ ਦੀਆਂ ਗੱਲਾਂ ਹੀ ਹੁੰਦੀਆਂ ਰਹੀਆਂ।

ਦੋਵਾਂ ਨੂੰ ਜਹਾਜ਼ ’ਚੋਂ ਆਇਆਂ ਮਹੀਨਾ ਹੋਣ ਵਾਲਾ ਸੀ। ਇੱਕ ਘਰ ਆਉਣ ਦੀ ਖ਼ੁਸ਼ੀ, ਦੂਸਰਾ ਸਵਾਗਤ ਪਾਰਟੀ ਦੀਆਂ ਗੱਲਾਂ, ਤੀਜਾ ਹੋਰ ਮਿਲਣ-ਗਿਲਣ ਵਾਲੇ ਲੋਕ। ਇਸ ਮਾਹੌਲ ’ਚ ਜੀਤੀ, ਆਪਣੇ ਮੰਮੀ-ਪਾਪਾ ਨਾਲ ਜਹਾਜ਼ ਦੀ ਕੋਈ ਗੱਲ ਨਾ ਕਰ ਸਕੀ। ਭੱਜ-ਨੱਠ ’ਚ ਉਸਨੂੰ ਤਾਂ ਇਹ ਵੀ ਖ਼ਿਆਲ ਨਾ ਰਿਹਾ ਕਿ ਉਸਦਾ ਪੀਰੀਅਡ ਟੱਪ ਚੁੱਕਾ ਹੈ।

ਅਚਾਨਕ ਇੱਕ ਦਿਨ ਖ਼ਿਆਲ ਆਇਆ ਤਾਂ ਉਹ ਚੈੱਕ ਕਰਵਾਉਣ ਲਈ ਫੈਮਿਲੀ ਡਾਕਟਰ ਕੋਲ ਗਏ। ਡਾਕਟਰ ਨੇ ਦੋਵਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਕੁੱਝ ਖ਼ਾਸ ਹਦਾਇਤਾਂ ਵੀ ਦਿੱਤੀਆਂ। ਚੈੱਕ ਕਰਵਾਉਣ ’ਤੇ ਪਤਾ ਲੱਗਾ ਕਿ ਜੀਤੀ ਮਾਂ ਬਣਨ ਵਾਲੀ ਹੈ। ਘਰ ਆ ਕੇ ਪਰਿਵਾਰ ਨੂੰ ਜਦ ਇਹ ਖ਼ਬਰ ਦੱਸੀ ਤਾਂ ਦੋਵਾਂ ਪਰਿਵਾਰਾਂ ਨੂੰ ਹੋਰ ਵੀ ਖ਼ੁਸ਼ੀ ਹੋਈ।

ਰਾਜ ਦੀ ਛੁੱਟੀ ਖ਼ਤਮ ਹੋਣ ਦੇ ਨੇੜੇ ਆ ਗਈ। ਸਭ ਨੂੰ ਹੋਰ ਫ਼ਿਕਰ ਹੋ ਗਿਆ। ਐਸੀ ਹਾਲਤ ’ਚ ਜੀਤੀ ਨਾਲ ਨਹੀਂ ਸੀ ਜਾ ਸਕਦੀ। ਰਾਜ ਵੀ ਚਾਹੁੰਦਾ ਸੀ ਹੁਣ ਉਹ ਮੰਮੀ-ਡੈਡੀ ਦੀ ਦੇਖ-ਰੇਖ ਹੇਠਾਂ ਹੀ ਰਹੇ।

ਵੱਡਾ ਫ਼ਿਕਰ ਜੀਤੀ ਨੂੰ ਸੀ। ਉਹ ਚਾਹੁੰਦੀ ਸੀ ਬੱਚਾ ਹੋਣ ਤੱਕ, ਰਾਜ

67/ਰੇਤ ਦੇ ਘਰ