ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਕੋਸ਼ਿਸ਼ ਕੀਤੀ, “ਮੰਮੀ ਕੁੱਝ ਨਹੀਂ, ਬੱਸ ਐਵੇਂ ਸੁਪਨਾ ਸੀ, ਮੈਂ ਹੁਣ ਠੀਕ ਹਾਂ।”

ਪਰ ਅੱਜ ਉਸਦੀ ਮੰਮੀ ਸੌਣ ਦੀ ਬਜਾਏ, ਜੀਤੀ ਦੇ ਮੰਜੇ ’ਤੇ ਜੰਮ ਕੇ ਬੈਠ ਗਈ। ਉਹ ਪੁੱਛਣ ਲੱਗੀ, “ਤੂੰ ਕੀ ਵੇਖਿਆ, ਕੀ ਹੋਇਆ, ਕੌਣ ਕਿਸ ਨੂੰ ਮਾਰ ਰਿਹਾ ਸੀ, ਮੇਰੀ ਧੀ ਕੁੱਝ ਦੱਸ ਤਾਂ ਸਹੀ।”

ਕੁੱਝ ਚਿਰ ਜੀਤੀ ਚੁੱਪ ਰਹੀ। ਅਖ਼ੀਰ ਮਨ ਬਣਾ ਲਿਆ ਕਿ ਅੱਜ ਸਭ ਕੁੱਝ ਦੱਸ ਹੀ ਦੇਣਾ ਚਾਹੀਦਾ ਹੈ। ਸ਼ਾਇਦ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ। ਜੀਤੀ ਥੋੜ੍ਹਾ ਠੀਕ ਹੋ ਕੇ ਬੈਠ ਗਈ ਤੇ ਕਿਹਾ, “ਠੀਕ ਹੈ।” ਤੇ ਉਹ ਦੱਸਣ ਲੱਗੀ।

“ਮੰਮੀ ਇਹ ਤਾਂ ਨੀ ਪਤਾ ਇਹਨੂੰ ਦਬਾਅ ਕਹਿੰਦੇ ਨੇ ਜਾਂ ਕੀ ਪਰ ਇਹ ਬੜਾ ਡਰਾਉਣਾ ਸੁਪਨਾ ਸੀ। ਮੈਂ ਬਹੁਤ ਡਰ ਗਈ ਸੀ। ਸੁਪਨੇ ’ਚ ਵੇਖਿਆ ਕਿ ਰਾਜ ਤੇ ਮੈਂ, ਜਹਾਜ਼ ਦੇ ਡੈਕ ’ਤੇ ਖੜ੍ਹੇ ਹਾਂ। ਕੈਪਟਨ ਸਾਡੇ ਵੱਲ ਆਇਆ ਤੇ ਇਸ਼ਾਰੇ ਨਾਲ ਰਾਜ ਨੂੰ ਥੋੜ੍ਹਾ ਪਰ੍ਹੇ ਲੈ ਗਿਆ। ਉਹ ਰਾਜ ਨੂੰ ਕਹਿਣ ਲੱਗਾ, ‘ਆਪਾਂ ਡੇਂਜ਼ਰ-ਏਰੀਆ 'ਚ ਹਾਂ, ਸਤਰਕ ਰਹਿਣਾ।’ ਤੇ ਕੈਪਟਨ ਵਾਪਸ ਮੁੜ ਗਿਆ। ਰਾਜ ਹੌਲੀ-ਹੌਲੀ ਤੁਰਦਾ ਫੇਰ ਮੇਰੇ ਕੋਲ ਆ ਖੜ੍ਹਾ। ਭਾਵੇਂ ਉਨ੍ਹਾਂ ਹੌਲੀ ਆਵਾਜ਼ ਵਿੱਚ ਗੱਲ ਕੀਤੀ ਸੀ ਪਰ ਮੈਂ ਸਭ ਸੁਣ ਲਿਆ। ਕੁੱਝ ਚਿਰ ਸੋਚਦੀ ਰਹੀ, ਪੁੱਛਾਂ ਕਿ ਨਾ। ਰਾਜ ਵੀ ਚੁੱਪ ਖੜ੍ਹਾ ਸੀ। ਅਖ਼ੀਰ ਮੈਂ ਰਾਜ ਨੂੰ ਪੁੱਛ ਹੀ ਲਿਆ, ‘ਡੇਂਜ਼ਰ-ਏਰੀਆ ਦੀ ਕੀ ਗੱਲ ਹੋ ਰਹੀ ਸੀ?’ ਰਾਜ ਥੋੜਾ ਘਬਰਾਈ ਨਜ਼ਰ ਨਾਲ ਮੇਰੇ ਵੱਲ ਵੇਖਣ ਲੱਗਾ। ਮੈਂ ਵੀ ਘਬਰਾ ਗਈ। ਫੇਰ ਉਹ ਬੋਲਿਆ, ‘ਕੁੱਝ ਨੀ, ਚੱਲ ਕੈਬਿਨ ਵਿੱਚ ਚਲਦੇ ਹਾਂ।’ ਤੇ ਅਸੀਂ ਕੈਬਿਨ ਵੱਲ ਚੱਲ ਪਏ। ਅਜੇ ਰਾਹ ’ਚ ਹੀ ਸੀ ਕਿ ਮੂਹਰੇ ਅਚਾਨਕ ਡਾਕੂ ਆ ਗਏ। ਉਨ੍ਹਾਂ ਝੱਟ ਰਾਜ ਦੀਆਂ ਬਾਹਾਂ ਮਰੋੜੀਆਂ ਤੇ ਥੱਲੇ ਸੁੱਟ ਲਿਆ। ਮੈਂ ਘਬਰਾ ਕੇ ਚੀਕਣ ਲੱਗ ਗਈ, ਓਅ, ਨਾ-ਮਾਰੋ, ਓ ਨਾ-ਮਾਰੋ - ਆਹ ਸੁਪਨਾ ਸੀ।”

ਬਲਬੀਰ ਕੌਰ ਹੈਰਾਨ ਹੋ ਕੇ ਬੋਲੀ, “ਹੈਂਅ! ਜਹਾਜ਼ ਦਾ ਸੁਪਨਾ। ਡਾਕੂ ਆ ਗਏ। ਰਾਜ ਨੂੰ ਮਾਰਨ ਲੱਗ ਪਏ। ਜਹਾਜ਼ ਵਿੱਚ ਡਾਕੂ ਵੀ ਆ ਜਾਂਦੇ ਨੇ?”

“ਹਾਂ ਮੰਮੀ ਆ ਜਾਂਦੇ ਨੇ। ਇੱਕ ਵਾਰ ਮੇਰੇ ਹੁੰਦੇ ਵੀ ਆ ਗਏ ਸੀ। ਮੈਂ ਸਭ ਕੁੱਝ ਅੱਖੀਂ ਦੇਖਿਆ। ਸ਼ਾਇਦ ਇਸੇ ਲਈ ਮੈਨੂੰ ਇਹ ਸੁਪਨਾ ਆਇਆ।” ਜੀਤੀ ਨੇ ਜਵਾਬ ਦਿੱਤਾ।

“ਵਾਹਿਗੁਰੂ... ਵਾਹਿਗੁਰੂ! ਮਿਹਰ ਕਰੀਂ ਰੱਬਾ!” ਬਲਬੀਰ ਕੌਰ ਦੇ ਮੂੰਹੋਂ ਇਸ ਤਰ੍ਹਾਂ ਨਿਕਲਿਆ, ਜਿਵੇਂ ਉਸਦਾ ਸਾਹ ਚੜ੍ਹ ਗਿਆ ਹੋਵੇ, “ਤੇਰੇ ਹੁੰਦੇ ਵੀ ਡਾਕੂ ਆ ਗਏ ਸੀ, ਪੁੱਤ ਤੂੰ ਕਦੇ ਦੱਸਿਆ ਤਾਂ ਹੈ ਨਹੀਂ?”

69/ਰੇਤ ਦੇ ਘਰ