ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਕੀ ਦੱਸਦੀ ਮੰਮੀ। ਸਾਡੇ ਨਾਲ ਤਾਂ ਜੋ ਹੋਈ ਸੋ ਹੋਈ, ਤੁਹਾਨੂੰ ਏਥੇ ਵਾਧੂ ਚਿੰਤਾ ਲੱਗ ਜਾਂਦੀ।”

“ਪਰ ਮੇਰੀ ਬੱਚੀ ਉਦੋਂ ਨਹੀਂ ਸੀ ਦੱਸਿਆ, ਹੁਣ ਆ ਕੇ ਤਾਂ ਦੱਸ ਦਿੰਦੀ। ਮੈਨੂੰ ਦੱਸਦੀ, ਆਪਣੇ ਡੈਡੀ ਨੂੰ ਦੱਸਦੀ, ਕਿਸੇ ਨੂੰ ਤਾਂ ਦੱਸਦੀ। ਐਨਾ ਚਿਰ ਆਈ ਨੂੰ ਹੋ ਗਿਆ ਤੇ ਤੂੰ ਇਹ ਗੱਲ ਦਿਲ ’ਚ ਹੀ ਲਈ ਫਿਰਦੀ ਹੈਂ। ਅਜਿਹੀ ਗੱਲ ਦਿਲ ’ਚ ਨੀ ਰੱਖਣੀ ਚਾਹੀਦੀ। ਇਹੀ ਡਰ ਤੇਰੇ ਮਨ ’ਤੇ ਬੈਠਾ ਹੈ। ਜ਼ਰਾ ਠੀਕ ਹੋ ਕੇ ਬੈਠ, ਮੈਂ ਪਾਠ ਕਰਦੀ ਹਾਂ।”

“ਨਹੀਂ ਮੰਮੀ....ਉਹ ਸਾਰੀ ਗੱਲ ਜੋ ਜਹਾਜ਼ ’ਚ ਵਾਪਰੀ, ਪਹਿਲਾਂ ਉਹ ਸੁਣ, ਸ਼ਾਇਦ ਮੇਰਾ ਮਨ ਹਲਕਾ ਹੋ ਜਾਵੇ।”

“ਠੀਕ ਹੈ, ਗੱਲ ਮਨ ’ਚੋਂ ਕੱਢ ਦੇਣੀ ਚਾਹੀਦੀ ਹੈ ਪਰ ਰੁਕ, ਮੈਂ ਤੇਰੇ ਡੈਡੀ ਨੂੰ ਵੀ ਜਗਾ ਲਵਾਂ।”

“ਨਹੀਂ ਮੰਮੀ....ਡੈਡੀ ਨੂੰ ਪਏ ਰਹਿਣ ਦੇ। ਉਨ੍ਹਾਂ ਦੇ ਸੁਭਾਅ ਨੂੰ ਆਪਾਂ ਜਾਣਦੇ ਹੀ ਹਾਂ। ਸੁਣ ਕੇ ਹੁਣੇ ਭੜ੍ਹਕ ਜਾਣਗੇ।”

“ਠੀਕ ਹੈ ਪਰ ਤੇਰਾ ਡੈਡੀ ਦਿਲ ਦਾ ਨੀ ਮਾੜਾ। ਜਦੋਂ ਤੂੰ ਜਹਾਜ਼ ਵਿੱਚ ਸੀ, ਰੋਜ਼ ਤੈਨੂੰ ਯਾਦ ਕਰਦਾ ਸੀ। ਹਰ ਵਕਤ ਤੇਰਾ ਹੀ ਫ਼ਿਕਰ ਕਰਦਾ ਰਹਿੰਦਾ ਸੀ।”

ਫਿਰ ਦੋਵੇਂ ਮਾਵਾਂ-ਧੀਆਂ ਠੀਕ ਹੋ ਕੇ ਬੈਠ ਗਈਆਂ ਤੇ ਜੀਤੀ ਨੇ ਦੱਸਣਾ ਸ਼ੁਰੂ ਕੀਤਾ।

ਇਹ ਉਸ ਟਾਇਮ ਦੀ ਗੱਲ ਹੈ, ਜਦੋਂ ਮੈਂ ਤੇ ਰਾਜ ਦੋਵੇਂ ਜਹਾਜ਼ ਵਿੱਚ ਸੀ। ਇੱਕ ਦਿਨ ਰਾਜ ਡੈਕ ’ਤੇ ਕੰਮ ਕਰ ਰਿਹਾ ਸੀ। ਮੈਂ ਕੈਬਿਨ ਵਿੱਚ ਪਈ ਆਰਾਮ ਕਰ ਰਹੀ ਸੀ। ਅਚਾਨਕ ਰਾਜ ਭੱਜਿਆ-ਭੱਜਿਆ ਕੈਬਿਨ ਵਿੱਚ ਆਇਆ। ਉਹ ਸਹਿਮਿਆ ਹੋਇਆ ਸੀ ਤੇ ਉਸ ਦੀ ਇੱਕ ਬਾਂਹ ਵਿੱਚੋਂ ਖ਼ੂਨ ਵਹਿ ਰਿਹਾ ਸੀ। ਖ਼ੂਨ ਦੇਖ ਮੇਰੇ ਤਾਂ ਹੋਸ਼ ਉੱਡ ਗਏ। ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਰੋਣਹਾਕੀ ਹੋ ਕੇ ਪੁੱਛਿਆ, “ਆਹ ਕੀ?”

“ਕੁੱਝ ਨੀ....ਚੁੱਪ ਕਰ ਜਾ ਬੱਸ। ਦਰਵਾਜ਼ਾ ਬੰਦ ਕਰ ਲੈ। ਜਹਾਜ਼ 'ਤੇ ਡਾਕੂਆਂ ਦਾ ਹਮਲਾ ਹੋ ਗਿਆ।” ਹਫ਼ਦੇ-ਹਫ਼ਦੇ ਰਾਜ ਨੇ ਮੈਨੂੰ ਦੱਸਿਆ।

“ਹਮਲਾ ਹੋ ਗਿਆ! ਕਾਹਦਾ ਹਮਲਾ ?? ਮੈਂ ਹੋਰ ਡਰ ਗਈ। ਮੈਨੂੰ ਕੁੱਝ ਸੁੱਝੇ ਹੀ ਨਾ। ਸਭ ਅਕਲ ਸਿਆਣਪ ਪਤਾ ਨੀ ਕਿੱਧਰ ਗੁੰਮ ਹੋਗੀ। ਫਿਰ ਕੁੱਝ ਹੋਸ਼ ਆਈ। ਰਾਜ ਅਜੇ ਵੀ ਬਾਂਹ ਫੜੀ ਖੜ੍ਹਾ ਸੀ। ਮੈਂ ਪਹਿਲਾਂ ਦਰਵਾਜ਼ਾ ਬੰਦ ਕੀਤਾ। ਫਿਰ ਝੱਟ ਹੀ ਚੁੰਨੀ ਪਾੜ ਕੇ ਰਾਜ ਦੀ ਬਾਂਹ ਦੁਆਲੇ ਲਪੇਟਣੀ ਸ਼ੁਰੂ ਕੀਤੀ। ਨਾਲੇ ਚੁੰਨੀ ਲਪੇਟੀ ਜਾਵਾਂ, ਨਾਲੇ ਰੋਈ ਜਾਵਾਂ। ਜ਼ਖ਼ਮੀ ਰਾਜ ਨੂੰ ਹੋਂਸਲਾ ਦੇਣ ਦੀ ਬਜਾਏ, ਉਸ ਨੂੰ ਤਾਅਨੇ-ਮਿਹਣੇ ਦੇਣ ਲੱਗ ਪਈ।

70/ਰੇਤ ਦੇ ਘਰ