ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਹੋਰ ਮਾਂ, ਸੱਚੀਂ ਉਹ ਤਾਂ ਕੋਈ ਘੜੀ ਹੀ ਮਾੜੀ ਸੀ। ਰਾਜ ਪੂਰੀ ਤਲਖ਼ੀ ਵਿੱਚ ਆ ਗਿਆ, “ਕਹਿੰਦਾ ਤੂੰ ਮੈਨੂੰ ਚੰਗੇ-ਭਲੇ ਨੂੰ ਹੀ ਮਾਰੀ ਜਾਨੀ ਐਂ। ਸਮੁੰਦਰਾਂ ’ਚ ਰੋਜ਼ ਕਿਧਰੇ ਨਾ ਕਿਧਰੇ ਐਕਸੀਡੈਂਟ ਹੁੰਦੇ ਨੇ, ਡਾਕੇ ਵੀ ਪੈਂਦੇ ਰਹਿੰਦੇ ਨੇ, ਜਹਾਜ਼ ਵੀ ਡੁਬਦੇ ਨੇ, ਕਦੇ ਮੌਤ ਵੀ ਹੋ ਜਾਂਦੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਕੀ ਪੰਜਾਬ ’ਚ ਐਕਸੀਡੈਂਟ ਨੀ ਹੁੰਦੇ? ਚੋਰੀਆਂ ਡਾਕੇ ਨੀ ਪੈਂਦੇ? ਲੋਕ ਨੀ ਮਰਦੇ? ਇਹ ਦੁਨੀਆਂ ਐਵੇਂ ਹੀ ਚੱਲੀ ਜਾਂਦੀ ਐ, ਚੱਲੀ ਜਾਣ ਦੇ।”

ਪਰ ਮੈਂ ਵੀ ਕਿੱਥੇ ਚੁੱਪ ਹੋਣਾ ਸੀ। ਫੇਰ ਗੁੱਸਾ ਚੜ੍ਹ ਗਿਆ। ਪਤਾ ਨੀ ਉਸ ਦਿਨ ਮੈਨੂੰ ਕੀ ਹੋ ਗਿਆ ਕਿ ਹੋਰ ਬਹਿਸਣ ਲੱਗੀ, “ਮੈਨੂੰ ਪਤੈ ਹਰ ਥਾਂ ਲੋਕ ਮਰਦੇ ਨੇ ਪਰ ਅਸੀਂ ਏਥੇ ਇਸ ਹਾਲਾਤ ਵਿੱਚ ਕਿਉਂ ਮਰੀਏ। ਸਾਡੇ ਮਾਪੇ ਐਨੇ ਗਏ-ਗੁਜ਼ਰੇ ਤਾਂ ਨਹੀਂ ਕਿ ਸਾਨੂੰ ਕੱਫਣ ਵੀ ਨਾ ਜੁੜੂ।”

“ਸ਼ਟ-ਅੱਪ ਯਾਰ, ਜੋ ਮੂੰਹ ਆਇਆ ਬੇ-ਅਕਲਾਂ ਦੀ ਤਰ੍ਹਾਂ ਬਕੀ ਜਾਂਦੀ ਐਂ। ਹੋਰ ਕਿਸੇ ਦਾ ਫ਼ਿਕਰ ਈ ਨੀ।” ਰਾਜ ਜ਼ੋਰ-ਜ਼ੋਰ ਦੀ ਚਿੱਲਾਉਣ ਲੱਗਾ ਤੇ ਉਸ ਦੀਆਂ ਅੱਖਾਂ ਵਿੱਚ ਲਾਲੀ ਆ ਗਈ।

ਫੇਰ ਮੈਂ ਚੁੱਪ ਕਰ ਗਈ ਤੇ ਉਸ ਦੀ ਛਾਤੀ ’ਤੇ ਸਿਰ ਰੱਖ ਕੇ ਡੁਸਕਣ ਲੱਗ ਗਈ, ਹੋਰ ਕੀ ਕਰਦੀ। ਐਨੇ ਨੂੰ ਕੈਬਿਨ ਦੇ ਦਰਵਾਜ਼ੇ ’ਤੇ ਐਨਾ ਜ਼ੋਰ ਦੀ ਧੱਕਾ ਵੱਜਾ ਕਿ ਉੱਚੀ ਖੜਾਕ ਹੋਇਆ। ਦਰਵਾਜ਼ੇ ਦਾ ਪੱਲਾ ਠਾਹ ਕਰਕੇ ਖੁੱਲ੍ਹ ਗਿਆ। ਬਾਹਰ ਕਈ ਡਾਕੂ ਖੜ੍ਹੇ ਸਨ। ਵੇਖ ਕੇ ਮੇਰੀ ਚੀਕ ਨਿਕਲ ਗਈ। ਰਾਜ ਤਾਂ ਪਹਿਲਾਂ ਹੀ ਜ਼ਖ਼ਮੀ ਸੀ। ਦੋ ਜਣਿਆਂ ਨੇ ਤੁਰੰਤ ਕਾਬੂ ਕਰ ਲਿਆ। ਘੜੀਸ ਕੇ ਬਾਹਰ ਲੈ ਗਏ। ਮੈਂ ਨਾਲ ਜਾਣ ਲਈ ਤੜਫ਼ੀ। ਉੱਚੀ-ਉੱਚੀ ਰੋਣ ਲੱਗੀ। ਚੀਕਾਂ ਮਾਰੀਆਂ ਪਰ ਡਾਕੂਆਂ ਇੱਕ ਨਾ ਸੁਣੀ ਤੇ ਮੈਨੂੰ ਉੱਥੇ ਹੀ ਰੋਕ ਲਿਆ। ਰਾਜ ਨੇ ਵੀ ਬਹੁਤ ਜਾਨ ਤੁੜਾਈ। ਬਹੁਤ ਰੌਲਾ ਪਾਇਆ ਪਰ ਉਹ ਉਸਨੂੰ ਖਿੱਚ ਕੇ ਲੈ ਗਏ।

“ਫਿਰ ਇੱਕ ਡਾਕੁ ਨੇ ਮੇਰੇ ’ਤੇ ਗੰਨ ਤਾਣ ਲਈ ਤੇ ਚਿੱਲਾਇਆ, ‘ਸਭ ਸੋਨਾ ਤੇ ਡਾਲਰ ਬਾਹਰ ਕੱਢੋ।’ ਸਾਹਮਣੇ ਖੜ੍ਹੇ ਭੱਦੀ ਜੀ ਸ਼ਕਲ ਵਾਲੇ ਖ਼ੌਫ਼ਨਾਕ ਡਾਕੂ ਦੇ ਇਹ ਸ਼ਬਦ ਸੁਣ ਕੇ ਮੈਂ ਕੰਬਣ ਲੱਗ ਪਈ। ਪਸੀਨੋ-ਪਸੀਨਾ ਹੋ ਗਈ। ਮੇਰੇ ਦੋਵੇਂ ਹੱਥ ਕਦੋਂ ਉਸ ਸਾਹਮਣੇ ਜੁੜ ਗਏ, ਮੈਨੂੰ ਕੁੱਝ ਯਾਦ ਨੀ। ਮੈਂ ਉਸ ਤੋਂ ਕੋਈ ਭੀਖ ਮੰਗ ਰਹੀ ਸੀ, ਕਾਹਦੀ? ਆਪਣੀ, ਆਪਣੇ ਸੋਨੇ ਦੀ, ਰਾਜ ਦੀ ਜਾਂ ਕਿਸੇ ਹੋਰ ਗੱਲ ਦੀ, ਕੁੱਝ ਪਤਾ ਨੀ। ਸ਼ਾਇਦ ਡਰ ਦੀ ਮਾਰੀ ਦੇ ਹੀ ਹੱਥ ਜੁੜ ਗਏ ਸੀ। ਮੈਂ ਆਪਣੀ ਹੋਸ਼ ਖੋ ਬੈਠੀ ਸੀ”।

“ਵਾਹਿਗੁਰੂ... ਵਾਹਿਗੁਰੂ। ਧੀਏ ਐਨਾ ਕੁੱਝ ਹੋ ਗਿਆ ਤੇ ਤੂੰ ਅੱਜ ਤੱਕ ਕੁੱਝ ਨੀ ਦੱਸਿਆ। ਐਡੀ ਵੱਡੀ ਗੱਲ ਢਿੱਡ ਵਿੱਚ ਲਈ ਬੈਠੀ ਹੈਂ। ਤੇਰੀਆਂ

73/ਰੇਤ ਦੇ ਘਰ