ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲਾਂ ਸੁਣ-ਸੁਣ, ਡਰ ਤਾਂ ਮੈਨੂੰ ਲੱਗੀ ਜਾਂਦੈ, ਤੂੰ ਤਾਂ ਡਰਨਾ ਹੀ ਸੀ। ਤੂੰ ਕਿਸੇ ਨਾਲ ਤਾਂ ਗੱਲ ਕਰਦੀ। ਐਸੀ ਗੱਲ ਤੇਰੇ ਡੈਡੀ ਨੂੰ ਜ਼ਰੂਰ ਦੱਸਣੀ ਬਣਦੀ ਸੀ।”

“ਬੱਸ ਮੰਮੀ, ਫਿਰ ਮੈਂ ਡਰਦੀ ਨੇ ਆਪਣਾ ਸਾਰਾ ਸੋਨਾ, ਕੈਸ਼, ਕੈਬਿਨ ਵਿੱਚ ਪਿਆ ਹੋਰ ਕੀਮਤੀ ਸਾਮਾਨ, ਸਭ ਕੁੱਝ ਉਨ੍ਹਾਂ ਡਾਕੂਆਂ ਨੂੰ ਫੜਾ ’ਤਾ। ਫੇਰ ਉਹ ਮੈਨੂੰ ਵੀ ਖਿੱਚ ਕੇ ਕੈਬਿਨ ’ਚੋਂ ਬਾਹਰ ਲੈ ਗਏ ਤੇ ਜਹਾਜ਼ ਦੀ ਮੈਸ, ਜਿੱਥੇ ਰੋਟੀ ਖਾਂਦੇ ਹੁੰਦੇ ਸੀ, ਵਿੱਚ ਲਿਜਾ ਸੁੱਟਿਆ। ਕੁੱਝ ਬੰਦੇ ਪਹਿਲਾਂ ਉੱਥੇ ਸੀ, ਜੋ ਜਹਾਜ਼ ਦੇ ਸਟਾਫ਼ ਦੇ ਬੰਦੇ ਸੀ। ਜਹਾਜ਼ ਦੇ ਸਟਾਫ਼ ਨੂੰ ਦੇਖ ਕੇ, ਉਨ੍ਹਾਂ ਕੋਲ ਆ ਕੇ ਮੇਰੀ ਜਾਨ ਵਿੱਚ ਜਾਨ ਆਈ। ਕੁੱਝ ਕੁ ਸੁਰਤ ਸੰਭਲੀ।

ਫੇਰ ਮੈਂ ਦੇਖਿਆ, ਇੱਕ ਕੋਨੇ ’ਚ ਰਾਜ ਆਪਣਾ ਸਿਰ ਗੋਡਿਆਂ ਵਿੱਚ ਦੇਈ ਬੈਠਾ ਸੀ। ਮੈਂ ਭੱਜ ਕੇ ਜਾ ਉਸ ਨੂੰ ਚਿੰਬੜ ਗਈ ਤੇ ਉੱਚੀ-ਉੱਚੀ ਰੋਣ ਲੱਗੀ। ਮੈਨੂੰ ਦੇਖਦੇ ਹੀ ਜਿਵੇਂ ਉਸ ਵਿੱਚ ਜਾਨ ਆ ਗਈ। ਉਸ ਦੀ ਧਾਅ ਨਿਕਲ ਗਈ ਤੇ ਕਾਫ਼ੀ ਦੇਰ ਇੱਕ-ਦੂਜੇ ਦੇ ਗਲ ਨੂੰ ਚਿੰਬੜੇ ਅਸੀਂ ਰੋਂਦੇ ਰਹੇ।”

74/ਰੇਤ ਦੇ ਘਰ