ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰ ਕਿ ਸਰਾਪ

ਮੈਂ ਕਲੱਬ ਬਾਰ ਦੇ ਦਰਵਾਜ਼ੇ ਵੱਲ ਵਧਿਆ। ਇੱਕ ਵਰਦੀਧਾਰੀ ਨੌਜਵਾਨ ਨੇ ਸਲੂਟ ਮਾਰ ਕੇ ਦਰਵਾਜ਼ਾ ਖੋਲ੍ਹਿਆ। ਅੰਦਰੋਂ ਸਿਗਰਟਾਂ ਦੇ ਧੂੰਏਂ ਦੀ ਹਵਾੜ੍ਹ ਨੇ ਮੇਰਾ ਸਵਾਗਤ ਕੀਤਾ। ਬਿਨਾਂ ਝਿਜਕ ਮੈਂ ਦਾਖ਼ਲ ਹੋ ਗਿਆ। ਅੰਦਰ ਰੌਣਕ ਸੀ।

ਹੌਲੀ-ਹੌਲੀ ਮੈਂ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੇ ਸ਼ਰਾਬ ਦੇ ਕਾਊਂਟਰ ਵੱਲ ਵਧਣ ਲੱਗਾ। ਮੇਰੀ ਨਜ਼ਰ ਚਾਰ-ਚੁਫ਼ੇਰੇ ਰਡਾਰ ਦੀ ਤਰ੍ਹਾਂ ਘੁੰਮ ਰਹੀ ਸੀ। ਵਧ-ਘਟ ਰਹੀ ਇਸ ਰੌਸ਼ਨੀ ’ਚ, ਮੇਰੀਆਂ ਨਜ਼ਰਾਂ ਪੂਰੀ ਵਾਹ ਲਾ ਰਹੀਆਂ ਸਨ। ਉਹ ਥੋੜ੍ਹਾ ਮਧਰਾ ਕੱਦ, ਚੁਸਤ ਗੁੰਦਵਾਂ ਸਰੀਰ, ਗੋਰਾ ਰੰਗ, ਤਿੱਖੇ ਨੈਣ-ਨਕਸ਼, ਗੋਲ ਜਿਹੇ ਹਸੂੰ-ਹਸੂੰ ਕਰਦੇ ਚਿਹਰੇ ਨੂੰ ਤਲਾਸ਼ ਰਹੀਆਂ ਸਨ। ਅਜੇ ਤੱਕ ਉਹ ਪਿਆਰਾ ਤੇ ਸੁੰਦਰ ਚਿਹਰਾ ਵਿਖਾਈ ਨਹੀਂ ਸੀ ਦਿੱਤਾ।

ਮੁਸਕਰਾਹਟਾਂ ਬਖੇਰਦੀ, ਚੁਸਤ ਚਾਲ ਚਲਦੀ, ਬਾਰ-ਟੇਬਲਾਂ ਉੱਪਰ ਸ਼ਰਾਬ ਤੇ ਹੋਰ ਸਨੈਕਸ ਵਰਤਾਉਂਦੀ, ਏਧਰ-ਓਧਰ ਘੁੰਮਦੀ, ਉਹ ਬੜੀ ਪਿਆਰੀ ਲੱਗਦੀ। ਝੂੰਮ-ਝੂੰਮ ਕੇ ਤੁਰਦੀ ਜਦ ਮੇਰੇ ਟੇਬਲ ’ਤੇ ਆਉਂਦੀ ਤਾਂ ਵੱਧ ਸਮਾਂ ਰੁਕਦੀ। ਕਿੰਨਾ-ਕਿੰਨਾ ਚਿਰ ਗੱਲਾਂ ਮਾਰਦੀ ਰਹਿੰਦੀ। ਕਈ ਵਾਰ ਗੱਲਾਂ ਦੇ ਨਾਲ-ਨਾਲ ਕੋਈ ਪਿਆਰੀ ਸ਼ਰਾਰਤ ਵੀ ਕਰਦੀ। ਮੇਰੇ ਅੰਦਰ ਖ਼ੁਸ਼ੀ ਤੇ ਮਸਤੀ ਦੇ ਸਾਜ਼ ਆਪ-ਮੁਹਾਰੇ ਵੱਜਣ ਲੱਗਦੇ। ਕੋਲ ਬੈਠਦੀ ਨਹੀਂ ਸੀ ਕਿਉਂਕਿ ਉਹ ਬੈਠ ਨਹੀਂ ਸੀ ਸਕਦੀ। ਹਾਂ, ਡਾਂਸ ਕਰਨ ਲਈ ਉਕਸਾਉਂਦੀ ਰਹਿੰਦੀ। ਬਾਰ ਗੈਸਟਾਂ ਨਾਲ ਡਾਂਸ ਕਰਨ ਦੀ ਉਨ੍ਹਾਂ ਨੂੰ ਪੂਰੀ ਖੁੱਲ੍ਹ ਸੀ। ਇਹ ਸਭ ਬਿਜ਼ਨਿਸ ਦੇ ਢੰਗ-ਤਰੀਕੇ ਹਨ।

ਬੜੇ ਹੀ ਸਲੀਕੇ ਤੇ ਪ੍ਰੇਮ ਭਰੇ ਅੰਦਾਜ਼ ਨਾਲ ਮਨ ਨੂੰ ਮੋਹ ਲੈਣ ਵਾਲੀ ਉਸ ਕੁੜੀ ’ਤੇ ਮੈਂ ਕੁੱਝ ਜ਼ਿਆਦਾ ਹੀ ਮੋਹਿਤ ਸੀ। ਉਸ ਨੂੰ ਦੇਖਣ ਲਈ ਮਨ ਬੇਚੈਨ ਸੀ ਪਰ ਉਹ ਤਾਂ ਅੱਜ ਨਜ਼ਰ ਹੀ ਨਹੀਂ ਸੀ ਪੈ ਰਹੀ। ਮਨ ਉਦਾਸ ਹੋ ਗਿਆ, ਚਲੋ ਵਾਪਸ ਚਲਦੇ ਹਾਂ। ਫਿਰ ਸੋਚਿਆ, ਸ਼ਾਇਦ ਏਥੇ ਹੀ ਕਿਤੇ ਹੋਵੇ ਤੇ ਜਲਦੀ ਆ ਜਾਵੇ। ਮੈਂ ਪੈੱਗ ਲਿਆ ਤੇ ਇੱਕ ਖਾਲੀ ਟੇਬਲ ’ਤੇ ਜਾ ਬੈਠਾ।

ਹੋਰ ਟੇਬਲਾਂ ’ਤੇ ਬੈਠੇ ਲੋਕ ਸ਼ਰਾਬ ਦੀਆਂ ਚੁਸਕੀਆਂ ਲੈ ਰਹੇ ਸਨ। ਬਾਰ-ਗਰਲਜ਼ ਏਧਰ-ਓਧਰ ਘੁੰਮ ਰਹੀਆਂ ਸਨ। ਹਲਕਾ ਮਿਊਜ਼ਿਕ ਮਾਹੌਲ ਨੂੰ

75/ਰੇਤ ਦੇ ਘਰ