ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਹੱਥ ਮਿਲਾਉਣ ਦੀ ਕੋਈ ਕੋਸ਼ਿਸ਼ ਕੀਤੀ। ਇੱਕ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਕਿਹਾ, “ਆ ਜਾ, ਬਹਿ ਜਾ, ਸੁਣਾ ਕੋਈ ਗੱਲਬਾਤ। ਜਦੋਂ ਤੂੰ ਬਾਰ ’ਚ ਦਾਖ਼ਲ ਹੋਇਆ, ਮੈਂ ਵੇਖ ਲਿਆ ਸੀ ਕਿ ਬੰਦਾ ਪੰਜਾਬੀ ਹੈ।”

ਬੈਠਣ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਬੁਲਾਈ। ਮਿਲਾਉਣ ਲਈ ਹੱਥ ਵੀ ਅੱਗੇ ਵਧਾਇਆ। ਉਸ ਨੇ ਬੈਠੇ-ਬੈਠੇ ਹੀ ਰਸਮੀ ਜਿਹਾ ਹੱਥ ਮਿਲਾ ਤਾਂ ਲਿਆ ਪਰ ਉਸ ਵਿੱਚ ਪੰਜਾਬੀਆਂ ਵਾਲੀ ਗਰਮ-ਜੋਸ਼ੀ ਨਹੀਂ ਸੀ। ਮੈਨੂੰ ਧੱਕਾ ਜਿਹਾ ਲੱਗਾ। ਫਿਰ ਮੈਂ ਕੁਰਸੀ ’ਤੇ ਬੈਠ ਗਿਆ ਤੇ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ, “ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਹੈ, ਤੁਸੀਂ ਏਥੇ ਕਿਵੇਂ?”

ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਚੁੱਪ-ਚਾਪ ਬੈਠਾ ਮੇਰੇ ਵੱਲ ਵੇਖਦਾ ਰਿਹਾ। ਮੈਨੂੰ ਅਜੀਬ ਜਿਹਾ ਲੱਗਾ। ਜਵਾਬ ਦੇਣ ਦੀ ਬਜਾਏ ਹੌਲੀ ਜਿਹੀ ਬੋਲ ਕੇ ਕਹਿੰਦਾ, “ਜਹਾਜ਼ੀ ਲੱਗਦੈਂ, ਪਹਿਲਾਂ ਤਾਂ ਕਦੇ ਦੇਖਿਆ ਨੀ?”

ਉਸ ਦੀ ਇਹ ਗੱਲ ਮੈਨੂੰ ਚੁਭੀ। ਪਹਿਲੀ ਸੱਟੇ ਹੀ ‘ਪੰਜਾਬੀ ਭਰਾ ਮਿਲ ਗਿਆ’ ਵਾਲਾ ਚਾਅ ਢੈਲਾ ਪੈ ਗਿਆ। ਉਸਦਾ ਗੱਲ ਕਰਨ ਦਾ ਵਿਵਹਾਰ ਵਧੀਆ ਨਾ ਲੱਗਾ। ਉਹ ਕੋਈ ਵੱਡੀ ਉਮਰ ਦਾ ਨਹੀਂ ਸੀ ਕਿ ਇਸ ਤਰ੍ਹਾਂ ਗੱਲ ਕਰਦਾ।

ਬੁਝੇ ਜਿਹੇ ਮਨ ਨਾਲ ਮੈਂ ਦੱਸਿਆ, “ਹਾਂ ਵੀਰ ਜਹਾਜ਼ੀ ਹਾਂ, ਜਹਾਜ਼ ਵਿੱਚ ਨੌਕਰੀ ਕਰਦਾਂ। ਅੱਜ ਹੀ ਮੇਰਾ ਜਹਾਜ਼ ਇਸ ਬੰਦਰਗਾਹ ’ਤੇ ਆਇਐ।”

ਉਹ ਕੁੱਝ ਸੋਚਣ ਲੱਗਾ। ਦੋ ਘੁੱਟ ਦਾਰੂ ਦੇ ਭਰੇ ਪਰ ਬੋਲਿਆ ਕੁੱਝ ਨਾ, ਚੁੱਪ ਰਿਹਾ। ਮੈਂ ਗੱਲ ਨੂੰ ਹੋਰ ਅੱਗੇ ਤੋਰਦੇ ਫੇਰ ਪੁੱਛਿਆ, “ਵੀਰ ਜੀ ਤੁਸੀਂ ਏਥੇ ਕਿਵੇਂ, ਕਿੰਨਾ ਕੁ ਚਿਰ ਹੋ ਗਿਆ ਏਥੇ ਆਇਆਂ ਨੂੰ?”

ਕੋਈ ਜਵਾਬ ਨਹੀਂ, ਉਲਟਾ ਮੈਨੂੰ ਹੀ ਫਿਰ ਸਵਾਲ ਕਰ ਦਿੱਤਾ, “ਤੈਨੂੰ ਕਿੰਨਾ ਕੁ ਚਿਰ ਹੋ ਗਿਆ ਜਹਾਜ਼ ਚੜ੍ਹੇ ਨੂੰ? ਪੰਜਾਬ ਤੋਂ ਕਦੋਂ ਆਇਆਂ? ਪੰਜਾਬ ਦਾ ਕੀ ਹਾਲ-ਚਾਲ ਹੈ?”

ਬੜਾ ਅਜੀਬ ਲੱਗਿਆ। ‘ਕਿੱਦਾਂ ਦਾ ਬੰਦਾ ਹੈ ਯਾਰ।’

ਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀ। ਜਲਦੀ ਮੈਂ ਕੁੱਝ ਬੋਲਾਂ ਤੇ ਉਸ ਦੇ ਸਵਾਲ ਦਾ ਜਵਾਬ ਦੇਵਾਂ। ਮੈਨੂੰ ਖੁੰਧਕ ਜਿਹੀ ਹੋਈ ਤੇ ਮੈਂ ਬੋਲਣਾ ਸ਼ੁਰੂ ਕੀਤਾ, “ਪੰਜਾਬ ਠੀਕ ਹੈ, ਰੰਗੀਂ ਵੱਸਦੈ, ਢੋਲੇ ਦੀਆਂ ਲਾਉਂਦੇ ਨੇ ਲੋਕ। ਜੱਟਾਂ ਦੇ ਮੁੰਡੇ ਜੀਅ ਕਰੇ ਮੋਟਰਸਾਈਕਲ ’ਤੇ ਖੇਤ ਗੇੜਾ-ਗੂੜਾ ਮਾਰ ਆਉਂਦੇ ਆ, ਨਹੀਂ ਤਾਂ ਖ਼ੈਰ ਸੱਲਾ। ਫਿਰ ਸ਼ਾਮ ਨੂੰ ਪੈੱਗ-ਪੁੱਗ ਚਲਦੈ। ਕਈਆਂ ਨੇ ਲੰਡੀਆਂ ਜੀਪਾਂ ਤੇ ਕਈਆਂ ਨੇ ਮਹਿੰਗੀਆਂ ਕਾਰਾਂ ਵੀ ਰੱਖੀਆਂ ਹੋਈਆਂ ਨੇ।

77/ਰੇਤ ਦੇ ਘਰ