ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਹਾਲ ਨੇ ਸਾਡੇ ਲੋਕਾਂ ਦੇ।

ਮੈਨੂੰ ਉਸ ਨਾਲ ਥੋੜ੍ਹੀ ਹਮਦਰਦੀ ਤਾਂ ਹੋਣ ਲੱਗੀ। ਫਿਰ ਵੀ ਉਹਦੇ ਕੋਲ ਬੈਠਣਾ ਚੰਗਾ ਨਹੀਂ ਸੀ ਲੱਗ ਰਿਹਾ। ਕਦੇ ਉਸ ’ਤੇ ਗੁੱਸਾ ਆਉਂਦਾ ਤੇ ਕਦੇ ਤਰਸ, ‘ਚਲੋ ਜੋ ਵੀ ਹੈ ਉਹ ਤੂੰ ਜਾਣੇ ਤੇ ਤੇਰੇ ਏਜੰਟ ਪਰ ਯਾਰ ਪੰਜਾਬੀ ਬੰਦੇ ਆਮ ਤੌਰ ’ਤੇ ਤਾਂ ਇਸ ਤਰ੍ਹਾਂ ਦੇ ਨਹੀਂ ਹੁੰਦੇ। ਨਾਲੇ ਫੇਰ ਪੈੱਗ ਲਾ ਕੇ ਤਾਂ ਭਾਵੇਂ ਪਲ ਦੀ ਪਲ ਹੀ ਸਹੀ, ਸਭ ਕੁੱਝ ਊਂਈਂ ਹਵਾ ’ਚ ਉਡਾ ਦਿੰਦੇ ਨੇ। ਪੂਰੀ ਬੜ੍ਹਕ ਮਾਰਦੇ ਨੇ। ਬਾਅਦ ’ਚ ਸਵੇਰੇ ਭਾਵੇਂ ਸਿਰ ਫੜ ਕੇ ਜੋ ਮਰਜ਼ੀ ਸੋਚੀ ਜਾਣ। ਇਹ ਕਿਸ ਬੋਰ ਆਦਮੀ ਨਾਲ ਪਾਲਾ ਪੈ ਗਿਆ।’

ਸੋਚਿਆ ਸੀ ਪੰਜਾਬੀ ਭਰਾ ਮਿਲ ਗਿਆ, ਵਧੀਆ ਟਾਇਮ ਪਾਸ ਹੋਜੂ। ਇਸ ਨੂੰ ਸ਼ਹਿਰ ਦਾ ਵੱਧ ਪਤਾ ਹੋਣੈ। ਕਿਸੇ ਹੋਰ ਵਧੀਆ ਕਲੱਬ ਜਾਂ ਅੱਡੇ ਬਾਰੇ ਗੱਲਬਾਤ ਦੱਸੇਗਾ, ਜਿੱਥੇ ਰਾਤ ਸੋਹਣੀ ਲੰਘ ਜਾਵੇ। ਪੰਜਾਬੀ ਬੰਦੇ ਤਾਂ ਆਪ ਹੀ ਕੁੜੀਆਂ ਤੇ ਕਲੱਬਾਂ ਦੀਆਂ ਗੱਲਾਂ ਛੇੜ ਲੈਂਦੇ ਨੇ, ‘ਆਹ ਕਲੱਬ ਤਾਂ ਯਾਰ ਟਾਇਮ ਪਾਸ ਹੀ ਹੈ, ਫਲਾਣਾਂ ਕਲੱਬ ਬਹੁਤ ਸਿਰੇ ਆ। ਤੂੰ ਏਥੇ ਨਵਾਂ ਆਇਐਂ, ਚੱਲ ਤੈਨੂੰ ਵਧੀਆ ਨਵੇਂ ਚੂਚੇ ਦਿਖਾ ਕੇ ਲਿਆਈਏ। ਤੂੰ ਵੀ ਕੀ ਯਾਦ ਕਰੇਂਗਾ ਕੋਈ ਪੰਜਾਬੀ ਭਰਾ ਮਿਲਿਆ ਸੀ।’ ਵਗੈਰਾ ਵਗੈਰਾ। ਦਾਰੂ ਤਾਂ ਸਾਲੀ ਹੈ ਈ ਏਨ੍ਹਾਂ ਕੰਮਾਂ ਨੂੰ। ਹੋਰ ਇਹ ਪੀ ਕੇ ਕੀ ਮੱਲ ਢਾਹੁਣੇ ਨੇ। ’ਕੱਲਾ ਬੰਦਾ ਪ੍ਰਦੇਸ਼ਾਂ ’ਚ ਬੈਠਾ ਕਰੇ ਵੀ ਕੀ। ਬਿੰਦ ਦੀ ਬਿੰਦ ਦਾ ਮਨ ਪਰਚਾਵਾ ਹੈ ਇਹ ਤਾਂ। ਫੇਰ ਉਹੀ ਫ਼ਿਕਰ, ਉਹੀ ਝੋਰੇ। ਆਖ਼ਰ ਤਾਂ ਸਿਰ ਨੇ ਪੰਜਾਲੀ ਵਿੱਚ ਹੀ ਰਹਿਣੈ।

ਕਿੱਥੇ ਇਹ ਬੰਦਾ, ਬੱਸ ਪੰਜਾਬ-ਪੰਜਾਬ ਹੀ ਕਰੀ ਜਾਂਦੈ, ਦੱਸ ਤੂੰ ਹੁਣ ਪੰਜਾਬ ਤੋਂ ਕੜ੍ਹੀ ਲੈਣੀ ਐ। ਨੌਕਰੀ ਉਥੇ ਨਾ ਤੈਨੂੰ ਮਿਲੀ ਨਾ ਮੈਨੂੰ। ਮੈਂ ਕਈ-ਕਈ ਮਹੀਨੇ ਸਮੁੰਦਰ ’ਚ ਘੁੰਮੀ ਜਾਨਾਂ। ਤੂੰ ਏਥੇ ਮੈਕਸੀਕੋ ਬੈਠਾ ਧੱਕੇ ਖਾ ਰਿਹੈਂ। ਜਿੱਥੇ ਪੰਜਾਬ ਨੂੰ ਛੱਡ ਕੇ ਆਇਆ ਸੀ, ਉੱਥੇ ਹੀ ਖੜੈ, ਉਹਨੂੰ ਕੋਈ ਪੁੱਟ ਕੇ ਤਾਂ ਕਿਧਰੇ ਲੈ ਕੇ ਜਾਣੋ ਰਿਹਾ। ਬਾਕੀ ਗੱਲ ਲੁੱਟਣ ਦੀ ਐ, ਜੀਹਦਾ ਵੀ ਦਾਅ ਲੱਗ ਜਾਂਦੈ, ਲੁੱਟੀ ਜਾਂਦੈ। ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ। ਕੋਈ ਘੱਟ ਨੀ, ਇੱਕ ਤੋਂ ਇੱਕ ਵਧ ਕੇ ਨੇ। ਰੱਜ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ। ਲੋਕ ਬਣਦੇ ਨੇ।’

‘ਵੋਟਾਂ ਵੇਲੇ ਮੁਫ਼ਤ ਦੀ ਦਾਰੂ ਪੀ-ਪੀ ਲੋਕ ਚੌੜੇ ਹੋ-ਹੋ ਤੁਰਦੇ ਨੇ। ਮੁਫ਼ਤ ਦੇ ਰਾਸ਼ਨ ਤੇ ਹੋਰ ਛੋਟੇ-ਮੋਟੇ ਲਾਲਚ ਲੈ ਕੇ ਪਸ਼ਤੋ ਬੋਲਦੇ ਨੇ। ਜਿਵੇਂ ਸਾਰੀ ਅਕਲ ਇਨ੍ਹਾਂ ਕੋਲ ਹੀ ਹੋਵੇ ਤੇ ਲੀਡਰ ਬੁੱਧੂ। ਪਤਾ ਬਾਅਦ 'ਚ ਲੱਗਦੈ, ਜਦ ਲੀਡਰ ਪੰਜ ਸਾਲ ਲਈ ਬੁੱਧੂ ਬਣਾ ਕੇ ਔਹ ਗਏ ਔਹ ਗਏ। ਇਹ ਹੈ ਪੰਜਾਬ ਦਾ ਹਾਲ। ਦੱਸ ਤੂੰ ਤੇ ਮੈਂ ਏਥੇ ਬੈਠੇ ਕਿਸੇ ਦਾ ਕੀ ਕਰ ਲਵਾਂਗੇ।

80/ਰੇਤ ਦੇ ਘਰ