ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਦਿੱਤੀ, ਸ਼ਾਇਦ ਅੱਜ ਆਈ ਨੀ ਹੋਣੀ। ਇਸੇ ਲਈ ਮੈਂ ਵਾਪਸ ਜਾ ਰਿਹਾ ਸੀ ਕਿ ਤੁਸੀਂ ਆਵਾਜ਼ ਮਾਰ ਲਈ।”

ਚੈਰੀ ਦਾ ਨਾਮ ਸੁਣ ਕੇ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ। ਉਸਦਾ ਚਿਹਰਾ ਸਖ਼ਤ ਹੋਣ ਲੱਗਾ। ਕੁੱਝ ਚਿਰ ਇੰਝ ਹੀ ਵੇਖਦਾ ਰਿਹਾ ਪਰ ਬੋਲਿਆ ਕੁੱਝ ਨਾ। ਮੈਨੂੰ ਹੋਰ ਵੀ ਬੁਰਾ ਲੱਗਣ ਲੱਗਾ। ਫਿਰ ਉਸਨੇ ਆਪਣਾ ਗਿਲਾਸ ਚੁੱਕਿਆ ਤੇ ਖਾਲੀ ਕਰਕੇ ਮੈਨੂੰ ਕਹਿੰਦਾ, “ਚੱਲ ਚੱਲੀਏ।”

ਮੈਂ ਵੀ ਬੈਠਣਾ ਨਹੀਂ ਸੀ ਚਾਹੁੰਦਾ। ਮੈਂ ਤਾਂ ਪਹਿਲਾਂ ਹੀ ਬੋਰ ਹੋ ਰਿਹਾ ਸੀ। ਮੈਂ ਵੀ ਗਿਲਾਸ ਖਾਲੀ ਕੀਤਾ ਤੇ ਅਸੀਂ ਕਲੱਬ ਤੋਂ ਬਾਹਰ ਆ ਗਏ।

“ਚੰਗਾ ਫਿਰ।” ਉਸਨੇ ਐਨਾ ਹੀ ਕਿਹਾ ਤੇ ਪਰ੍ਹਾਂ ਨੂੰ ਤੁਰ ਪਿਆ।

“ਓ ਕੇ ਭਾਅ ਜੀ, ਗੁੱਡ-ਨਾਈਟ, ਘਰ ਨੂੰ ਚੱਲੇ।” ਮੈਂ ਉਸ ਦੇ ਵਤੀਰੇ ਨੂੰ ਭੁੱਲ ਕੇ ਫਿਰ ਵੀ ਆਪਣੇ ਵੱਲੋਂ ਅਪਣੱਤ ਹੀ ਵਿਖਾਉਣਾ ਚਾਹੁੰਦਾ ਸੀ।

“ਪਤਾ ਨੀ, ਦੇਖਦਾ ਹਾਂ ਕਿੱਧਰ ਜਾਵਾਂ?”

‘ਚੱਲ ਜਾਹ ਪਰ੍ਹੇ, ਖਹਿੜਾ ਛੁੱਟਿਆ।’ ਮੈਂ ਮਨ ਹੀ ਮਨ ਕਿਹਾ। ਅਚਾਨਕ ਮੈਨੂੰ ਖ਼ਿਆਲ ਆਇਆ, ‘ਚੈਰੀ ਦਾ ਨਾਮ ਸੁਣਦੇ ਹੀ ਉਸਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ ਸੀ। ਉਹ ਪੈੱਗ ਖ਼ਤਮ ਕਰਕੇ ਬਾਹਰ ਆ ਗਿਆ। ਕਿਤੇ ਇਹ ਵੀ ਚੈਰੀ ਨੂੰ ਹੀ ਮਿਲਣ ਤਾਂ ਨਹੀਂ?’

ਮੈਂ ਜਲਦੀ ਨਾਲ ਟੈਕਸੀ ਫੜੀ ਤੇ ਜਹਾਜ਼ ਨੂੰ ਮੁੜ ਪਿਆ। ਸਾਰੇ ਰਾਹ ਮੈਂ ਇਹ ਦੋ ਨੰਬਰੀ ਕੇਸਾਂ ਤੇ ਏਜੰਟਾਂ ਬਾਰੇ ਸੋਚਦਾ ਰਿਹਾ। ਸੋਚੀ ਜਾਵਾਂ....ਸੋਚੀ ਜਾਵਾਂ ਕਿ ਇਹ ਏਜੰਟਾਂ ਦਾ ਜਾਲ, ਆਈਲੈਟ ਸੈਂਟਰਾਂ ਦੀ ਭਰਮਾਰ, ਪੰਜਾਬੀਆਂ ’ਚ ਹਰ ਹੀਲਾ ਵਰਤ ਕੇ ਬਾਹਰ ਜਾਣ ਦੀ ਦੌੜ, ਸਾਡੇ ਪੰਜਾਬ ਲਈ ਇਹ ਵਰ ਹੈ ਕਿ ਸਰਾਪ?

82/ਰੇਤ ਦੇ ਘਰ